ਚੰਡੀਗੜ੍ਹ (7 ਸਤੰਬਰ, 2015): ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਦਲ ਨੇ ਨਵਮਬਰ 1984 ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦਰਮਿਆਨ ਹੋਦ ਚਿੱਲੜ ਪਿੰਡ ਵਿੱਚ ਮਾਰੇ ਗਏ 32 ਸਿੱਖਾਂ ਦਾ ਮਾਮਲਾ ਉਠਾੳੁਦਿਆਂ ਮੰਗ ਕੀਤੀ ਕਿ ਇਸ ਕਾਂਡ ਦੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆ ਜਾਣ। ਵਰਨਣਯੋਗ ਹੈ ਕਿ ਭਾਜਪਾ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੋਦ ਚਿਲੜ ਪਿੰਡ ਵਿੱਚ ਮਾਰੇ ਗਏ ਸਿੱਖਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਬਾਰੇ ਇਕ ਮੈਂਬਰੀ ਕਮਿਸ਼ਨ ਦੇ ਜੱਜ ਟੀ.ਪੀ.ਗਰਗ ਦੀ ਰਿਪੋਰਟ ਸਦਨ ਵਿਚ ਪੇਸ਼ ਕੀਤੀ ਸੀ।
ਹਰਿਆਣਾ ਵਿਧਾਨ ਸਭਾ ਹੌਦ ਚਿੱਲੜ ਸਿੱਖ ਕਤਲੇਆਮ ਦਾ ਮਾਮਲਾ ਉਠਾਉਂਦਿਆ ਲੋਕ ਦਲ ਦੇ ਆਗੂ ਅਭੈ ਚੋਟਾਲਾ ਨੇ ਕਿਹਾ ਕਿ ਇਸ ਸਬੰਧੀ ਕਮਿਸ਼ਨ ਨੇ ਪੇਸ਼ ਕੀਤੀ ਰਿਪੋਰਟ ਵਿਚ ਕਤਲੇਆਮ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਤੇ ਇਸ ਲਈ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਤੇ ਸਜ਼ਾਵਾਂ ਦਿਤੀਆ ਜਾਣ। ਇਸ ਦੀ ਜਾਂਚ ਲਈ ਸਦਨ ਦੀ ਸਾਂਝੀ ਕਮੇਟੀ ਵੀ ਬਣਾਈ ਜਾਵੇ ।
ਜ਼ਿਕਰਯੋਹਗ ਹੈ ਕਿ ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਹੋਏ ਕਤਲ ਤੋਂ ਬਾਅਦ ਹਰਿਆਣਾ ਵਿੱਚ ਹੋਏ ਸਿੱਖ ਕਤਲੇਆਮ ਲਈ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਇੱਕ ਮੈਂਬਰੀ ਟੀਪੀ ਗਰਗ ਕਮਿਸ਼ਨ ਨੇ 5 ਸਾਲ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਪਦਿਆਂ ਕਤਲੇਆਮ ਦੇ ਦੋਸ਼ੀਆਂ ਦੀ ਪਛਾਣ ਕਰਨ ਜਾਂ ਸਜ਼ਾ ਦਿੱਤੇ ਜਾਣ ਦੀ ਬਜ਼ਾਏ ਹਰਿਆਣਾਂ ਸਰਕਾਰ ਨੂੰ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਹੈ।
ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਦੌਰਾਨ 2 ਨਵੰਬਰ 1984 ਨੂੰ ਗੁੜਗਾਉਂ ‘ਚ ਕਤਲ ਕੀਤੇ 32 ਸਿੱਖਾਂ ਅਤੇ ਸਾੜੇ ਗਏ 297 ਘਰਾਂ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਲਈ ਕਾਇਮ ਕੀਤੇ ਇਕ ਮੈਂਬਰੀ ਕਮਿਸ਼ਨ ਦੇ ਜੱਜ ਟੀਪੀ ਗਰਗ ਆਪਣੀ ਚਾਰ ਸਾਲਾਂ ਦੀ ਜਾਂਚ ਵਿੱਚ ਕਿਸੇ ਦੋਸ਼ੀ ਦੀ ਨਿਸ਼ਾਨਦੇਹੀ ਨਹੀਂ ਕਰ ਸਕੇ। ਉਨ੍ਹਾਂ ਆਪਣੀ ਰਿਪੋਰਟ ਵਿੱਚ ਸਿਰਫ਼ ਦੋ ਪੁਲੀਸ ਮੁਲਾਜ਼ਮਾਂ ਦੀ ਭੂਮਿਕਾ ਦੀ ਸਖਤ ਨਿਖੇਧੀ ਕਰਨ ਤੋਂ ਇਲਾਵਾ ਕਿਸੇ ਨੂੰ ਸਜ਼ਾ ਦੇਣ ਦੀ ਸਿਫਾਰਸ਼ ਨਹੀਂ ਕੀਤੀ।