ਲੁਧਿਆਣਾ: ਗ੍ਰਿਫਤਾਰ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਅੱਜ (24 ਨਵੰਬਰ, 2017) ਪੇਸ਼ ਕੀਤਾ ਗਿਆ। ਜਗਤਾਰ ਸਿੰਘ ਜੱਗੀ ਨੂੰ ਐਫ.ਆਈ.ਆਰ. ਨੰ: 218/17 (ਥਾਣਾ ਸਲੇਮ ਟਾਬਰੀ) ਜਦਕਿ ਜਿੰਮੀ ਸਿੰਘ ਨੂੰ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) ‘ਚ ਪੇਸ਼ ਕੀਤਾ ਗਿਆ।
ਜਗਤਾਰ ਸਿੰਘ ਜੱਗੀ ਨੂੰ ਪਾਦਰੀ ਸੁਲਤਾਨ ਮਸੀਹ ਦੇ ਕਤਲ ਕੇਸ (ਐਫ.ਆਈ.ਆਰ. ਨੰ: 218/17) ਅਤੇ ਜਿੰਮੀ ਸਿੰਘ ਨੂੰ ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੇ ਕਤਲ ਕੇਸ (ਮੁਕੱਦਮਾ ਨੰ: 6/17) ‘ਚ ਪੇਸ਼ ਕੀਤਾ ਗਿਆ। ਜਿਸ ਵਿਚ ਅਦਾਲਤ ਨੇ ਦੋਵਾਂ ਦਾ 4 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ।
ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਪੇਸ਼ ਕਰਨ ਮੌਕੇ ਬਰਤਾਨੀਆ ਦੇ ਹਾਈ ਕਮਿਸ਼ਨ ਤੋਂ ਡਿਪਟੀ ਹਾਈ ਕਮਿਸ਼ਨਰ ਮਿਸਟਰ ਐਂਡਰਿਊ ਐਰੀ ਦੀ ਅਗਵਾਈ ‘ਚ 3 ਮੈਂਬਰੀ ਟੀਮ ਅਦਾਲਤ ‘ਚ ਮੌਜੂਦ ਸੀ।
ਜਗਤਾਰ ਸਿੰਘ ਜੱਗੀ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਅਦਾਲਤ ਨੇ ਜਗਤਾਰ ਸਿੰਘ ਜੱਗੀ ਨੂੰ ਪੁੱਛਿਆ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਜੱਗੀ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਸ ਦੀ ਇਨ੍ਹਾਂ ਮੁਕੱਦਮਿਆਂ ‘ਚ ਕੋਈ ਸ਼ਮੂਲੀਅਤ ਨਹੀਂ ਹੈ। ਜੱਗੀ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਉਹ ਬਰਤਾਨਵੀ ਹਾਈ ਕਮਿਸ਼ਨ ਨੂੰ ਇਕੱਲੇ ਵਿਚ ਮਿਲਣਾ ਚਾਹੁੰਦਾ ਹੈ।
ਸਬੰਧਤ ਖ਼ਬਰ:
ਅਮਰਿੰਦਰ ਨੇ ਜੱਗੀ ‘ਤੇ ਤਸ਼ੱਦਦ ਦਾ ਕੀਤਾ ਖੰਡਨ, ਵਕੀਲ ਨੇ ਦਿੱਤਾ ਮੁੱਖਮੰਤਰੀ ਦੇ ਬਿਆਨ ਨੂੰ ਝੂਠ ਕਰਾਰ …
ਅਦਾਲਤ ਵਲੋਂ ਪੁੱਛੇ ਜਾਣ ‘ਤੇ ਬਰਤਾਨਵੀ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਇਥੇ ਮੌਜੂਦਗੀ ਦਾ ਮਕਸਦ ਜਾਂਚ ਜਾਂ ਅਦਾਲਤੀ ਕਾਰਵਾਈ ‘ਚ ਕਿਸੇ ਵੀ ਕਿਸਮ ਦੀ ਰੁਕਾਵਤ ਪਾਉਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਦਾਲਤ ਇਜਾਜ਼ਤ ਦੇਵੇ ਤਾਂ ਉਹ ਜਗਤਾਰ ਸਿੰਘ ਜੌਹਲ ਨੂੰ ਮਿਲਣ ਲਈ ਤਿਆਰ ਹਨ।
ਅਦਾਲਤ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਲਿਖਤੀ ਹੁਕਮ ਦਿੱਤਾ ਕਿ ਪੁਲਿਸ ਜਗਤਾਰ ਸਿੰਘ ਜੱਗੀ ਨੂੰ ਬਰਤਾਨਵੀ ਹਾਈ ਕਮਿਸ਼ਨ ਨਾਲ ਅੱਜ (24 ਨਵੰਬਰ, 2017) ਸ਼ਾਮ 6 ਤੋਂ 7 ਵਜੇ ਤਕ ਇਕੱਲੇ ਵਿਚ ਮਿਲਣ ਦੇਵੇ। ਅਦਾਲਤ ਵਲੋਂ ਦਿੱਤੇ ਗਏ ਹੁਕਮ ਦੀ ਨਕਲ ਜਗਤਾਰ ਸਿੰਘ ਜੱਗੀ ਨੂੰ ਅਦਾਲਤ ‘ਚ ਪੇਸ਼ ਕਰਨ ਆਈ ਪੁਲਿਸ ਟੀਮ ਦੀ ਅਗਵਾਈ ਕਰਨ ਵਾਲੇ ਏ.ਸੀ.ਪੀ. ਮਨਿੰਦਰ ਸਿੰਘ ਬੇਦੀ ਨੂੰ ਵੀ ਦਿੱਤੀ ਗਈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: