ਚੰਡੀਗੜ੍ਹ – ਪੰਜਾਬ ਭਰ ਵਿਚ ਬੀਤੇ ਦਿਨ ਤੋਂ ਹੋ ਰਹੀਆਂ ਗ੍ਰਿਫਤਾਰੀਆਂ ਤੇ ਛਾਪੇਮਾਰੀ ਦੇ ਮੱਦੇਨਜ਼ਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਅੱਜ 27 ਮਾਰਚ 2023 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਪੰਥਕ ਇਕੱਤਰਤਾ ਰੱਖੀ ਗਈ। ਇਸ ਦੇ ਸਬੰਧ ਵਿਚ ਦਲ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਾਰਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਗਈ ਹੈ।
ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਪੰਥਕ ਸਖਸ਼ੀਅਤਾਂ ਵੱਲੋਂ ਵੀ ਇੱਕ ਸਾਂਝਾ ਬਿਆਨ ਕੀਤਾ ਗਿਆ ਸੀ ਜਿਸ ਵਿਚ ਪੰਥਕ ਸਖਸ਼ੀਅਤਾਂ ਨੇ ਆਖਿਆ ਸੀ ਕਿ – “ਬੇਸ਼ੱਕ ਇਹ ਬਿਪਤਾ ਦਾ ਸਮਾਂ ਹੈ ਤੇ ਸਾਂਝੀ ਵਿਓਂਤਬੰਦੀ ਤੇ ਕਾਰਵਾਈ ਦੀ ਲੋੜ ਵੀ ਹੈ ਪਰ ਪੰਜਾਬ ਵਿਚ ਦਿੱਲੀ ਦਰਬਾਰ ਦੀਆਂ ਫੋਰਸਾਂ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁਧ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਦੀ ਇਕੱਤਰਤਾ ਬੜੇ ਵੱਡੇ ਦਵੰਧ ਦਾ ਪ੍ਰਗਟਾਵਾ ਹੈ ਕਿਉਂਕਿ ਉਹ ਖੁਦ ਇਹਨਾ ਫੋਰਸਾਂ ਦੇ ਦਸਤਿਆਂ ਦੀ ਸੁਰੱਖਿਆ ਹੇਠ ਹੀ ਹਨ। ਆਪ ਦਿੱਲੀ ਦਰਬਾਰ ਦੀਆਂ ਫੋਰਸਾਂ ਦੀ ਸੁਰੱਖਿਆ ਵਿਚ ਬੈਠ ਕੇ ਉਹਨਾ ਫੋਰਸਾਂ ਵੱਲੋਂ ਸਿੱਖ ਨੌਜਵਾਨਾਂ ਵਿਰੁਧ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁਧ ਇਕੱਤਰਤਾ ਕਰਨ ਦਾ ਸੱਦਾ ਦੇਣਾ ਸਮੁੱਚੀ ਕਾਰਵਾਈ ਨੂੰ ਹੀ ਸਿਧਾਂਤਕ ਤੇ ਨੈਤਿਕ ਸਵਾਲਾਂ ਦੇ ਘੇਰੇ ਵਿਚ ਲਿਆਉਂਦਾ ਹੈ ਤੇ ਗੈਰਵਾਜਿਬ ਬਣਾਉਂਦਾ ਹੈ”।
ਦਲ ਖਾਲਸਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੀ ਗਈ ਚਿੱਠੀ
ਗਿਆਨੀ ਹਰਪ੍ਰੀਤ ਸਿੰਘ ਜੀਂ,
ਕਾਰਜਕਾਰੀ ਜਥੇਦਾਰ,
ਅਕਾਲ ਤਖਤ ਸਾਹਿਬ
ਵਾਹਿਗੁਰੂ ਜੀ ਕਾ ਖ਼ਾਲਸਾ ।।
ਵਾਹਿਗੁਰੂ ਜੀ ਕੀ ਫ਼ਤਿਹ ।।
ਅਕਾਲ ਤਖਤ ਸਾਹਿਬ ‘ਤੇ ਕੌਮੀ ਫ਼ੈਸਲੇ ਅਤੇ ਗੁਰਮਤੇ ਕਰਨ ਦੇ ਵਿਧੀ-ਵਿਧਾਨ, ਨਿਯਮ ਅਤੇ ਸਿਸਟਮ ਦੀ ਅਣਹੋਂਦ ਕਾਰਨ ਸਿੱਖ ਕੌਮ ਨੂੰ ਬਾਰ-ਬਾਰ ਨਾਮੋਸ਼ੀ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਡਾ ਇਹ ਗਿਲਾ ਹੈ ਕਿ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਮੌਕੇ ਆਪ ਜੀ ਨੇ ਦੋ ਵਾਰ ਕੌਮੀ ਜ਼ੁੰਮੇਵਾਰੀ ਨਿਭਾਉਣ ਵਿੱਚ ਢਿੱਲ ਦਿਖਾਈ ਹੈ। ਸਾਡੀ ਨਜ਼ਰ ਵਿੱਚ ਸਮਾਂ ਲੰਘਾ ਕੇ ਕੀਤੇ ਫ਼ੈਸਲੇ ਖ਼ਾਨਾ-ਪੂਰਤੀ ਤੋਂ ਵੱਧ ਕੋਈ ਅਰਥ ਅਤੇ ਅਸਰ ਨਹੀਂ ਰੱਖਦੇ।
ਬੀਤੇ ਦਿਨੀਂ ਆਪ ਜੀ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਦੀ ਕੀਤੀ ਨਸੀਹਤ ਜਥੇਦਾਰ ਦੀ ਪਦਵੀ ਦੇ ਅਨੁਕੂਲ ਨਹੀਂ ਹੈ। ਸਿੱਖ ਦ੍ਰਿਸ਼ਟੀਕੋਣ ਤੋਂ ਅਕਾਲ ਤਖਤ ਦੇ ਜਥੇਦਾਰ ਦੇ ਇਹ ਸਰੋਕਾਰ ਨਹੀਂ ਹਨ। ਆਪ ਦੇ ਅਧਿਕਾਰ-ਖੇਤਰ ਅਤੇ ਕਾਰਜ-ਖੇਤਰ ਵਿੱਚ ਮਰਯਾਦਾ, ਰਵਾਇਤਾਂ, ਅਤੇ ਸਿਧਾਂਤਾਂ ਦੀ ਪਹਿਰੇਦਾਰੀ ਆਉਂਦੀ ਹੈ ਨਾ ਕਿ ਕਾਨੂੰਨ-ਵਿਵਸਥਾ ਦੀ!
ਸਿੱਖ ਫ਼ਲਸਫ਼ੇ ਅਨੁਸਾਰ ਅਕਾਲ ਤਖਤ ਨੇ ਸਰਕਾਰ ਦੇ ਜ਼ੁਲਮਾਂ ਦੇ ਸਤਾਏ ਮਜ਼ਲੂਮ ਦੀ ਹਰ ਪੱਖ ਤੋਂ ਹਿਫ਼ਾਜ਼ਤ ਕਰਨੀ ਅਤੇ ਕੌਮ ਨੂੰ ਸਮੂਹਿਕ ਰੂਪ ਵਿੱਚ ਸਿੱਖੀ ਸਿਧਾਂਤ, ਰਵਾਇਤਾਂ ਤੇ ਫ਼ਲਸਫ਼ੇ ਦੀ ਰੌਸ਼ਨੀ ਵਿਚ ਸੇਧ ਅਤੇ ਦਿਸ਼ਾ ਦੇਣੀ ਹੁੰਦੀ ਹੈ।
ਜਥੇਦਾਰ ਦੀ ਪਦਵੀ ‘ਤੇ ਸੇਵਾ ਨਿਭਾ ਰਹੀ ਸ਼ਖ਼ਸੀਅਤ ਦੇ ਕਹੇ ਇੱਕ-ਇੱਕ ਲਫ਼ਜ਼ ਸਰਕਾਰਾਂ ਦੇ ਨਾਲ-ਨਾਲ ਹਰ ਆਮ-ਖ਼ਾਸ ਸਿੱਖ ਉਤੇ ਪ੍ਰਭਾਵ ਪਾਉਣ ਵਾਲੇ ਹੋਣੇ ਚਾਹੀਦੇ ਹਨ। ਪਰ ਅਫ਼ਸੋਸ ਕਿ ਜਥੇਦਾਰ ਦੇ ਰੁਤਬੇ ਵਿੱਚੋਂ ਝਲਕਣ ਵਾਲੀ ਕਮਾਂਡ ਅਤੇ ਸਿਧਾਂਤਕ ਸਪਸ਼ਟਤਾ ਆਪ ਦੇ ਸ਼ਬਦਾਂ ਅਤੇ ਅਮਲਾਂ ਵਿੱਚੋਂ ਮਨਫੀ ਹਨ।
23 ਫ਼ਰਵਰੀ ਨੂੰ ਅਜਨਾਲਾ ਵਿਖੇ ਵਾਪਰੀ ਅਫ਼ਸੋਸਨਾਕ ਘਟਨਾ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਲੈ ਕੇ ਜਾਣ ਕਾਰਨ ਜਦੋਂ ਪੰਥ ਅੰਦਰ ਮਰਯਾਦਾ ਨੂੰ ਲੈਕੇ ਮਸਲਾ ਉੱਠਿਆ ਤਾਂ ਸਪਸ਼ਟ ਤੌਰ ‘ਤੇ ਸਿਧਾਂਤਕ ਸਟੈਂਡ ਲੈਣ ਦੀ ਬਜਾਏ ਆਪ ਜੀ ਨੇ ਪੰਦਰਾਂ ਸ਼ਖ਼ਸੀਅਤਾਂ ਦੇ ਮੋਢੇ ਉਤੇ ਜ਼ੁਮੇਵਾਰੀ ਸੁੱਟ ਦਿੱਤੀ ਜਦਕਿ ਇਹ ਮਸਲਾ ਆਪ ਦੇ ਆਪਣੇ ਅਧਿਕਾਰ-ਖੇਤਰ ਵਿੱਚ ਆਉਂਦਾ ਸੀ ਅਤੇ ਹੈ। ਉਸ ਪੰਦਰਾਂ ਮੈਂਬਰੀ ਕਮੇਟੀ ਦੀ ਰਿਪੋਰਟ ਅੱਜ ਤੱਕ ਸੰਗਤ ਸਾਹਮਣੇ ਨਹੀਂ ਰੱਖੀ ਗਈ। ਆਪ ਉਸ ਮੌਕੇ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣ ਵਿੱਚ ਖੁੰਝ ਗਏ।
ਪਿਛਲੇ 6 ਦਿਨਾਂ ਤੋਂ ਪੁਲਿਸ ਵਲੋ ਸਿੱਖ ਨੌਜਵਾਨਾਂ ਵਿਰੁੱਧ ਚਲ ਰਹੇ ਦਮਨ ਚੱਕਰ ਖਿਲਾਫ ਆਪ ਦਾ ਬਿਆਨ ਆਇਆ, ਉਸ ਨਾਲ ਪੀੜਤ ਲੋਕਾਂ ਨੂੰ ਧਰਵਾਸ ਮਿਲੀ।
ਪਰ ਭਗਵੰਤ ਮਾਨ ਸਰਕਾਰ ਵਲੋ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਨੌਜਵਾਨਾਂ ਦੇ ਸ਼ਿਕਾਰ ਵਿਰੁੱਧ ਅਕਾਲ ਤਖਤ ਸਾਹਿਬ ਵੱਲੋਂ ਮੌਕੇ ਸਿਰ ਸਖ਼ਤ ਤੇ ਸਪਸ਼ਟ ਐਕਸ਼ਨ ਪ੍ਰੋਗਰਾਮ ਦੇਣ ਦੀ ਬਜਾਏ ਆਪ ਨੇ ਦੱਸ ਦਿਨਾਂ ਦੇ ਵਕਫ਼ੇ ਬਾਅਦ 27 ਤਾਰੀਕ ਨੂੰ ਪੰਥਕ ਨੁਮਾਇੰਦਿਆਂ ਦੀ ਵਿਸ਼ੇਸ਼ ਇਕੱਤਰਤਾ ਬੁਲਾ ਲਈ ਹੈ। ਫਿਰ ਇਕ ਵਾਰ ਆਪ ਨੇ ਆਪਣੀ ਜਿੰਮੇਵਾਰੀ ਕਲ ਦੀ ਮੀਟਿੰਗ ਵਿੱਚ ਸੱਦੇ 60-70 ਸ਼ਖ਼ਸੀਅਤਾਂ ਦੇ ਮੋਢੇ ਉਤੇ ਸੁੱਟ ਦਿੱਤੀ ਹੈ।
ਜੇਕਰ ਸਮੇ ਸਿਰ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਸਰਕਾਰ ਨੂੰ ਤਾੜਨਾ ਤੇ ਅਲਟੀਮੇਟਮ ਦਿੱਤਾ ਹੁੰਦਾ ਤਾਂ ਸ਼ਾਇਦ 27 ਤਾਰੀਕ ਦੀ ਮੀਟਿੰਗ ਸੱਦਣ ਦੀ ਲੋੜ ਹੀ ਨਾ ਪੈਂਦੀ! ਆਪ ਜੀ ਦੂਜੀ ਵਾਰ ਸਹੀਂ ਸਮੇ ‘ਤੇ ਦ੍ਰਿੜਤਾ ਭਰਿਆ ਫੈਸਲਾ ਲੈਣ ਵਿੱਚ ਖੁੰਝ ਗਏ।
ਦਲ ਖਾਲਸਾ ਦੀ ਆਪ ਵਲੋ ਦਿੱਤੇ ਤਰਕ ਨਾਲ ਵੀ ਅਸਹਿਮਤੀ ਹੈ ਕਿ 27 ਦੀ ਮੀਟਿੰਗ ਵਿੱਚ ਰਾਜਸੀ ਆਗੂਆਂ ਨੂੰ ਨਹੀਂ ਬੁਲਾਇਆ ਗਿਆ ਅਤੇ ਫੈਸਲਾ ਕੇਵਲ ਸਿੱਖ ਵਿਦਵਾਨ ਅਤੇ ਧਾਰਮਿਕ ਵਿਅਕਤੀ ਹੀ ਕਰਨਗੇ। ਇਹ ਕੌਮ ਦੀ ਤ੍ਰਾਸਦੀ ਹੀ ਆਖ ਸਕਦੇ ਹਾਂ ਕਿ ਤਖਤ ਹੋਵੇ ਮੀਰੀ-ਪੀਰੀ ਦਾ, ਹਮਲਾਵਰ ਧਿਰ ( ਕੇਂਦਰ ਤੇ ਸੂਬਾ ਸਰਕਾਰ) ਹੋਵੇ ਰਾਜਨੀਤਿਕ, ਗ੍ਰਿਫਤਾਰ ਨੌਜਵਾਨ ਹੋਣ ਰਾਜਸੀ ਜਥੇਬੰਦੀਆਂ ਦੇ ਕਾਰਜ-ਕਰਤਾ, ਪਰ ਫੈਸਲਾ ਕਰਨਗੇ ਵਿਦਵਾਨ ਅਤੇ ਧਾਰਮਿਕ ਵਿਅਕਤੀ!
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਔਖੇ ਅਤੇ ਮੁਸ਼ਕਲ ਸਮਿਆਂ ਵਿੱਚ ਅਕਾਲ ਤਖਤ ‘ਤੇ ਸੇਵਾ ਨਿਭਾ ਰਹੇ ਜਥੇਦਾਰ ਤੋਂ ਕੌਮ ਨੂੰ ਬਹੁਤ ਆਸਾਂ-ਉਮੀਦਾਂ ਹੁੰਦੀਆਂ ਹਨ ਤੇ ਇਹਨਾਂ ਆਸਾਂ ‘ਤੇ ਪੂਰਾ ਉਤਰਨਾ ਜਥੇਦਾਰ ਦੇ ਫਰਜ਼ਾਂ ਵਿੱਚ ਸ਼ੁਮਾਰ ਹੁੰਦਾ ਹੈ। ਜਥੇਦਾਰ ਸਾਹਿਬ, 27 ਦੀ ਮੀਟਿੰਗ ਵਿੱਚ ਭਵਿੱਖ ਲਈ ਐਮਰਜੰਸੀ ਹਾਲਾਤਾਂ ਵਿੱਚ ਹਕੂਮਤਾਂ ਨਾਲ ਨਜਿੱਠਣ ਲਈ ਅਕਾਲ ਤਖਤ ਵੱਲੋਂ ਪ੍ਰਵਾਣਿਤ ਸਿਸਟਮ ਸਥਾਪਿਤ ਕਰਨ ਦਾ ਸੁਝਾਅ ਦੇਂਦੇ ਹਾਂ । ਇਹ ਸਿਸਟਮ ਸਥਾਈ ਹੋਵੇ ਅਤੇ ਇਸ ਵਿੱਚ ਸ਼ਾਮਿਲ ਵਿਅਕਤੀ 24/7 ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਅਤੇ ਸਿਧਾਂਤ ਨੂੰ ਸਮਰਪਿਤ ਹੋਣ।
ਮੌਜੂਦਾ ਸਮੇ ਅੰਦਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਖ਼ਿਲਾਫ਼ ਚਲ ਰਹੇ ਦਮਨ ਚੱਕਰ ਨੂੰ ਰੋਕਣ ਲਈ 27 ਦੀ ਮੀਟਿੰਗ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਵੇ ਕਿ 24 ਘੰਟਿਆਂ ਅੰਦਰ ਪੰਜਾਬ ਅੰਦਰ ਗ੍ਰਿਫਤਾਰ ਸਾਰੇ ਨੌਜਵਾਨ ਰਿਹਾਅ ਕੀਤੇ ਜਾਣ ਅਤੇ ਅਸਾਮ ਦੀ ਦਿਬੜੂਗੜ ਜੇਲ ਵਿੱਚ ਕੈਦ 7 ਸਿੱਖ ਨਜ਼ਰਬੰਦੀਆਂ ਤੋਂ ਐਨ.ਐਸ.ਏ ਹਟਾਈ ਜਾਵੇ ਅਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਵਾਪਿਸ ਸ਼ਿਫ਼ਟ ਕੀਤਾ ਜਾਵੇ ।
ਖ਼ਾਲਸਾ ਪੰਥ ਦੇ ਉਜਲੇ ਭਵਿੱਖ ਦੀ ਆਸ ਅਤੇ ਰਾਜ ਕਰੇਗਾ ਖ਼ਾਲਸਾ ਦੀ ਅਰਦਾਸ:
ਭੁੱਲ ਚੁੱਕ ਦੀ ਖਿਮਾ
ਦਲ ਖ਼ਾਲਸਾ