Site icon Sikh Siyasat News

ਵਿਸ਼ਵ ਸਿੱਖ ਸੰਸਥਾ ਵਲੋਂ ਕਾਮਾਗਾਟਾਮਾਰੂ ਸਬੰਧੀ ਮੁਆਫੀ ਦਾ ਸਵਾਗਤ; ਸਲੇਬਸ ਵਿਚ ਸ਼ਾਮਲ ਕਰਨ ਦੀ ਮੰਗ

ਕਾਮਾਗਾਟਾਮਾਰੂ ਦੇ ਯਾਤਰੀ

ਅੋਟਾਵਾ: ਵਿਸ਼ਵ ਸਿੱਖ ਸੰਸਥਾ, ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਵਲੋਂ, ਕਾਮਾਗਾਟਾ ਮਾਰੂ ਸਬੰਧੀ ਮੁਆਫ਼ੀ ਦਾ ਸੁਆਗਤ ਕਰਦੀ ਹੈ। ਇਹ 1914 ਵਿਚ, ਕਨੇਡਾ ਸਰਕਾਰ ਵੱਲੋਂ ਕਾਮਾਗਾਟੂ ਮਾਰੂ ਜਹਾਜ ਦੇ ਯਾਤਰੂਆਂ ਨੂੰ ਕਨੇਡਾ ‘ਚ ਦਾਖਲ ਹੋਣ ਤੇ ਪਾਬੰਦੀ ਦੇ ਸਬੰਧ ਵਿਚ ਸੀ। ਇਸ ਸਮੁੰਦਰੀ ਜਹਾਜ ਨੂੰ, ਜਿਸ ਦੇ 376 ਯਾਤਰੂਆਂ ਵਿਚ ਬਹੁਤੇ ਪੰਜਾਬੀ ਸਿੱਖ ਸਨ, ਵੈਨਕੂਵਰ ਪੋਰਟ ਤੇ ਦਾਖਲੇ ਤੇ ਪਾਬੰਦੀ ਲਾਈ ਗਈ ਸੀ ‘ਤੇ ਦੋ ਮਹੀਨੇ ਸਮੁੰਦਰ ਵਿਚ ਹੀ ਰੋਕਣ ਤੋਂ ਬਾਅਦ, ਭਾਰਤ ਵਾਪਸ ਮੋੜ ਦਿਤਾ ਗਿਆ ਸੀ।

ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਮੁਖਬੀਰ ਸਿੰਘ (ਫਾਈਲ ਫੋਟੋ)

ਵਿਸ਼ਵ ਸਿੱਖ ਸੰਸਥਾ ਨੇ ਕਨੇਡਾ ਦੇ ਸਾਰੇ ਸੂਬਿਆਂ ਦੇ ਵਿਦਿਆ ਮੰਤਰੀਆਂ ਅਗੇ ਪੇਸ਼ਕਸ਼ ਕੀਤੀ ਹੈ ਕਿ ਕਾਮਾਗਾਟਾ ਮਾਰੂ ਦੀ ਤ੍ਰਾਸਦੀ ਅਤੇ ਇਸ ਘਟਨਾ ਦੇ ਪਿੱਛੇ, ਵਿਤਕਰੇ ਭਰੀ ਨਸਲਵਾਦੀ ਇੱਮੀਗਰੇਸ਼ਨ ਪਾਲਿਸੀ ਨੂੰ, ਸਕੂਲਾਂ ਦੇ ਸਲੇਬੱਸ ‘ਚ ਸ਼ਾਮਲ ਕੀਤਾ ਜਾਏ।

ਕਾਮਾਗਾਟਾ ਮਾਰੂ ਦੇ ਮੁਸਾਫ਼ਰ, ਬ੍ਰਤਾਨਵੀ ਸ਼ਹਿਰੀ ਹੋਣ ਦੇ ਬਾਵਜੂਦ, ਕਨੇਡਾ ਸਰਕਾਰ ਵੱਲੋਂ ਲਾਗੂ ਕੀਤੇ ਗਏ, ਗੈਰ-ਯੂਰੋਪੀਅਨਾਂ ਨੂੰ ਬਾਹਰ ਰੱਖਣ ਦੇ ਨਸਲਵਾਦੀ ਇੱਮੀਗਰੇਸ਼ਨ ਕੰਟ੍ਰੋਲ ਦੇ ਤਹਿਤ, ਦਾਖਲ ਹੋਣ ਤੋਂ ਰੋਕ ਦਿਤੇ ਗਏ ਸਨ।

ਏਸ਼ੀਆਈ ਲੋਕਾਂ ਦੇ ਖਿਲਾਫ਼ ਮੁਜਾਹਰਿਆਂ, ਨਸਲੀ ਫ਼ਸਾਦਾਂ ਦੇ ਅੰਦੇਸ਼ੇ ‘ਤੇ ਕਨੇਡਾਂ ‘ਚ ਏਸ਼ੀਆਈ ਲੋਕਾਂ ਦੇ ਹੱੜ ਆ ਜਾਣ ਦੇ ਡਰ ਤੋਂ ਘਭਰਾਉਂਦੇ ਹੋਏ, ਕਨੇਡਾ ਸਰਕਾਰ ਨੇ 1908 ਵਿਚ ਇਕ ਕਾਨੂੰਨ ਬਣਾਇਆ ਜਿਸ ਤਹਿਤ, ਜਿਹੜੇ ਲੋਕ, ਆਪਣੇ ਪੈਦਾਇਸ਼ੀ ਜਾਂ ਸ਼ਹਿਰੀਅਤ ਦੇ ਮੁਲਕ ਤੋਂ, ਬੇਰੋਕ ਸਫ਼ਰ ਕਰ ਕੇ ਕਨੇਡਾ ਨਹੀਂ ਪਹੁੰਚਦੇ, ਉਨ੍ਹਾਂ ਨੂੰ ਕਨੇਡਾ ‘ਚ ਇੱਮੀਗਰੇਸ਼ਨ ਨਾਂ ਦਿੱਤੀ ਜਾਵੇ।

ਅਸਲ ਵਿਚ, ਇਸ ਕਾਨੂੰਨ ਰਾਹੀਂ, ਭਾਰਤ ‘ਚੋਂ ਆਉਣ ਵਾਲੇ ਸਾਰੇ ਇੱਮੀਗਰਾਂਟਾਂ ਤੇ ਪਾਬੰਦੀ ਲਾ ਦਿਤੀ ਗੱਈ, ਕਿਉਂਕਿ ਰਾਹ ‘ਚ ਰੁਕੇ ਬਗੈਰ, ਕਨੇਡਾ ਤਕ, ਬੇਰੋਕ ਸਫ਼ਰ ਮੁਮਕਨ ਨਹੀਂ ਸੀ। ਹੋਰ ਕਾਨੂੰਨ ਵੀ ਬਣਾਏ ਗਏ ਜਿਨ੍ਹਾਂ ਰਾਹੀਂ, ਏਸ਼ੀਆਈ ਇੱਮੀਗਰਾਂਟਾਂ ਦੇ ਦਾਖਲੇ ਤੇ ਪਾਬੰਦੀ ਲਾ ਦਿਤੀ ਗਈ ਜੇ ਉਨ੍ਹਾਂ ਕੋਲ, ਕਨੇਡਾ ਪਹੁੰਚਣ ਸਮੇ, ਘੱਟੋ-ਘੱਟ 200 ਡਾਲਰ ਨੱਕਦ ਨਾਂ ਹੋਣ। ਇਸੇ ਸਮੇ, ਯੋਰਪ ਤੋਂ ਆਉਣ ਵਾਲੇ ਇੱਮੀਗਰਾਂਟਾਂ ਦਾ ਕਨੇਡਾ ਸਰਕਾਰ ਵੱਲੋਂ ਭਰਵਾਂ ਸੁਆਗਤ ਕੀਤਾ ਜਾ ਰਿਹਾ ਸੀ।

ਭਾਂਵੇਂ ਪ੍ਰਧਾਨ ਮੰਤ੍ਰੀ ਟਰੂਡੋ ਹੋਰਾਂ ਵੱਲੋਂ, ਪਾਰਲੀਮੈਂਟ ‘ਚ ਪੇਸ਼ ਕੀਤੀ ਮੁਆਫ਼ੀ, ਕਾਮਾਗਾਟਾ ਮਾਰੂ ਨਾਲ ਸਬੰਧਤ ‘ਕਾਲੇ ਇਤਿਹਾਸ’ ‘ਤੇ ਵਿਤਕਰੇ ਭਰੀਆਂ ਨਸਲਵਾਦੀ ਇੱਮੀਗਰੇਸ਼ਨ ਪਾਲਿਸੀਆਂ ਦਾ ਅਹਿਸਾਸ ਦਰਸਾਉਂਦੀ ਹੈ, ਇਹ ਜਰੂਰੀ ਹੈ ਕਿ ਇਸ ਇਤਿਹਾਸ ਨੂੰ ਨਾਂ ਭੁਲਾਇਆ ਜਾਏ ‘ਤੇ ਨਾਂ ਹੀ ਅੱਖੋਂ-ਪਰੋਖੇ ਕੀਤਾ ਜਾਏ।ਵਿਸ਼ਵ ਸਿੱਖ ਸੰਸਥਾ ਨੇ ਸੂਬਾਈ ਮੰਤ੍ਰੀਆਂ ਅਗੇ ਪੇਸ਼ਕਸ਼ ਕੀਤੀ ਹੈ ਕਿ ਕਾਮਾਗਾਟਾ ਮਾਰੂ ਦੀ ਘਟਨਾ ਸਬੰਧਤ ਇਤਿਹਾਸ, ਕਨੇਡਾ ਦੇ ਸਕੂਲਾਂ ਦੇ ਸਲੇਬੱਸ ‘ਚ ਸ਼ਾਮਲ ਕੀਤਾ ਜਾਏ।

ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਮੁਖਬੀਰ ਸਿੰਘ ਹੋਰਾਂ ਨੇ ਅਜ ਕਿਹਾ, ਪ੍ਰਧਾਨ ਮੰਤ੍ਰੀ ਟਰੂਡੋ ਹੋਰਾਂ ਵੱਲੋਂ ਪਾਰਲੀਮੈਂਟ ‘ਚ ਮੁਆਫ਼ੀ ਪੇਸ਼ ਕਰਨਾ, ਕਾਮਾਗਾਟਾ ਮਾਰੂ ਤ੍ਰਾਸਦੀ ਨਾਲ ਸਬੰਧਤ ਕਨੇਡਾ ਦੇ ਇਤਿਹਾਸ ਦੇ ‘ਕਾਲੇ ਵਰਕਿਆਂ’ ਨੂੰ ਤਸਲੀਮ ਕਰਨਾ, ਕਨੇਡਾ ਦੇ ਸਿੱਖਾਂ ਲਈ ਇਕ ਮਹੱਤਵਪੂਰਨ ਇਤਿਹਾਸਕ ਘੱੜੀ ਹੈ। ਅਜ, ਜਦੋਂ ਕਨੇਡਾ, ਬਹੁ-ਸੱਭਿਆਚਾਰਕ ‘ਤੇ ਸਾਰਿਆਂ ਦੀ ਸ਼ਮੂਲੀਅਤ ਹਾਸਲ ਕਰਨ ਦੇ ਪੱਖ ਤੋਂ ਦੁਨੀਆਂ ‘ਚ ਮਿਸਾਲ ਮੱਨਿਆ ਜਾਂਦਾ ਹੈ, ਸਾਨੂੰ ਚੇਤਾ ਰਖਣਾ ‘ਤੇ ਸਮਝਣਾ ਚਾਹੀਦਾ ਹੈ ਕਿ, ਹਮੇਸ਼ਾਂ ਇੰਜ ਨਹੀਂ ਸੀ। ਅਸੀਂ ਮਹਿਸੂਸ ਕਰਦੇ ਹਾਂ ਕਾਮਾਗਾਟਾ ਮਾਰੂ ਅਤੇ ਇਸ ਘਟਨਾ ਦੇ ਪਿੱਛੇ, ਇੱਮੀਗਰਾਂਟਾਂ ਪ੍ਰਤੀ ਵਿਤਕਰੇ ਭਰੀਆਂ ਭਾਵਨਾਵਾਂ ਦੀ ਪੜ੍ਹਾਈ ਨੂੰ ਸਾਰੇ ਸੂਬਿਆਂ ਦੇ ਸਕੂਲਾਂ ਦੇ ਸਲੇਬੱਸ ‘ਚ ਸ਼ਾਮਲ ਕੀਤਾ ਜਾਏ। ਜਰੂਰੀ ਹੈ ਕਿ ਅਸੀਂ ਕਨੇਡੀਅਨ ਸ਼ਹਿਰੀ, ਆਪਣੇ ਬੱਚਿਆਂ ਨੂੰ ਨਸਲਵਾਦ ‘ਤੇ ਸੌੜੀ-ਸੋਚ ਵਰਗੀਆਂ ਗੱਲਾਂ ਦਾ ਮੁਕਾਬਲਾ ਕਰਨ ਲਈ ਤਿਆਰ ਕਰੀਏ।

ਵਿਸ਼ਵ ਸਿੱਖ ਸੰਸਥਾ ਨੇ ਸੂਬਾਈ ਵਿਦਿਆ ਮੰਤ੍ਰੀਆਂ ਨੂੰ ਕਿਹਾ ਹੈ ਕਿ ਉਹ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਪੜ੍ਹਾਈ ਦੇ ਸਲੇਬੱਸ ‘ਚ ਸ਼ਾਮਲ ਕਰਨ ਲਈ ਹਰ ਮੁਮਕਨ ਸਹਾਇਤਾ ਮੁਹੱਯਾ ਕਰਨਗੇ।

ਵਿਸ਼ਵ ਸਿੱਖ ਸੰਸਥਾ ਇਕ ਗ਼ੈਰ-ਮੁਨਾਫ਼ਾ ਸੰਸਥਾ ਹੈ ਜੋ ਕਨੇਡਾ ਦੇ ਸਿੱਖਾ ਦੇ ਹਿੱਤਾਂ ਅਤੇ ਬਿਨਾ ਨਸਲੀ, ਧਾਰਮਕ, ਸਮਾਜਕ, ਆਰਥਕ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਵਖਰੇਵਿਆਂ ਦੇ, ਸਾਰਿਆਂ ਦੇ ਮਨੁੱਖੀ ਹੱਕਾਂ ਦੀ ਰਾਖੀ ‘ਤੇ ਪ੍ਰੋੜਤਾ ਲਈ ਕਮ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version