Site icon Sikh Siyasat News

ਯੂ.ਕੇ ਦੇ ਮਿੱਡਲੈਂਡਸ ਸੂਬੇ ਵਿੱਚ ਵੱਸਦੇ ਸਿੱਖਾਂ ਦੀ ਮੰਗ ‘ਤੇ ਸਰਕਾਰ ਵਲੋਂ ਮੁਫ਼ਤ ਸਿੱਖ ਸਕੂਲ ਖੋਲਿਆ ਜਾਵੇਗਾ

NishanHome1-240x300ਲੰਡਨ (2 ਅਕਤੂਬਰ 2014): ਯੂ. ਕੇ. ਦੇ ਮਿੱਡਲੈਂਡਸ ਸੂਬੇ ਵਿੱਚ ਵੱਸਦੇ ਸਿੱਖਾਂ ਦੀ ਮੰਗ ‘ਤੇ ਯੂ.ਕੇ. ਸਰਕਾਰ ਵਲੋਂ ਮੁਫ਼ਤ ਸਕੂਲਾਂ ਦੀ ਲੜੀ ਖੋਲ੍ਹਣ ਦੇ ਹਿੱਸੇ ਵਜੋਂ ਵੈਸਟ ਮਿੱਡਲੈਂਡਸ ਸੂਬੇ ‘ਚ ਇਕ ਹੋਰ ਸਿੱਖ ਸਕੂਲ ਖੋਲ੍ਹਿਆ ਜਾਵੇਗਾ। ਇਹ ਬਰਤਾਨਵੀ ਸਿੱਖ ਸਕੂਲ ਸਤੰਬਰ, 2015 ਤਕ ਵੋਲਵਰਹੈਂਪਟਨ ਟਾਊਨ ਵਿਖੇ ਖੋਲ੍ਹਿਆ ਜਾਵੇਗਾ, ਜੋ ਕਿ ਸਰਕਾਰ ਦੇ ਮੁਫ਼ਤ ਸਕੂਲ ਸਿਸਟਮ ਦਾ ਹਿੱਸਾ ਹੋਵੇਗਾ। ਅਜਿਹੇ ਸਕੂਲ ਸਰਕਾਰੀ ਫ਼ੰਡਾਂ ਦੀ ਮਦਦ ਨਾਲ ਆਜ਼ਾਦ ਰੂਪ ‘ਚ ਵਿਚਰਦੇ ਹਨ।

ਇਹ ਯੂ.ਕੇ. ਦੇ ਸਿਖਿਆ ਸਕੱਤਰ ਨਿੱਕੇ ਮੋਰਗਨ ਵਲੋਂ ਮਨਜ਼ੂਰੀ ਪ੍ਰਾਪਤ 35 ਸਕੂਲਾਂ ‘ਚੋਂ ਇਕ ਹੋਵੇਗਾ ਅਤੇ ਇਸ ‘ਚ 11 ਤੋਂ 19 ਸਾਲਾਂ ਤਕ ਦੇ 840 ਵਿਦਿਆਰਥੀ ਸਿਖਿਆ ਪ੍ਰਾਪਤ ਕਰ ਸਕਣਗੇ। ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ, ”ਵੋਲਵਰਹੈਂਪਟਨ ਵਿਖੇ ਸਕੂਲ ਸਿੱਖ ਸਿਧਾਤਾਂ ‘ਤੇ ਅਧਾਰਤ ਹੋਵੇਗਾ, ਪਰ ਇਸ ‘ਚ ਹੋਰਨਾਂ ਧਰਮਾਂ ਦੇ ਬੱਚੇ ਵੀ ਪੜ੍ਹ ਸਕਣਗੇ।

ਸਕੂਲ ‘ਚ ਅੰਗਰੇਜ਼ੀ, ਹਿਸਾਬ, ਵਿਗਿਆਨ ਅਤੇ ਤਕਨੀਕ ਦੀ ਪੜ੍ਹਾਈ ਤੋਂ ਇਲਾਵਾ ਕਿੱਤਾਮੁਖੀ ਕੋਰਸ ਵੀ ਪੜ੍ਹਾਏ ਜਾਣਗੇ, ਜਿਨ੍ਹਾਂ ‘ਚ ਇੰਜੀਨੀਅਰਿੰਗ, ਮੀਡੀਆ ਸਟੱਡੀਜ਼ ਤੋਂ ਲੈ ਕੇ ਸਿਹਤ ਅਤੇ ਸਮਾਜਕ ਭਲਾਈ ਤਕ ਸ਼ਾਮਲ ਹੋਣਗੇ, ਜੋ ਕਿ ਸਥਾਨਕ ਨਿਯੁਕਤੀਕਰਤਾਵਾਂ ਦੀਆਂ ਮੁਲਾਜ਼ਮਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣਗੇ।”

ਪਿੱਛੇ ਜਿਹੇ ਵੈਸਟ ਮਿੱਡਲੈਂਡਸ ਦੇ ਕੋਵੈਂਟਰੀ ਵਿਖੇ ਹੀ ਸੇਵਾ ਸਕੂਲ ਨਾਮ ਦਾ ਇਕ ਸਿੱਖ ਸਕੂਲ ਵੀ ਖੁੱਲ੍ਹਿਆ ਸੀ। ਇਥੇ ਸਿੱਖਾਂ ਦੀ ਵੱਡੀ ਆਬਾਦੀ ਵਸਦੀ ਹੈ।ਇਨ੍ਹਾਂ ਸਕੂਲਾਂ ਨੂੰ ਚਲਾਉਣ ਲਈ ਸਰਕਾਰ ਤੋਂ ਪੈਸੇ ਮਿਲਦੇ ਹਨ ਅਤੇ ਸਕੂਲ ਦਾ ਸਮਾਂ, ਪਾਠਕ੍ਰਮ, ਅਧਿਆਪਕਾਂ ਦੀ ਤਨਖ਼ਾਹ ਅਤੇ ਪੈਸੇ ਦੀ ਹੋਰ ਵਰਤੋਂ ਬਾਰੇ ਸਿੱਖ ਫ਼ੈਸਲਾ ਲੈ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version