Site icon Sikh Siyasat News

ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਹੀ ਮਦਦ ਕਰਾਂਗੇ: ਨਾਪਾ

ਮਿਲਪੀਟਸ (ਕੈਲੀਫੋਰਨੀਆ): ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਮੀਦਵਾਰਾਂ ਦੀ ਮਦਦ ਜਿਥੇ ਮੈਰਿਟ ਦੇ ਅਧਾਰ ‘ਤੇ ਕਰੇਗੀ ਉਥੇ ਇਹਨਾਂ ਚੋਣਾਂ ਵਿਚ ਭ੍ਰਿਸ਼ਟ, ਅਪਰਾਧੀ ਪਿਛੋਕੜ ਰੱਖਣ ਵਾਲੇ ਉਮੀਦਵਾਰਾਂ ਨੂੰ ਹਰਾਉਣ ਵਿਚ ਕੋਈ ਕਸਰ ਬਾਕੀ ਨਹੀਂ ਛਡੇਗੀ ਤਾਂ ਕਿ ਪੰਜਾਬ ਵਿਧਾਨ ਸਭਾ ਵਿਚ ਸਾਫ ਸੁਥਰੇ ਕਿਰਦਾਰ ਵਾਲੇ ਵਿਧਾਇਕਾਂ ਨੂੰ ਭੇਜ ਕੇ ਪੰਜਾਬ ਦੇ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਦਿੱਤਾ ਜਾ ਸਕੇ। ਇਸ ਗੱਲ ਦਾ ਫੈਸਲਾ ਸੰਸਥਾ ਦੇ ਮੁਖ ਦਫਤਰ ਮਿਲਪੀਟਸ (ਕੈਲੀਫੋਰਨੀਆ) ਵਿਚ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਹੋਈ ਹੋਈ ਨਾਪਾ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਕੀਤਾ ਗਿਆ।

ਨਾਪਾ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦਾ ਦ੍ਰਿਸ਼

ਨਾਪਾ ਡਾਇਰੈਕਟਰ ਮੇਜਰ ਐਚ.ਐਸ ਰੰਧਾਵਾ (ਰਿਟਾਇਰਡ) ਨੇ ਦੱਸਿਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੇਦਾਗ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਨਾਪਾ ਮੈਂਬਰਾਂ ਤੇ ਸਮਰਥਕਾਂ ਦੇ ਦੋ ਜੱਥੇ ਪੰਜਾਬ ਲਈ ਰਵਾਨਾ ਹੋ ਚੁਕੇ ਹਨ ਜਿਹੜੇ ਨਿਰਧਾਰਤ ਨੀਤੀ ਅਨੁਸਾਰ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ। ਮੀਟਿੰਗ ਵਿਚ ਦਲਵਿੰਦਰ ਸਿੰਘ ਧੂਤ, ਸਤਨਾਮ ਸਿੰਘ ਚਾਹਲ, ਡਾ. ਗੁਰਦੀਪ ਸਿੰਘ ਬੁੱਟਰ, ਸੰਤੋਖ ਸਿੰਘ ਜੱਜ, ਬਹਾਦਰ ਸਿੰਘ, ਕਮਿਸ਼ਨਰ ਤਰਨਜੀਤ ਸਿੰਘ ਸੰਧੂ, ਡਾ. ਅਰਜਿੰਦਰ ਸਿੰਘ ਢੱਟ, ਗੁਰਨਾਮ ਸਿੰਘ ਸੰਧਰ, ਬਲਵੰਤ ਸਿੰਘ ਮਨਟਿੱਕਾ, ਨਰਿੰਦਰਪਾਲ ਸਿੰਘ ਸਹੋਤਾ, ਪਾਲ ਮੋਰ ਆਦਿ ਸ਼ਾਮਲ ਸਨ। ਮੀਟੰਗ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾ ਕੇ ਸਫਲ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version