Site icon Sikh Siyasat News

32 ਵਰ੍ਹਿਆਂ ਬਾਅਦ ਜ਼ਖਮ ਅੱਜ ਵੀ ਹਰੇ ਹਨ: ਭਾਈ ਹਰਪਾਲ ਸਿੰਘ ਚੀਮਾ

ਦਲ ਖ਼ਾਲਸਾ ਦੇ ਅਹੁਦੇਦਾਰ ਅਤੇ ਵਰਕਰ 3 ਜੂਨ ਅਤੇ 6 ਜੂਨ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਲਾਹ ਕਰਦੇ ਹੋਏ

ਅੰਮ੍ਰਿਤਸਰ: ਜੂਨ 1984 ਦੇ ਦਰਬਾਰ ਸਾਹਿਬ ਉਤੇ ਹਮਲੇ ਦੀ 32ਵੀ ਵਰ੍ਹੇਗੰਢ ਮੌਕੇ 3 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ ਅਤੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਸੱਦੇ ਪ੍ਰਤੀ ਲੋਕਾਂ ਵਿੱਚ ਚੇਤਨਤਾ ਪੈਦਾ ਕਰਨ ਦੇ ਮੰਤਵ ਨਾਲ ਦਲ ਖਾਲਸਾ ਨੇ ਇਸ ਸਬੰਧੀ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਜਥੇਬੰਦੀ ਦੇ ਨੌਜਵਾਨਾਂ ਨੇ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਘੱਲੂਘਾਰਾ ਸਬੰਧੀ ਸਾਹਿਤ ਅਤੇ ਪੋਸਟਰ ਵੰਡੇ ਅਤੇ ਲੋਕਾਂ ਕੋਲੋਂ ਬੰਦ ਨੂੰ ਸਫਲ ਬਨਾਉਣ ਲਈ ਸਹਿਯੋਗ ਮੰਗਿਆ।

ਅੱਜ ਏਥੇ ਸਥਾਨਕ ਪਾਰਟੀ ਕਾਰਕੁੰਨਾ ਨੇ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਉੇਚੇਚੇ ਤੌਰ ’ਤੇ ਪਹੁੰਚੇ।

ਭਾਈ ਕੰਵਰਪਾਲ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ

ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਉਸ ਜਾਲਮਾਨਾ ਹਮਲੇ ਦੀ ਦਰਦ ਭਰੀ ਯਾਦ ਅੱਜ ਵੀ ਤਾਜ਼ਾ ਹੈ ਤੇ ਜ਼ਖ਼ਮ ਅੱਜ ਵੀ ਹਰੇ ਹਨ।

ਉਹਨਾਂ ਕਿਹਾ ਕਿ ਦਲ ਖਾਲਸਾ ਵਲੋਂ ਦਰਬਾਰ ਸਾਹਿਬ ਹਮਲੇ ਦੇ ਰੋਸ ਅਤੇ ਰੋਹ ਵਜੋਂ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਵਿਰੁੱਧ ਅਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ੇ ਲੋਕਾਂ ਦੇ ਕਤਲੇਆਮ ਦੇ ਦੋਸ਼ੀਆ ਵਿਰੁਧ ਅੰਤਰਰਾਸ਼ਟਰੀ ਸੰਸਥਾ ਯੂ.ਐਨ.ਓ ਵਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿਤਾ ਗਿਆ ਹੈ।

ਇਸ ਤੋਂ ਪਹਿਲਾਂ ਜਥੇਬੰਦੀ ਵਲੋਂ 3 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕਢਿਆ ਜਾਵੇਗਾ ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

ਉਹਨਾਂ ਕਿਹਾ ਕਿ ਦਰਬਾਰ ਸਾਹਿਬ ਹਮਲੇ ਦੀ 32ਵੀਂ ਵਰੇਗੰਢ ਮੌਕੇ 3 ਜੂਨ ਦੀ ਸ਼ਾਮ ਨੂੰ ਜਥੇਬੰਦੀ ਦੇ ਨੌਜਵਾਨਾਂ ਵਲੋਂ ਇੱਕ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ, ਜੋ ਸ਼ਹਿਰ ਦੇ ਪ੍ਰਮੁੱਖ ਹਿਸਿਆਂ ਵਿੱਚ ਨਿਕਲਦਾ ਹੋਇਆ ਅਕਾਲ ਤਖਤ ਸਾਹਿਬ ਵਿਖੇ ਸੰਪੰਨ ਹੋਵੇਗਾ ਜਿਥੇ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨੌਜਵਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਖਾਲਸਾਈ ਝੰਡੇ ਲੈ ਕੇ ਮਾਰਚ ਵਿੱਚ ਹਿੱਸਾ ਲੈਣਗੇ।

ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਸ਼ਹਿਰ ਦੇ ਮੁਸਲਿਮ, ਹਿੰਦੂ ਅਤੇ ਈਸਾਈ ਭਾਈਚਾਰੇ ਤੋਂ ਬੰਦ ਲਈ ਸਹਿਯੋਗ ਮੰਗਦਿਆ ਕਿਹਾ ਕਿ ਉਹ ਇੱਕ ਦਿਨ ਲਈ ਆਪਣੇ ਕਾਰੋਬਾਰ ਬੰਦ ਰੱਖਕੇ ਉਸ ਪੀੜ ਨਾਲ ਸਾਂਝ ਪਾਉਣ ਜਿਸ ਵਿੱਚੋਂ ਦੀ ਸਿੱਖ ਪੰਥ ਪਿਛਲੇ 32 ਵਰਿਆਂ ਤੋਂ ਲੰਘ ਰਿਹਾ ਹੈ। ਉਹਨਾਂ ਸਪਸ਼ਟ ਕੀਤਾ ਕਿ ਉਸ ਦਿਨ ਕਾਰੋਬਾਰੀ ਅਦਾਰੇ, ਪੈਟਰੋਲ ਪੰਪ, ਵਿਦਿਅਕ ਅਦਾਰੇ, ਸਿਨੇਮਾ ਹਾਲ ਅਦਿਕ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੜਕੀ ਜਾਂ ਰੇਲ ਆਵਾਜਾਈ ਨਹੀ ਰੋਕੀ ਜਾਵੇਗੀ ਤੇ ਦਵਾਈਆਂ ਦੀਆਂ ਦੁਕਾਨਾਂ ਵੀ ਖੁਲੀਆਂ ਰਹਿਣਗੀਆਂ। ਉਹਨਾਂ ਹਮ-ਖਿਆਲੀ ਜਥੇਬੰਦੀਆਂ ਨੂੰ ਕਿਹਾ ਕਿ ਉਹ ਇਸ ਬੰਦ ਦੇ ਸੱਦੇ ਨੂੰ ਆਪਣਾ ਸਮਰਥਨ ਦੇਣ।

ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲਕਟ, ਰਣਬੀਰ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਗਗਨਦੀਪ ਸਿੰਘ, ਗੁਰਜੰਟ ਸਿੰਘ, ਗੁਰਜਿੰਦਰਜੀਤ ਸਿੰਘ ਆਦਿ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version