ਸਾਊਥਹਾਲ, ਇੰਗਲੈਂਡ (6 ਅਪਰੈਲ, 2015): ਇੰਗਲੈਂਡ ਦੇ ਸਾਊਥਹਾਲ ਵਿੱਚ ਇੱਕ ਸਮਾਗਮ ਦੌਰਾਨ ਵੱਖ-ਵੱਖ ਪੰਥਕ ਜੱਥੇਬੰਦੀਆਂ ਨੇ ਬਿਕਰਮੀ ਕੈਲੰਡਰ ਨੂੰ ਰੱਦ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਦਿੱਤਾ ਹੈ।ਇਸ ਸਮਾਗਮ ਵਿੱਚ ਦਲ ਖ਼ਾਲਸਾ, ਬ੍ਰਿਟਿਸ਼ ਸਿੱਖ ਕੌਂਸਲ ਅਤੇ ਹੋਰ ਜਥੇਬੰਦੀਆਂ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਵੋਟ-ਰਾਜਨੀਤੀ ਦੀ ਭੇਟ ਨਹੀਂ ਚੜ੍ਹਨ ਦੇਣਗੇ।
ਸ੍ਰੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਜਾਰੀ ਕੀਤੇ ਇਸ ਵਰ੍ਹੇ ਦੇ ਬਿਕਰਮੀ ਕੈਲੰਡਰ ਨੂੰ ਭਾਰਤ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਸਮੇਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਬੋਰਡ ਅਤੇ ਅਮਰੀਕਰਨ ਗੁਰਦੁਆਰ ਪ੍ਰਬੰਧਕ ਕਮੇਟੀ ‘ਤੇ ਤੇ ਹੋਰਾਂ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਯੂ.ਕੇ ਦੀਆਂ ਪੰਥਕ ਜਥੇਬੰਦੀਆਂ ਨੇ ਇਸ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ ।
ਇਸ ਮੌਕੇ ਦਲ ਖ਼ਾਲਸਾ, ਬ੍ਰਿਟਿਸ਼ ਸਿੱਖ ਕੌਂਸਲ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਵੀ ਛਾਪੇ ਅਸਲ ਨਾਨਕਸ਼ਾਹੀ ਕੈਲੰਡਰ ਦੀਆਂ ਕਾਪੀਆਂ ਸੰਗਤਾਂ ਵਿੱਚ ਜਾਰੀ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਮੌਜੂਦ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਦਲ ਖ਼ਾਲਸਾ ਦੇ ਸੀਨੀਅਰ ਆਗੂ ਮਨਮੋਹਨ ਸਿੰਘ ਖ਼ਾਲਸਾ ਨੇ ਦੋਸ਼ ਲਾਇਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਦਲ ਦੇ ਕਥਿਤ ਦਬਾਅ ਹੇਠ ਨਾਨਕਸ਼ਾਹੀ ਕੈਲੰਡਰ ਦਾ ਪੂਰਨ ਰੂਪ ਵਿੱਚ ਬਿਕਰਮੀਕਰਨ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਸੰਤ ਸਮਾਜ ਦੇ ਪ੍ਰਭਾਵ ਹੇਠ ਅਜਿਹਾ ਕੀਤਾ ਗਿਆ ਹੈ।
ਉਨ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦੀ ਅੱਡਰੀ ਪਛਾਣ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਵਾਲੇ ਕੌਮ-ਹਿਤੈਸ਼ੀ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਈਸਾਈ, ਮੁਸਲਿਮ, ਬੁੱਧ, ਹਿੰਦੂ ਆਦਿ ਸਾਰੇ ਪ੍ਰਮੁੱਖ ਧਰਮਾਂ ਦਾ ਆਪੋ-ਆਪਣਾ ਕੈਲੰਡਰ ਹੈ ਤਾਂ ਸਿੱਖ ਧਰਮ ਦਾ ਆਪਣਾ ਵੱਖਰਾ ਕੈਲੰਡਰ ਹੋਣ ’ਤੇ ਕਿਉਂ ਇਤਰਾਜ਼ ਹੋ ਸਕਦਾ ਹੈ।