ਸਾਕਾ
ਮੈਂ ਤੂੰ ਅਸੀਂ ਕੌਣ?
ਅਕਲ ਸ਼ਕਲ ਬੋਲ ਚਾਲ
ਕੁਲ ਜੋੜ ਸ਼ਾਇਦ॥
ਵਕਤ ਦਰਸ਼ਨ ਸੱਤਾ
ਰੰਗ ਚਾਹ ਤਲਬ
ਉਸਰਦੇ ਢਹਿੰਦੇ ਭੌਣ॥
ਬਿਰਤਾਂਤ ਬਿੰਬ ਸਮਝ
ਅਵਾਰਾ ਪਰਛਾਵੇਂ
ਧੂੜਾਂ ਦੇ ਆਕਾਰ॥
ਫ਼ੈਰੋਂ ਸੀਜ਼ਰ ਜ਼ਾਰ
ਮੋਈ ਵਸਤ ਦੇ ਸੌਦੇ
ਕੂੜੇ ਵਾਪਾਰ॥
ਮੁਲਕਾਂ ਦੀ ਫ਼ਤਹਿ
ਤਾਰੀਖ਼ਾਂ ਉੱਤੇ ਡਿੱਗੇ
ਖ਼ੂਨ ਦੇ ਛਿੱਟੇ॥
ਧੂੰਏ ਦੇ ਸਿਕੰਦਰ
ਖ਼ਾਲੀ ਹੱਥਾਂ ਵਾਲੇ
ਮਹਾਨ ਖ਼ੁਸ਼ਕ ਬੱਦਲ॥
ਹਵਸ ਦੇ ਵਹਿਣ ਤੇ
ਜ਼ਬਰ ਦੇ ਸੰਦ ਜੰਮਣ
ਸੁੰਨ ਤੇ ਧੁੰਦੂਕਾਰ॥
ਕੂੜੇ ਭਾਰ ਹੇਠ ਸੁੰਗੜੇ
ਅਨੰਤ ਪਸਾਰੇ ਤਿਲ ਹੋਵਣ
ਮਾਨੋ ਬਲੈਕ ਹੋਲ॥
ਬੇਗਰਜ ਬੇਰਾਗ
ਸਹਿਜੇ ਯੁਗ ਬਦਲਣ
ਨਿਰਭਉ ਨਿਰਵੈਰ ਸਾਕੇ॥
ਇਕੋ ਪਲ ਫੁਟੇ
ਰੂਪ ਰਸ ਦਿਸ਼ਾ ਬਿਬੇਕ
ਨਿਰਾ ਬਿਗ ਬੈਂਗ॥
ਸਲੀਬ ਤਵੀ ਤਲਵਾਰ
ਕੁਲ ਜ਼ਬਰ ਸੰਦ
ਪਾਕ ਹੋਏ॥
ਪਾਰਸ ਛੋਹੋਂ
ਸਰਬ ਧਾਤ ਕੁੰਦਨ
ਮੋਏ ਜੀਅ ਉੱਠੇ॥
ਆਤਮ ਦੇਸ ਦੀ
ਤ੍ਰਿਪਤੀ ’ਚੋਂ ਮੌਲੇ
ਨਵੇਂ ਵਕਤ ਬਿੰਬ ਸਮਝ॥
ਮਜਹਬ ਕੌਮ ਦੇਸੋਂ ਪਾਰ
ਕਾਇਨਾਤ ਘੜਨ
ਸਾਬਰ ਸਾਦਕ ਸ਼ਹੀਦ॥
ਹਰਦੇਵ ਸਿੰਘ