ਫਤਿਹਗੜ੍ਹ ਸਾਹਿਬ: “ਮਿਆਂਮਾਰ ਦੀ ਚਾਂਸਲਰ ਆਂਗ ਸਾਂਗ ਸੂ ਕੀ ਨੋਬਲ ਇਨਾਮ ਜੇਤੂ ਹੈ। ਉਸਨੇ ਲੰਮਾਂ ਸਮਾਂ ਬਰਮਾ ਦੀ ਫੌਜੀ ਹਕੂਮਤ ਵਿਰੁੱਧ ਸੰਘਰਸ਼ ਕੀਤਾ ਅਤੇ ਨਜ਼ਰਬੰਦੀ ਕੱਟੀ। ਪਰ ਹੁਣ ਜਦੋਂ ਉਹ ਹਕੂਮਤ ਵਿਚ ਆ ਗਈ ਹੈ ਤਾਂ ਉਸ ਵੱਲੋਂ ਮਿਆਂਮਾਰ (ਬਰਮਾ) ਦੀ ਘੱਟਗਿਣਤੀ ਕੌਮ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਕਰਨ ਦਾ ਅਮਲ ਅਤਿ ਦੁੱਖਦਾਇਕ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੋਇਆ ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੁਲਕ ਮਿਆਂਮਾਰ ‘ਚ ਹੋਰ ਨਿਵਾਸੀਆਂ ਦੀ ਤਰ੍ਹਾਂ ਸੰਵਿਧਾਨਿਕ ਹੱਕ ਦੇਣ ਦੀ ਮੰਗ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੋਹਿੰਗਿਆ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮਾਂ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ।
ਸ. ਮਾਨ ਨੇ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋਂ ਜਰਮਨ ਵਿਚ ਚਾਂਸਲਰ ਦੀਆਂ ਚੋਣਾਂ ਹੋ ਰਹੀਆ ਸਨ, ਤਾਂ ਅਸੀਂ ਪਹਿਲਾਂ ਹੀ ਬੀਬੀ ਏਂਜਲਾ ਮਾਰਕਲ ਨੂੰ ਜਿੱਤ ਦੀ ਵਧਾਈ ਦੇ ਦਿੱਤੀ ਸੀ ਕਿਉਂਕਿ ਏਂਜਲਾ ਮਾਰਕਲ ਨੇ ਕੌਮਾਂਤਰੀ ਪੱਧਰ ‘ਤੇ ਮਨੁੱਖੀ ਹੱਕਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਏਂਜਲਾ ਮਾਰਕਲ ਦੀ ਪਾਰਟੀ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਹਨ, ਪਰ ਉਨ੍ਹਾਂ ਦੀ ਜਿੱਤ ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਵਲੋਂ ਨਿਭਾਏ ਗਏ ਰੋਲ ਦਾ ਨਤੀਜਾ ਹੈ। ਜਾਰੀ ਪ੍ਰੈਸ ਬਿਆਨ ‘ਚ ਸ. ਮਾਨ ਨੇ ਜਰਮਨ ਚਾਂਸਲਰ ਏਂਜਲਾ ਮਾਰਕਲ ਦੇ ਮਨੁੱਖਤਾ ਪੱਖੀ ਕੰਮਾਂ ਲਈ ਉਨ੍ਹਾਂ ਨੂੰ ਨੋਬਲ ਇਨਾਮ ਦੀ ਮੰਗ ਕੀਤੀ।
ਸ. ਮਾਨ ਨੇ ਬਿਆਨ ‘ਚ ਅੱਗੇ ਕਿਹਾ ਕਿ ਉਹ ਸੀਰੀਆ, ਤੁਰਕੀ, ਇਰਾਨ, ਇਰਾਕ ‘ਚ ਕੁਦਰ ਕੌਮ ਲਈ ਵੱਖਰੇ ਮੁਲਕ ਅਤੇ ਸਪੇਨ ਵਿਚ ਕੈਥੋਲੀਨ ਕੌਮ ਦੀ ਅਜ਼ਾਦੀ ਦੀ ਹਮਾਇਤ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਸਿੱਖ ਕੌਮ ਅਤੇ ਕਸ਼ਮੀਰ ਵਿਚ ਕਸ਼ਮੀਰੀ ਮੁਸਲਮਾਨ ਆਪਣੀ ਆਜ਼ਾਦੀ ਚਾਹੁੰਦੇ ਹਨ ਜੋ ਕਿ ਕੌਮਾਂਤਰੀ ਕਾਨੂੰਨਾਂ ਤਹਿਤ ਮਿਲਣੀ ਚਾਹੀਦੀ ਹੈ।