ਸਿਆਟਲ (4 ਮਾਰਚ, 2016): ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਚਲੱ ਰਹੀ ਨਸਲੀ ਨਫਰਤ ਦੀ ਹਨੇਰੀ ਰੁਕਣ ਦਾ ਨਾਂਅ ਨਹੀ ਲੈ ਰਹੀ। ਆਏ ਦਿਨ ਨਾਲ ਸਬੰਧਿਤ ਨਸਲੀ ਹਮਲੇ ਅਤੇ ਘਟਨਾਵਾਂ ਹੋਣ ਦੀਆਂ ਖਬਰਾਂ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ।
ਕੱਲ ਹੀ ਆਸਟਰੇਲੀਆ ਵਿੱਚ ਇੱਕ ਸਿੱਖ ਬੱਚੇ ‘ਤੇ ਨਸਲੀ ਹਮਲਾ ਕਰਕੇ ਉਸਦੀ ਦਸਤਾਰ ਲਾਹੁਣ ਦੀਆਂ ਖਬਰਾਂ ਛਪੀਆਂ ਸਨ ਅਤੇ ਹੁਣ ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਅੰਦਰ ਭੰਨਤੋੜ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਨਿਰਾਦਰੀ ਕਰਨ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ।

ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਸਪੋਕੇਨ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਗੋਰੇ ਨੇ ਪਵਿੱਤਰ ਵਸਤਾਂ ਦਾ ਨਿਰਾਦਰ ਕੀਤਾ । ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਦੋਂ 44 ਸਾਲਾ ਜੈਫਰੀ ਸੀ ਪਿਟਮੈਨ ਨਾਂਅ ਦਾ ਇਕ ਗੋਰਾ ਸਪੋਕੇਨ ਵਿਚ ਗੁਰਦੁਆਰੇ ਦੇ ਅੰਦਰ ਦਾਖਲ ਹੋ ਗਿਆ।
ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ ਇਸ ਦੋਸ਼ੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਅਤੇ ਸੁਖ ਆਸਨ ਵਾਲੇ ਕਮਰੇ ਦੀ ਬੁਰੀ ਤਰਾਂ ਭੰਨ ਤੋੜ ਕੀਤੀ।
ਪ੍ਰਬੰਧਕਾਂ ਨੇ ਭਾਂਵੇ ਦੋਸ਼ੀ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਪਰ ਉਸਨਾ ਕੋਈ ਮਾੜਾ ਵਿਹਾਰ ਨਹੀਂ ਕੀਤਾ, ਸਗੋ ਉਸ ਨੂੰ ਲੰਗਰ ਅਤੇ ਚਾਹ ਪੀਣ ਨੂੰ ਦਿੱਤੀ ਗਈ ਅਤੇ ਪੁਲਿਸ ਦੇ ਆਉਣ ‘ਤੇ ਉਸਨੂੰ ਪੁਲਿਸ ਹਾਵਲੇ ਕਰ ਦਿੱਤਾ।
ਇਸ ਖ਼ਬਰ ਨੂੰ ਵਿਸਤਾਰ ਸਾਹਿਤ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Spokane’s Gurudwara vandalized, Sri Guru Granth Sahib Ji desecrated
ਪਿਟਮੈਨ ਦੇ ਕਾਰੇ ਨਾਲ ਲੱਗਭੱਗ 50 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ। ਗੁਰਦੁਆਰੇ ਦੇ ਗ੍ਰੰਥੀ ਗੁਰਵੰਤ ਸਿੰਘ ਔਜਲਾ ਨੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਅਤੇ ਇਕ ਹੋਰ ਵਿਅਕਤੀ ਨੇ ਮਿਲ ਕੇ ਪਿਟਮੈਨ ਨੂੰ ਕਾਬੂ ਕਰ ਲਿਆ ਸੀ।
ਸਪੋਕੇਨ ਦੇ ਪੁਲਿਸ ਅਧਿਕਾਰੀਆਂ ਤੇ ਮੇਅਰ ਨੇ ਦੱਸਿਆ ਕਿ ਪਿਟਮੈਨ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਸਮੇਂ ਉਹ ਨਿਰਵਸਤਰ ਸੀ ਅਤੇ ਕ੍ਰਿਪਾਨ ਲੈ ਕੇ ਘੁੰਮਰਿਹਾ ਸੀ। ਉਸ ਨੇ ਗੁਰਦੁਆਰੇ ਦੀਆਂ ਪਵਿੱਤਰ ਵਸਤਾਂ ਦੀ ਬੇਅਦਬੀ ਕੀਤੀ ਅਤੇ ਭੰਨਤੋੜ ਕੀਤੀ। ਸਿਆਟਲ ਗਲੋਬਲਿਸਟ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਪਿਟਮੈਨ ਖਿਲਾਫ ਸੰਨ੍ਹ ਲਾਉਣ, ਬਦਨੀਤੀ ਨਾਲ ਸ਼ਰਾਰਤ ਕਰਨ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।
ਇਸ ਜੁਰਮ ਨੂੰ ਅਮਰੀਕਾ ਦੇ ਸੰਵਿਧਾਨ ਵਿਚ ਨਸਲੀ ਅਪਰਾਧ ਮੰਨਿਆਂ ਜਾਂਦਾ ਹੈ। ਸਪੋਕੇਨ ਦੇ ਸ਼ੈਰਿਫ ਓਜ਼ੀ ਨੇਜ਼ੋਵਿਕ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਸੇ ਵਲੋਂ ਧਰਮ ਨਾਲ ਸਬੰਧਤ ਕੀਤੇ ਗਏ ਅਪਰਾਧ ਦੀ ਪਹਿਲ ਦੇ ਆਧਾਰ ‘ਤੇ ਮੁਕੰਮਲ ਜਾਂਚ ਕੀਤੀ ਜਾਵੇਗੀ। ਥੋੜੀ ਜੱਦੋਜਹਿਦ ਪਿੱਛੋਂ ਪਿਟਮੈਨ ਨੂੰ ਕਾਬੂ ਕਰ ਲਿਆ ਗਿਆ।