Site icon Sikh Siyasat News

ਭਾਰਤ-ਬੰਦ ਦੇ ਸੱਦੇ ਨੂੰ ਪੰਜਾਬ ਭਰ ‘ਚ ਭਰਵਾਂ ਹੁੰਗਾਰਾ

ਚੰਡੀਗੜ੍ਹ – ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜ਼ਲੀ ਸੋਧ ਬਿਲ-2020 ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ ਭਰ ‘ਚ ਵੱਡਾ ਹੁੰਗਾਰਾ ਮਿਲਿਆ। 32 ਕਿਸਾਨ ਜਥੇਬੰਦੀਆਂ ਵੱਲੋਂ 250 ਤੋਂ ਵੱਧ ਥਾਵਾਂ ‘ਤੇ ਧਰਨੇ ਲਾਉਂਦਿਆਂ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ 2020 ਰੱਦ ਕਰਵਾਉਣ ਲਈ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤੇ ਗਏ। ਸੂਬੇ-ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਸਮੇਤ ਅਹਿਮ-ਸੜਕੀ ਮਾਰਗ ਬਿਲਕੁਲ ਬੰਦ ਸਨ। ਸੂਬੇ ਨਾਲ ਲਗਦੇ ਸਾਰੇ ਗੁਆਂਢੀ ਰਾਜਾਂ ਤੋਂ ਆਵਜਾਈ ਬੰਦ ਕੀਤੀ ਗਈ। ਬੰਦ ਬਜ਼ਾਰਾਂ ‘ਚ ਸੰਨਾਟਾ ਪਸਰਿਆ ਰਿਹਾ।
ਸੂਬੇ ਭਰ ‘ਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੌਰਾਨ ਟਰਾਂਸਪੋਰਟਰਾਂ, ਮੁਲਾਜ਼ਮਾਂ, ਆੜ੍ਹਤੀਆਂ, ਦੁਕਾਨਦਾਰਾਂ, ਵਿਦਿਆਰਥੀਆਂ, ਨੌਜਵਾਨਾਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਵੱਲੋਂ ਸਹਿਯੋਗ ਕਰਦਿਆਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਖੇਤੀ ਕਾਨੂੰਨਾਂ ਨੂੰ ਦੀ ਵਾਪਸੀ ਤੱਕ ਸੰਘਰਸ਼ ਹੋਰ ਤੇਜ਼ ਅਤੇ ਵਿਸ਼ਾਲ ਹੋਵੇਗਾ।
ਕਿਸਾਨ ਆਗੂਆਂ ਨੇ ਲੋਕਾਂ ਨੂੰ ਇਸ ਬੰਦ ’ਚ ਸਾਥ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬੰਦ ਕਿਸੇ ਨਿੱਜੀ ਮੁਫਾਦ ਲਈ ਨਹੀਂ, ਸਗੋਂ ਉਸ ਵਰਗ ਲਈ ਹੈ ਜੋ ਸਮੁੱਚੇ ਦੇਸ਼ ਨੂੰ ਅੰਨ ਮੁਹੱਈਆ ਕਰਵਾਉਂਦਾ ਹੈ ਇਸ ਕਰਕੇ ਜੋ ਵੀ ਵਿਅਕਤੀ ਅੰਨ ਖਾਂਦਾ ਹੈ ਉਸ ਨੂੰ ਇਸ ਬੰਦ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪੁੱਜ ਸਕੇ। ਜੋ ਆਵਾਜ਼ਾਈ ਅੱਜ ਸਵੇਰ ਬੰਦ ਤੋਂ ਪਹਿਲਾਂ ਚੱਲ ਰਹੀ ਸੀ ਉਸ ਨੂੰ ਉੱਥੇ ਹੀ ਰੋਕ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਉਦੋਂ ਤੱਕ ਸੰਘਰਸ਼ ਲਈ ਡਟੀਆਂ ਰਹਿਣਗੀਆਂ, ਜਦੋਂ ਤੱਕ 3 ਖੇਤੀ ਕਾਨੂੰਨ, ਬਿਜਲੀ ਆਰਡੀਨੈਂਸ ਅਤੇ ਪਰਾਲੀ ਆਰਡੀਨੈਂਸ ਰੱਦ ਕਰਕੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਬੰਧੀ ਕਾਨੂੰਨ ਨਹੀਂ ਬਣਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version