ਨਵੀਂ ਦਿੱਲੀ: ਹਿੰਦੀ ਦੇ ਪ੍ਰਸਿੱਧ ਰਸਾਲੇ ‘ਇੰਡੀਆ ਟੂਡੇ’ ਵੱਲੋਂ ਪਿਛਲੇ ਅੰਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਾਲੀ ਤਸਵੀਰ ਛਾਪਣ ਕਾਰਨ ਹੋਏ ਵਿਰੋਧ ਉਪਰੰਤ ਰਸਾਲੇ ਵੱਲੋਂ ਜੁਲਾਈ 2016 ਦੇ ਅੰਕ ਵਿਚ ਆਪਣੀ ਗਲਤੀ ਲਈ ਅਫ਼ਸੋਸ ਪ੍ਰਗਟਾਇਆ ਹੈ। ਰਸਾਲੇ ਅਨੁਸਾਰ ਕੇਜਰੀਵਾਲ ਦੀ ਉਕਤ ਤਸਵੀਰ ਨੂੰ ਛਾਪਣ ਦਾ ਮਕਸਦ ਸਿੱਖ ਕੌਮ ਜਾਂ ਨਿਹੰਗ ਸਿੰਘਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਾ ਹੋ ਕੇ ਪੰਜਾਬ ਦੇ ਸੱਭਿਆਚਾਰ ਨਾਲ ਕੇਜਰੀਵਾਲ ਨੂੰ ਜੁੜਿਆ ਹੋਇਆ ਦਿਖਾਉਣ ਦੀ ਸੀ। ਰਸਾਲੇ ਨੇ ਇਸ ਸਬੰਧੀ ਆਪਣੀ ਵੈਬਸਾਈਟ ਅਤੇ ਰਸਾਲੇ ਵਿਚ ਸਪੱਸ਼ਟੀਕਰਨ ਪ੍ਰਕਾਸ਼ਿਤ ਕਰਕੇ ਬਿਨਾਂ ਸ਼ਰਤ ਮੁਆਫ਼ੀ ਵੀ ਮੰਗੀ ਹੈ।

ਜ਼ਿਕਰਯੋਗ ਹੈ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਕਤ ਰਸਾਲੇ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਜਿਸ ਵਿਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਆਖਿਆ ਗਿਆ ਸੀ। ਰਸਾਲੇ ਵੱਲੋਂ ਦਿੱਲੀ ਕਮੇਟੀ ਦੇ ਇਤਰਾਜ਼ ਦੇ ਤੁਰੰਤ ਬਾਅਦ ਰਸਾਲੇ ਦੇ ਕਵਰ ਪੇਜ ਨੂੰ ਵੈੱਬਸਾਈਟ ਤੋਂ ਹਟਾਉਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।