ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਇਹ ਗਲਤ ਕਾਰਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਪਰਦੇ ਪਿਛੇ ਰਹਿਕੇ ਕਰਵਾਇਆ ਹੈ।

ਦੋਨਾਂ ਜਥੇਬੰਦੀਆਂ ਦੇ ਆਗੂਆਂ ਕੰਵਰਪਾਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਕਹਿਣ ਉਤੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਮੈਂਬਰਾਂ ਨੇ ਇਹ ਬਜਰ ਗਲਤੀ ਕਰ ਕੇ ਪੰਥਕ ਭਾਵਨਾਵਾਂ ਦੀ ਬੇਕਦਰੀ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਇਸ ਗਲਤਫਹਿਮੀ ਵਿੱਚ ਹਨ ਕਿ ਪੰਜ ਪਿਆਰਿਆਂ ਦੀ ਤਾਕਤ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਨੌਕਰੀ ਵਿੱਚ ਹੈ।
ਉਹਨਾਂ ਕਿਹਾ ਕਿ ਪੰਜ ਪਿਆਰਿਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਦਾਗੀ ਜਥੇਦਾਰਾਂ ਨੂੰ ਹਟਾਉਣ ਦੇ ਆਦੇਸ਼ ਪਿਛੇ ਅਸਲ ਅਤੇ ਨੈਤਿਕ ਤਾਕਤ ਸਿੱਖ ਫਤਵੇ ਦਾ ਉਹਨਾਂ (ਪੰਜ ਪਿਆਰਿਆਂ) ਦੇ ਹੱਕ ਵਿੱਚ ਹੋਣਾ ਹੈ। ਉਹਨਾਂ ਕਿਹਾ ਸਿਧਾਂਤਕ ਤੌਰ ਉਤੇ ਪੰਜ ਪਿਆਰੇ ਸਹੀ ਰਾਹ ਉਤੇ ਹਨ ਅਤੇ ਇਸ ਸੰਦਰਭ ਵਿੱਚ ਉਹਨਾਂ ਦੀ ਬਰਖਾਸਤਗੀ ਕੋਈ ਅਰਥ ਨਹੀਂ ਰੱਖਦੀ ਹੈ।
ਦੋਨਾਂ ਆਗੂਆਂ ਨੇ ਕਿਹਾ ਕਿ ਉਹ ਭਲਕੇ ਪੰਜ ਪਿਆਰਿਆਂ ਵਲੋਂ ਕੌਮ ਦੇ ਨਾਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਦੀ ਉਡੀਕ ਕਰਨਗੇ।