ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਵਿਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹਨਾਂ ਦਾ ਸੰਕਲਪ ਹੈ ਕਿ ਉਹ ਐਸ.ਵਾਈ.ਐਲ. ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਛੱਡਣਗੇ। ਖੱਟਰ ਨੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ ਦੇ ਮੁੱਦੇ ਨੂੰ ਸੱਤਾ ਦੀ ਪੌੜੀ ਬਣਾ ਕੇ ਰਾਜਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕੀਤਾ ਜਾਵੇ।
ਹਰਿਆਣਾ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ’ਤੇ ਆਪਣੇ ਜਵਾਬ ਵਿਚ ਬੋਲ ਰਹੇ ਖੱਟਰ ਨੇ ਕਿਹਾ ਕਿ ਵਿਰੋਧੀ ਧਿਰ ਲਈ ਐਸ.ਵਾਈ.ਐਲ. ਦਾ ਮਤਲਬ ਅਤੇ ਮੰਤਰ ‘ਸੱਤਾ ਯੂੰ ਲੂੰਗਾ’ ਹੈ ਅਤੇ ਵਿਰੋਧੀ ਧਿਰ ਲਈ ਐਸ.ਵਾਈ.ਐਲ. ਇੱਕ ਬੋਤਲ ਦੇ ਜਿੰਨ ਦੀ ਤਰ੍ਹਾਂ ਹੈ , ਜਦੋਂ ਵਿਰੋਧੀ ਧਿਰ ਦੇ ਲੋਕ ਸੱਤਾ ਵਿੱਚ ਹੁੰਦੇ ਹਨ ਤਾਂ ਇਹ ਜਿੰਨ ਬੋਤਲ ਵਿੱਚ ਬੰਦ ਹੋ ਜਾਂਦਾ ਹੈ ਅਤੇ ਜਦੋਂ ਇਹ ਸੱਤਾ ਵਿੱਚ ਨਹੀਂ ਹੁੰਦੇ ਹਨ ਤਾਂ ਇਹ ਜਿੰਨ ਬੋਤਲ ਤੋਂ ਬਾਹਰ ਆ ਜਾਂਦਾ ਹੈ। ਮੁੱਖ ਮੰਤਰੀ ਨੇ ਸਦਨ ਵਿੱਚ ਸੁਝਾਅ ਦਿੰਦੇ ਹੋਏ ਕਿਹਾ ਕਿ ਐਸ.ਵਾਈ.ਐਲ. ਦੇ ਮਾਮਲੇ ’ਤੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋਵੇ ਅਤੇ ਇਸ ’ਤੇ ਕਾਰਵਾਈ ਕਰਨ ਲਈ ਇੱਕ ਦਿਸ਼ਾ ਨਿਰਧਾਰਿਤ ਕੀਤੀ ਜਾਵੇ। ਦੂਸਰੇ ਪਾਸੇ, ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ਕੁਤਾਹੀਆਂ ਕਾਰਨ ਅੱਜ ਤਕ ਐਸਵਾਈਐਲ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ। ਸ੍ਰੀ ਖੱਟਰ ਨੇ ਕਿਹਾ ਕਿ ਐਸ.ਵਾਈ.ਐਲ ਦੇ ਸਬੰਧ ਵਿੱਚ ਜ਼ਮੀਨ ਸਰਕਾਰ ਦੇ ਨਾਂ ਹੋ ਚੁੱਕੀ ਹੈ ਅਤੇ ਇਸ ਦਾ ਕਬਜ਼ਾ ਲੈਣਾ ਬਾਕੀ ਹੈ।
ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਇਲਾਕੇ ਅਤੇ ਦਰਿਆਈ ਪਾਣੀ ਦਾ ਝਗੜਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਭਾਰਤ ਦੀ ਕੇਂਦਰੀ ਸੱਤਾ ਵਲੋਂ ਕੀਤੇ ਗਏ ਗਲਤ ਅਤੇ ਪੰਜਾਬ ਵਿਰੋਧੀ ਫੈਂਸਲਿਆਂ ਖਿਲਾਫ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਰਾਖੀ ਲਈ ਵੱਖੋ-ਵੱਖ ਸਮੇਂ ਵੱਖ-ਵੱਖ ਰੂਪ ਵਿਚ ਸੰਘਰਸ਼ ਕਰਦੇ ਆ ਰਹੇ ਹਨ। ਜਿੱਥੇ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਪਹਿਲਾਂ ਹੀ ਖਤਰਨਾਕ ਪੱਧਰ ‘ਤੇ ਪਹੁੰਚ ਚੁਕਿਆ ਹੈ ਉੱਥੇ ਕੇਂਦਰ ਸਰਕਾਰ ਦੀਆਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਰਾਇਪੇਰੀਅਨ ਸਿਧਾਂਤ ਨੂੰ ਅੱਖੋਂ-ਪਰੋਖੇ ਕਰਕੇ ਪੰਜਾਬੋਂ ਬਾਹਰ ਲੈ ਜਾਣ ਦੀਆਂ ਨੀਤੀਆਂ ਪੰਜਾਬੀਆਂ ਨੂੰ ਬੇਗਾਨਗੀ ਦਾ ਮੁੱਢ ਤੋਂ ਹੀ ਅਹਿਸਾਸ ਕਰਾਉਂਦੀਆਂ ਆ ਰਹੀਆਂ ਹਨ।
ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਭਾਈ ਮਨਧੀਰ ਸਿੰਘ ਦੀ ਸਿੱਖ ਸਿਆਸਤ ਨਾਲ ਖ਼ਾਸ ਗੱਲਬਾਤ ਜਰੂਰ ਸੁਣੋ: