ਲੰਡਨ (12 ਦਸੰਬਰ, 2010): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਲੈਫਟੀਨੈਂਟ ਜਰਨਲ ਖਾਲਿਸਤਾਨ ਕਮਾਡੋਂ ਫੋਰਸ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਈ ਦੀਪਾ ਨੂੰ ਖਾਲਿਸਤਾਨ ਦੀ ਜੰਗੇ ਅਜ਼ਾਦੀ ਦਾ ਮਹਾਨ ਯੋਧਾ ਆਖਦਿਆਂ ਉਸ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਦੀ ਹਾਰਦਿਕ ਸ਼ਲਾਘਾ ਕੀਤੀ ਗਈ ਹੈ। ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ,ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ, ਚੀਫ ਆਰਗੇਨਾਈਜ਼ਰ ਸ੍ਰ, ਅਮਰਜੀਤ ਸਿੰਘ ਮਿਨਹਾਸ ਅਤੇ ਸ੍ਰ, ਵਰਿੰਦਰ ਸਿੰਘ ਬਿੱਟੂ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਭਾਈ ਦੀਪਾ ਦੀ ਸਾਲਾਨਾ ਬਰਸੀ 12 ਦਸੰਬਰ ਨੂੰ ਹੈ ਅਤੇ ਸਮੂਹ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਪੰਥ ਦੇ ਮਾਣ ਭਾਈ ਸਾਹਿਬ ਨੂੰ ਯਾਦ ਕੀਤਾ ਜਾਵੇ। ਅਠਾਰਾਂ ਸਾਲ ਪਹਿਲਾਂ ਇਸੇ ਦਿਨ ਭਾਈ ਦੀਪਾ ਨੇ ਸਿੱਖ ਕੌਮ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਆਪਣੇ ਖੁਨ ਦਾ ਆਖਰੀ ਕਤਰਾ ਵਹਾ ਦਿੱਤਾ ਸੀ। ਭਾਈ ਦੀਪਾ ਦੀ ਬਾਰੇ ਲੋਕਾਂ ਦੇ ਮਨਾਂ ਵਿੱਚ ਕਿੰਨਾ ਪਿਆਰ ਸੀ ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇੱਕ ਦਿਨ ਫਿਲੌਰ ਨਜ਼ਦੀਕ ਪੈਂਦੇ ਪਿੰਡ ਮਹਿਸੂਲਪੁਰ ਕੋਲੋਂ ਭਾਈ ਦੀਪਾ ਆਪਣੇ ਸਾਥੀ ਸਿੰਘ ਨਾਲ ਜਾ ਰਿਹਾ ਸੀ ਤਾਂ ਇੱਕ ਘਰ ਦਾ ਉਹਨਾਂ ਦਰਵਾਜ਼ਾ ਖੜਕਾਇਆ, ਨੌਜਵਾਨ ਬੀਬੀ ਨੇ ਦਰਵਾਜ਼ਾ ਖੋਹਲਦਿਆਂ ਪੁੱਛਿਆ ਕਿ ਕੌਣ ਹੋ ਅਤੇ ਕੀ ਕੰਮ ਹੈ। ਜਦੋਂ ਦੀਪੇ ਨੇ ਆਪਣੀ ਪਹਿਚਾਣ ਦੱਸੀ ਅਤੇ ਕਿਹਾ ਕਿ ਰੋਟੀ ਖਾਣੀ ਤਾਂ ਉਸ ਨੇ ਕਿਹਾ ਕਿ ਵੀਰੋ ਇੱਥੇ ਹੀ ਰੁਕੋ। ਉਸ ਨੇ ਅੰਦਰੋਂ ਆਪਣੀ ਮਾਤਾ ਨੂੰ ਜਗਾਇਆ, ਪਹਿਲਾਂ ਦੋਵਾਂ ਨੇ ਦਰਵਾਜ਼ੇ ਦੀ ਸਰਦਲ ਤੇ ਤੇਲ ਚੋਇਆ ਅਤੇ ਆਖਿਆ ਕਿ ਹੁਣ ਲੰਘ ਆਉ, ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਹਾਂ ਰੋਟੀ ਦੀ ਕਿਹੜੀ ਗੱਲ ਹੈ। ਦਲ ਦੇ ਆਗੂਆਂ ਨੇ ਕਿਹਾ ਇਹੋ ਜਿਹੇ ਸੂਰਬੀਰਾਂ ਅਤੇ ਉੱਚੇ ਇਖਲਾਕ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਜਿਸ ਖਾਲਿਸਤਾਨ ਦੇ ਬੂਟੇ ਸਿੰਜਿਆ ਗਿਆ ਹੋਵੇ ਉਹ ਬੂਟਾ ਜਲਦੀ ਹੀ ਜਵਾਨ ਹੋਵੇਗਾ ਭਾਵ ਸਿੱਖ ਕੌਮ ਖਾਲਿਸਤਾਨ ਦੀ ਮਾਲਕ ਬਣੇਗੀ। ਭਾਈ ਦੀਪੇ ਨੇ ਗੁਰੁ ਦਾ ਦੀਪ ਬਣ ਕੇ ਦੋਆਬੇ ਵਿੱਚ ਅਜਿਹਾ ਚਾਨਣ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਖਾਲਿਸਤਾਨ ਦਾ ਰਾਹ ਰੌਸ਼ਨ ਕਰਦਾ ਰਹੇਗਾ। ਅੱਜ ਭਾਵੇਂ ਭਾਰਤ ਸਿੱਖ ਵਿਰੋਧੀ ਸੋਚ ਅਤੇ ਇਸ ਫਿਰਕੂ ਸੋਚ ਦੇ ਪਿੱਠੂਆਂ ਨੇ ਪੰਜਾਬ ਵਿੱਚ ਸਿੰਘਾਂ ਤੇ ਜੁਲਮਾਂ ਦੀ ਇੰਤਹਾ ਕਰ ਛੱਡੀ ਹੈ,ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ, ਪਰ ਜਦੋਂ ਸੰਘਰਸ਼ ਦੀ ਤੇਜ਼ ਹਵਾ ਚੱਲੀ ਤਾਂ ਸਰਕਾਰ ਦੇ ਪਿੱਠੂ , ਆਰ.ਐੱਸ.ਐੱਸ ਭਗਤ ਅਤੇ ਇਹਨਾਂ ਦੇ ਗੁਲਾਮ ਬਣ ਚੁੱਕੇ ਅਖੌਤੀ ਫੈਡਰੇਸ਼ਨੀਏ ਕਿਤੇ ਭਾਲਿਆਂ ਵੀ ਨਹੀਂ ਲੱਭਣਗੇ।