ਕੇਜਰੀਵਾਲ ਦੀ ਨਿਹੰਗ ਬਾਣੇ ਵਾਲੀ ਤਸਵੀਰ ਛਾਪਣ ‘ਤੇ ਇੰਡੀਆ ਟੂਡੇ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ

ਹਿੰਦੀ ਦੇ ਪ੍ਰਸਿੱਧ ਰਸਾਲੇ ‘ਇੰਡੀਆ ਟੂਡੇ’ ਵੱਲੋਂ ਪਿਛਲੇ ਅੰਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਾਲੀ ਤਸਵੀਰ ਛਾਪਣ ਕਾਰਨ ਹੋਏ ਵਿਰੋਧ ਉਪਰੰਤ ਰਸਾਲੇ ਵੱਲੋਂ ਜੁਲਾਈ 2016 ਦੇ ਅੰਕ ਵਿਚ ਆਪਣੀ ਗਲਤੀ ਲਈ ਅਫ਼ਸੋਸ ਪ੍ਰਗਟਾਇਆ ਹੈ। ਰਸਾਲੇ ਅਨੁਸਾਰ ਕੇਜਰੀਵਾਲ ਦੀ ਉਕਤ ਤਸਵੀਰ ਨੂੰ ਛਾਪਣ ਦਾ ਮਕਸਦ ਸਿੱਖ ਕੌਮ ਜਾਂ ਨਿਹੰਗ ਸਿੰਘਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਾ ਹੋ ਕੇ ਪੰਜਾਬ ਦੇ ਸੱਭਿਆਚਾਰ ਨਾਲ ਕੇਜਰੀਵਾਲ ਨੂੰ ਜੁੜਿਆ ਹੋਇਆ ਦਿਖਾਉਣ ਦੀ ਸੀ। ਰਸਾਲੇ ਨੇ ਇਸ ਸਬੰਧੀ ਆਪਣੀ ਵੈਬਸਾਈਟ ਅਤੇ ਰਸਾਲੇ ਵਿਚ ਸਪੱਸ਼ਟੀਕਰਨ ਪ੍ਰਕਾਸ਼ਿਤ ਕਰਕੇ ਬਿਨਾਂ ਸ਼ਰਤ ਮੁਆਫ਼ੀ ਵੀ ਮੰਗੀ ਹੈ।
ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਛਾਪਣ ‘ਤੇ ਦਿੱਲੀ ਕਮੇਟੀ ਨੇ ਰਸਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ

ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛੱਪਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਿਸ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮਸਲੇ ‘ਤੇ ਰਸਾਲੇ ਦੇ ਮੁਖ ਸੰਪਾਦਕ ਅਰੁਨ ਪੁਰੀ ਅਤੇ ਬਾਕੀ ਟੀਮ ਨੂੰ ਲੀਗਲ ਨੋਟਿਸ ਭੇਜ ਕੇ ਇਸ ਮਸਲੇ ‘ਤੇ ਬਿਨਾਂ ਸ਼ਰਤ ਮੁਆਫੀ 7 ਦਿਨਾਂ ਵਿਚ ਮੰਗਣ ਦੀ ਮੰਗ ਕੀਤੀ ਹੈ। ਮੁਆਫੀ ਨਾ ਮੰਗਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਹੀ ਦਾ ਸਾਹਮਣਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
