ਬ੍ਰਿਟਿਸ਼ ਕੋਲੰਬੀਆ: ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੁਣ ਸਿੱਖ ਪਾੜ੍ਹਿਆਂ ਨੂੰ ਕਿੱਤਾ ਮੁਖੀ ਸਲਾਹ ਮਿਲਿਆ ਕਰੇਗੀ। ਵਰਲਡ ਸਿੱਖ ਆਗਰੇਨਾਈਜੇਸ਼ਨ (ਵ.ਸਿ.ਆ) ਆਫ ਕੈਨੇਡਾ ਵਲੋਂ “ਸਿੱਖ ਮੈਨਟਰਸ਼ਿਪ ਪ੍ਰੋਗਰਾਮ” ਨਾਮੀ ਇਕ ਉੱਦਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਿੱਖ ਪਾੜ੍ਹਿਆਂ ਦਾ ਸੰਪਰਕ ਸਿੱਖ ਉੱਦਮੀਆਂ, ਕਿੱਤਾਕਾਰੀਆਂ ਤੇ ਮਾਹਿਰਾਂ ਨਾਲ ਕਰਵਾਇਆ ਜਾਵੇਗਾ ਜੋ ਕਿ ਪਾੜ੍ਹਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਤੇ ਰੁਚੀ ਮੁਤਾਬਕ ਢੁਕਵਾਂ ਕਿੱਤਾ ਚੁਣਨ ਵਿਚ ਮਦਦ ਕਰਿਆ ਕਰਨਗੇ।
ਇਸ ਉੱਦਮ ਨੂੰ ਅੰਸ਼ਕ ਰੂਪ ਵਿਚ ਕਨੇਡਾ ਦੀ ਸਰਕਾਰ ਅਤੇ “ਟੇਕਿੰਗ.ਇਟ.ਗਲੋਬਲ” ਨਾਮੀ ਇਕ ਹੋਰ ਜਥੇਬੰਦੀ ਵਲੋਂ ਵੀ ਮਦਦ ਮਿਲ ਰਹੀ ਹੈ।
ਵ.ਸਿ.ਆ.(World Sikh Organisation) ਦੇ ਮੁਖੀ ਮੁਖਬੀਰ ਸਿੰਘ ਨੇ ਕਿਹਾ ਕਿ ਇਸ ਉੱਦਮ ਦਾ ਸਿੱਖ ਪਾੜ੍ਹਿਆਂ ਨੂੰ ਚੋਖਾ ਲਾਹਾ ਮਿਲੇਗਾ ਤੇ ਉਹ ਸਹੀ ਸਲਾਹ ਨਾਲ ਆਪਣੇ ਲਈ ਸਹੀ ਕਿੱਤਾ ਚੁਣ ਸਕਣਗੇ।