ਲੰਡਨ: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਵਾਲੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਲਿਜਾਣ ਦੀ ਕਾਰਵਾਈ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਅਤੇ ਭਾਈ ਤਜਿੰਦਰਪਾਲ ਸਿੰਘ ਪਾਕਿਸਤਾਨ ਵਿੱਚ ਉਮਰ ਕੈਦ ਕੱਟ ਚੁੱਕੇ ਹਨ। ਦਿੱਲੀ ਦੀ ਇਕ ਅਦਾਲਤ ਵਲੋਂ ਉਨ੍ਹਾਂ ਨੂੰ ਡਿਸਚਾਰਜ ਦਾ ਸਰਟੀਫਿਕਟ ਵੀ ਜਾਰੀ ਕੀਤਾ ਗਿਆ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਦਿੱਲੀ ਦੀ ਪੁਲਿਸ ਵਲੋਂ ਅਦਾਲਤ ਵਿੱਚ ਮੁੜ ਕੇਸ ਚਲਾਉਣ ਲਈ ਸਪਲੀਮੈਂਟਰੀ ਚਲਾਨ ਪੇਸ਼ ਕਰਨਾ ਭਾਰਤ ਦੇ ਨਿਆਂਇਕ ਸਿਸਟਮ ਦਾ ਦੋਹਰਾ ਅਤੇ ਪੱਖਪਾਤੀ ਕਿਰਦਾਰ ਹੈ।
ਇਹ ਅਦਾਲਤੀ ਨਿਜ਼ਾਮ ਸਦਾ ਹੀ ਭਾਰਤ ਵਿਚ ਰਹਿਣ ਵਾਲੀਆਂ ਘੱਟਗਿਣਤੀ ਕੌਮਾਂ ਸਿੱਖਾਂ ਅਤੇ ਹੋਰਾਂ ‘ਤੇ ਜ਼ੁਲਮ ਕਰਨ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਚੋਰ ਮੋਰ੍ਹੀਆਂ ਦੀ ਭਾਲ ਵਿੱਚ ਰਹਿੰਦਾ ਹੋਇਆ ਉਹਨਾਂ ਨਾਲ ਸਦਾ ਹੀ ਨਰਮੀ ਨਾਲ ਪੇਸ਼ ਆਉਂਦਾ ਹੈ। ਪਰ ਸਿੱਖਾਂ ਸਮੇਤ ਘੱਟਗਿਣਤੀ ਕੌਮਾਂ ਦੇ ਹੱਕਾਂ, ਹਿਤਾਂ ਦੀ ਗੱਲ ਕਰਨ ਵਾਲਿਆਂ ਨੂੰ ਖਤਮ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦਾ। ਦੁਨੀਆਂ ਦੇ ਇਸਾਫ ਪਸੰਦ ਮੁਲਕਾਂ ਦਾ ਅਸੂਲ ਹੈ ਕਿਸੇ ਵੀ ਦੋਸ਼ ਵਿੱਚ ਕਿਸੇ ਨੂੰ ਦੂਜੀ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਭਾਰਤ ਵਿੱਚ ਤਾਂ ਸਿੱਖਾਂ ਨੂੰ ਤੀਜੀ ਤੀਜੀ ਵਾਰ ਵੀ ਦੋਸ਼ੀ ਬਣਾ ਕੇ ਸਜ਼ਾ ਦੇਣ ਦੇ ਉਪਰਾਲੇ ਕੀਤੇ ਜਾਂਦੇ ਹਨ।
ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼’ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਅਦਾਲਤ ਦੀ ਉਕਤ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਭਾਰਤ ਦੇ ਅਦਾਲਤੀ ਢਾਂਚੇ ਨੂੰ ਪੱਖਪਾਤੀ ਅਤੇ ਭਗਵਾਧਾਰੀ ਕਰਾਰ ਦਿੱਤਾ ਗਿਆ ਹੈ। ਨਵੰਬਰ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ, ਕਾਨਪੁਰ, ਬੇਕਾਰੋ, ਵਰਗੇ ਹਿੰਦੂ ਬਹੁਗਿਣਤੀ ਵਸੋਂ ਵਾਲੇ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਪ੍ਰਤੀ ਅਦਾਲਤੀ ਢਾਂਚਾ ਸਦਾ ਹੀ ਖਾਮੋਸ਼ ਰਿਹਾ ਹੈ। ਕੇਵਲ ਦਿੱਲੀ ਵਿੱਚ ਹੀ ਤਿੰਨ ਦਿਨ ਹਜ਼ਾਰਾਂ ਸਿੱਖ ਜਿਉਂਦੇ ਸਾੜੇ ਗਏ, ਸਿੱਖ ਪਰਿਵਾਰਾਂ ਦੀ ਅਰਬਾਂ ਖਰਬਾਂ ਦੀ ਜਾਇਦਾਦ ਲੁੱਟੀ ਅਤੇ ਸਾੜੀ ਗਈ, ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਗਿਆ ਪਰ ਭਾਰਤ ਦੀ ਸਰਬਉੱਚ ਅਦਾਲਤ ਦੇ ਕੰਨਾਂ ‘ਤੇ ਜੂੰਅ ਤੱਕ ਨਹੀਂ ਸਰਕੀ, ਪਰ ਇਹ ਘੱਟਗਿਣਤੀ ਕੌਮ ਨਾਲ ਸਬੰਧ ਰੱਖਣ ਵਾਲਿਆਂ ਨੂੰ ਫਾਂਸੀ ‘ਤੇ ਚਾੜ੍ਹਨ ਲਈ ਅੱਧੀ ਰਾਤ ਨੂੰ ਵੀ ਜਾਗ ਉੱਠਦੀ ਹੈ। ਭਾਰਤੀ ਅਦਾਲਤੀ ਨਿਜ਼ਾਮ ਦੀਆਂ ਉਕਤ ਕਾਰਵਾਈਆਂ ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਪੂਰਾ ਕੀਤਾ ਜਾ ਸਕੇ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਸ (ਯੂ.ਕੇ.) ਦੇ ਆਗੂਆਂ ਵਲੋਂ ਜਾਰੀ ਬਿਆਨ ‘ਚ ਅਪੀਲ ਕੀਤੀ ਗਈ ਕਿ ਇਸ ਵਕਤ ਭਾਰਤ ਵਿੱਚ ਅਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਸਾਰੀਆਂ ਕੌਮਾਂ ਨੂੰ ਆਪਸੀ ਏਕਤਾ ਅਤੇ ਇੱਕਸੁਰਤਾ ਨਾਲ ਹਿੰਦੂਤਵੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਸੰਘਰਸ਼ ਤੇਜ਼ ਕਰਨ ਦੇਣੇ ਚਾਹੀਦੇ ਹਨ। ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੱਥ ਵਿੱਚ ਗੁਰਬਾਣੀ ਦਾ ਗੁਟਕਾ ਸਾਹਿਬ ਫੜ ਕੇ ਨਸ਼ੇ ਖਤਮ ਕਰਨ ਅਤੇ ਗੁਰਬਾਣੀ ਦੀ ਹੋ ਰਹੀ ਬੇਅਦਬੀ ਰੋਕਣ ਦੀ ਕਮਸ ਖਾਣੀ ਪਰ ਸਰਕਾਰ ਬਣਨ ‘ਤੇ ਇਸ ਪ੍ਰਤੀ ਸਾਰਥਕ ਕਾਵਾਈ ਨਾ ਕਰਨੀ ਉਸ ਨੂੰ ਗੁਰਬਾਣੀ ਦਾ ਨਿਰਾਦਰ ਕਰਨ ਦਾ ਦੋਸ਼ੀ ਬਣਾਉਦੀ ਹੈ।
ਸਬੰਧਤ ਖ਼ਬਰ:
ਜਹਾਜ਼ ਅਗਵਾਕਾਰਾਂ ‘ਤੇ ‘ਦੇਸ਼ਧ੍ਰੋਹ’ ਦੀ ਧਾਰਾਵਾਂ ਅਧੀਨ ਮੁਕੱਦਮਾ ਦਰਜ, ਮਿਲੀ ਦੋ ਦਿਨਾਂ ਅੰਤ੍ਰਿਮ ਜ਼ਮਾਨਤ …