ਲੰਡਨ: ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਜਥੇਦਾਰ ਜੋਧ ਸਿੰਘ ਸੰਧੂ, ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਅਕਾਲ ਚਲਾਣਾ ਕਰ ਗਏ, ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ। ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਬਲਵਿੰਦਰ ਸਿੰਘ ਢਿੱਲੋਂ, ਨਿਰੰਜਨ ਸਿੰਘ ਬਾਸੀ, ਜਤਿੰਦਰ ਸਿੰਘ ਅਠਵਾਲ ਅਤੇ ਬਰਿੰਦਰ ਸਿੰਘ ਬਿੱਟੂ ਵਲੋਂ ਜਥੇਦਾਰ ਸੰਧੂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਵਸਤੇ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਸਿੱਖ ਸੰਘਰਸ਼ ਦੌਰਾਨ ਜਥੇਦਾਰ ਜੋਧ ਸਿੰਘ ਦਾ ਖਾਸ ਰੋਲ ਰਿਹਾ ਹੈ, ਜਿੱਥੇ ਉਹਨਾਂ ਖਾੜਕੂ ਸਿੰਘਾਂ ਨੂੰ ਪਨਾਹ ਦਿੱਤੀ ਉੱਥੇ ਆਪਣੇ ਪੁੱਤਰ ਨਿਰਮਲ ਸਿੰਘ ਸੰਧੂ ਨੂੰ ਸੰਘਰਸ਼ ਵਿੱਚ ਸੇਵਾ ਕਰਨ ਅਤੇ ਪੰਥ ਵਿਰੋਧੀਆਂ ਨੂੰ ਨੱਥ ਪਾਉਣ ਲਈ ਸਦਾ ਹੀ ਉਤਸ਼ਾਹਤ ਕੀਤਾ ਅਤੇ ਡੱਟ ਕੇ ਸਾਥ ਦਿੱਤਾ। ਜਿਸ ਕਾਰਨ ਉਹਨਾਂ ਨੂੰ ਵਾਰ-ਵਾਰ ਗੁਰਾਇਆਂ ਅਤੇ ਫਿਲੌਰ ਦੇ ਥਾਣਿਆਂ ਦੀ ਪੁਲਿਸ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕਰਦੀ ਰਹੀ। ਜ਼ਿਕਰਯੋਗ ਹੈ ਕਿ ਪੁਲਿਸ ਦੇ ਮੁਖਬਰ ਸਰਪੰਚ ਕੁਲਵੰਤ ਕਾਂਤੀ ਦੇ ਗੰਨਮੈਨਾਂ ਨੇ ਬਹਿਰਾਮ ਦੇ ਬੱਸ ਅੱਡੇ ਤੋਂ ਭਾਈ ਗੁਰਦੇਵ ਸਿੰਘ ਉਰਫ ਦੇਵ ਨੂੰ ਉਸ ਵਕਤ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ ਜਦੋਂ ਉਸ ਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਉਹ ਚੱਲਣ ਫਿਰਨ ਤੋਂ ਵੀ ਅਸਮਰੱਥ ਸੀ।
ਜਲੰਧਰ ਦੇ ਐੱਸ.ਪੀ.ਡੀ. ਸਵਰਨ ਘੋਟਣਾ ਨੇ ਭਾਈ ਗੁਰਦੇਵ ਸਿੰਘ ਅਤੇ ਉਸਦੇ ਸਾਥੀ ਭਾਈ ਜਸਵਿੰਦਰ ਸਿੰਘ ਢੰਡਵਾੜ ਨੂੰ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਅਧੀਨ ਸ਼ਹੀਦ ਕਰ ਦਿੱਤਾ ਗਿਆ। ਇਸ ਦਾ ਬਦਲਾ ਲੈਂਦਿਆਂ ਭਾਈ ਗੁਰਦੀਪ ਸਿੰਘ ਦੀਪਾ ਨੇ ਦੁਸ਼ਟ ਕੁਲਵੰਤ ਕਾਂਤੀ ਦੇ ਸਾਥੀ ਕੇਵਲ ਅਤੇ ਬਰਿੰਦਰ ਬਿੰਦਾ ਨੂੰ ਸੋਧ ਦਿੱਤਾ। ਇਸ ਕਾਰਵਾਈ ਤੋਂ ਖਫਾ ਹੋਏ ਕਾਮਰੇਡਾਂ ਨੇ ਗੁਰਾਇਆਂ ਥਾਣੇ ਦੇ ਮੁਖੀ ਰਾਮ ਮੂਰਤੀ ਨੂੰ ਆਖ ਕੇ ਜਥੇਦਾਰ ਜੋਧ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਿਸਨੇ ਖਾੜਕੂ ਸਿੰਘਾਂ ਦਾ ਖੁਰਾ ਖੋਜ ਜਾਨਣ ਵਾਸਤੇ ਇੰਨਾ ਅਣਮਨੁੱਖੀ ਤਸ਼ੱਦਦ ਕੀਤਾ ਕਿ ਜਥੇਦਾਰ ਜੋਧ ਸਿੰਘ ਬੇਹੋਸ਼ ਹੋ ਗਏ। ਉਹਨਾਂ ਪੁਲਿਸ ਅਤੇ ਸਿੱਖੀ ਦੇ ਵੈਰੀਆਂ ਦੀਆਂ ਸਿੱਖ ਮਾਰੂ ਨੀਤੀਆਂ ਦਾ ਸਦਾ ਹੀ ਵਿਰੋਧ ਕੀਤਾ ਜਿਸ ਕਾਰਨ ਉਹਨਾਂ ਦਾ ਇਲਾਕੇ ਵਿੱਚ ਭਾਰੀ ਸਤਿਕਾਰ ਹੈ। ਨਿਰਮਲ ਸਿੰਘ ਸੰਧੂ ਪਿਛਲੇ ਵੀਹ ਸਾਲ ਤੋਂ ਇੰਗਲੈਂਡ ਵਿੱਚ ਜਲਾਵਤਨੀ ਦਾ ਜੀਵਨ ਬਸਰ ਕਰ ਰਹੇ ਹਨ। ਸਰਕਾਰੀ ਪਬੰਦੀਆਂ ਕਾਰਨ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਯੂਨਾਈਟਿਡ ਖਾਲਸਾ ਦਲ ਯੂ.ਕੇ. ਜਥੇਦਾਰ ਜੋਧ ਸਿੰਘ ਸੰਧੂ ਅਤੇ ਉਹਨਾਂ ਦੇ ਪਰਿਵਾਰ ਵਲੋਂ ਸਿੱਖ ਸੰਘਰਸ਼ ਵਿੱਚ ਪਾਏ ਉਸਾਰੂ ਯੋਗਦਾਨ ਦੀ ਹਾਰਦਿਕ ਪ੍ਰਸੰਸਾ ਕਰਦਾ ਹੈ।