ਲੰਡਨ (3 ਅਕਤੂਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਪੰਥਕ ਰਵਾਇਤਾਂ ਨੂੰ ਦਰਕਿਨਾਰ ਕਰਦਿਆਂ ਦਿੱਤੀ ਮਾਫੀ ਤੋਂ ਬਾਅਦ ਸਮੁੱਚੀ ਸਿੱਖ ਕੌਮ ਵੱਲੋਂ ਇਸਦੀ ਕੀਤੀ ਜਾ ਰਹੀ ਵਿਰੋਧਤਾ ਅਤੇ ਜੱਥੇਦਾਰਾਂ ਵੱਲੋਂ ਜਾਰੀ ਕੀਤੇ ਮਾਫੀਨਾਮੇ ਨੂੰ ਵਾਪਸ ਲੈਣ ਦੀ ਮੰਗ ਬਾਰੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਵੳੇੁੱਚ ਹੈ ਅਤੇ ਸਾਰੇ ਸਿੱਖਾਂ ਨੂੰ ਇਸਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ, ਬਾਰੇ ਪ੍ਰਤੀਕਰਮ ਪ੍ਰ੍ਗਟ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਅਖੰਡ ਕੀਰਤਨੀ ਜਥਾ ਯੂ,ਕੇ ਨੇ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਚੇਤਾ ਆ ਰਿਹਾ ਹੈ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਤਾਂ ਮੁੱਢ ਕਦੀਮ ਤੋਂ ਹੀ ਸਰਵਉੱਚ ਰਿਹਾ ਹੈ।
ਸਿੱਖ ਸਿਆਸਤ ਨੂੰ ਭੇਜੇ ਲਿਖਤੀ ਪ੍ਰੈੱਸ ਬਿਆਨ ਵਿੱਚ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਅਖੰਡ ਕੀਰਤਨੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਨੇ ਕਿਹਾ ਕਿ ਸਾਲ 1994 ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਦੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਨ ਦਾ ਅਦੇਸ਼ ਜਾਰੀ ਹੋਇਆ ਸੀ, ਉਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸੀ ।ਉਦੋਂ ਬਾਦਲ ਤੋਂ ਬਗੈਰ ਬਾਕੀ ਸਾਰੇ ਅਕਾਲੀ ਦਲਾਂ ਨੇ ਇਸ ਅਦੇਸ਼ ਨੂੰ ਕਬੂਲ ਕੀਤਾ ਸੀ ।
ਪਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਸੀ ਉਦੋਂ ਸ੍ਰੀ ਅਕਾਲ ਤਖਤ ਨੂੰ ਟਿੱਚ ਜਾਨਣ ਵਾਲੇ ਬਾਦਲ ਲਈ ਹੁਣ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਤੇ ਮਹਾਨ ਕਿਵੇਂ ਹੋ ਗਿਆ ? ਇਹ ਸਵਾਲ ਬਾਦਲ ਤੋਂ ਜਵਾਬ ਮੰਗਦਾ ਹੈ ?
ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲੇ ਸਿਰਸੇ ਵਾਲੇ ਅਸਾਧ ਗੁਰਮੀਤ ਰਾਮ ਰਹੀਮ ਦੇ ਸਪੱਸ਼ਟੀਕਰਨ ਨੂੰ ਮੁਆਫੀਨਾਮਾ ਆਖ ਕੇ ਉਸ ਨੂੰ ਮੁਆਫ ਕਰਨ ਖਿਲਾਫ ਦੁਨੀਆਂ ਭਰ ਦੇ ਸਿੱਖਾਂ ਵਿੱਚ ਭਾਰੀ ਰੋਸ ਹੈ।
ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮੁੱਢ ਕਦੀਮ ਤੋਂ ਚੱਲਦੀਆਂ ਰਵਾਇਤਾਂ ਦਾ ਘਾਣ ਕਰਾਰ ਦਿੱਤਾ ਜਾ ਰਿਹਾ ਜਿਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਬੁਰੀ ਤਰਾਂ ਵਲੂੰਧਰੇ ਗਏ ਹਨ ।
ਸਿਰਸੇ ਵਾਲੇ ਅਸਾਧ ਨੂੰ ਮੁਆਫ ਕਰਨ ਵਾਲੇ ਜਥੇਦਾਰਾਂ ਦੇ ਫੈਸਲੇ ਨੂੰ ਨਕਾਰਦਿਆਂ ਇਸ ਫੈਂਸਲੇ ਖਿਲਾਫ ਸਖਤ ਅਤੇ ਸਪੱਸ਼ਟ ਸਟੈਂਡ ਲੈਣ ਵਾਲੇ ਬਾਬਾ ਰਣਜੀਤ ਸਿੰਘ ਢੱਢਰੀਆਂ ਵਾਲੇ, ਕੁੱਝ ਸ੍ਰ਼ੋਮਣੀ ਕਮੇਟੀ ਮੈਂਬਰ ਅਤੇ ਸੰਤ ਸਮਾਜ ਦੇ ਆਗੂ ਸਨਮਾਨਯੋਗ ਹਨ । ਉਹਨਾਂ ਖਿਲਾਫ ਸੰਤ ਸਮਾਜ ਵਲੋਂ ਇਸ ਕਾਲੇ ਅਤੇ ਕੁੜਿਆਰ ਫੈਂਸਲੇ ਦਾ ਵਿਰੋਧ ਕਰਨਾ ਸ਼ਲਾਘਾਯੋਗ ਹੈ ਅਤੇ ਬੀਤ ਕੱਲ੍ਹ ਸੰਤ ਸਮਾਜ ਦੀ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਬਾਬਾ ਹਰੀ ਸੰਘ ਰੰਧਾਵੇ ਵਾਲੇ ,ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਅਤੇ ਬਾਬਾ ਲਖਬੀਰ ਸਿੰਘ ਰਤਵਾੜਾ ਵਲਿਆਂ ਨੇ ਸਿੱਖੀ ਦੀਆਂ ਸੁਨਿਹਰੀ ਰਵਾਇਤਾਂ ਨੂੰ ਕਲੰਕਤ ਕਰਨ ਵਾਲੇ ਇਸ ਫੈਂਸਲੇ ਨੂੰ ਵਾਪਸ ਲੈਣ ਦਾ ਜੋ ਸਪੱਸਟ਼ਤਾ ਭਰਪੂਰ ਸਟੈਂਡ ਲਿਆ ਹੈ ਇਸ ਬਾਕੀ ਧਾਰਮਿਕ ਸਖਸ਼ੀਅਤਾਂ ਵਾਸਤੇ ਵੀ ਇੱਕ ਸੇਧ ਦੀ ਨਿਆਂਈ ਹੈ।
ਉਨ੍ਹਾਂ ਨੇ ਦੁਨਿਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਕਮੇਟੀ ਬਣਾਉਣ ਦੇ ਝਾਂਸੇ ਵਿੱਚ ਆਉਣ ਤੋਂ ਬਚਣ ਦੀ ਲੋੜ ਹੈ ,ਬਲਕਿ ਇਸ ਕੂੜਿਆਰ ਫੈਂਸਲੇ ਨੂੰ ਵਾਪਸ ਕਰਵਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ,ਮਾਣ ਮਰਿਆਦਾ ਅਤੇ ਸੁਨਿਹਰੀ ਰਵਾਇਤਾਂ ਨੂੰ ਬਹਾਲ ਕਰਵਾਉਣ ਦੀ ਗੱਲ ਹੋਣੀ ਚਾਹੀਦੀ ਹੈ ।
ਵਿਦੇਸ਼ਾਂ ਵਿੱਚ ਵਸਦੇ ਸਿੱਖ ਇਸ ਗੱਲੋਂ ਹੈਰਾਨ ਹਨ ਕਿ ਗੱਲ ਸਿਰਸੇ ਵਾਲੇ ਵਲੋਂ ਭੇਜੇ ਗਏ ਅਖੌਤੀ ਸਪੱਸ਼ਟੀਕਰਨ ਵਿੱਚ ਕਿਤੇ ਵੀ ਆਪਣੇ ਗੁਨਾਹ ਦੀ ਮੁਆਫੀ ਮੰਗੀ ਹੀ ਨਹੀਂ ਗਈ ਗਈ ਦੂਜੀ ਗੱਲ ਕਿ ਉਸ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਲਿਖਤੀ ਰੂਪ ਵਿੱਚ ਨਹੀਂ ਬਲਕਿ ਅਮਲੀ ਰੂਪ ਵਿੱਚ ਲਗਾਈ ਸੀ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਖੁਦ ਪੇਸ਼ ਹੋਣ ਤੋਂ ਬਗੈਰ ਹੀ ਉਸ ਨੂੰ ਮੁਆਫ ਕਰ ਦੇਣਾ ਬਹੁਤ ਹੀ ਸੰਦੇਹਪੂਰਨ ,ਸਿੱਖ ਕੌਮ ਨਾਲ ਵੱਡਾ ਧੋਖਾ ਅਤੇ ਸਿੱਖ ਰਵਾਇਤਾਂ ਦੇ ਵਿਪਰੀਤ ਹੈ ।
ਸਿੱਖ ਮਸਲਿਆਂ ਨਾਲ ਨੇੜਿਉਂ ਜੁੜੇ ਵਿਚਾਰਵਾਨਾਾਂ ਦਾ ਕਹਿਣਾ ਹੈ ਇਹ ਸਿਰਫ ਸੌਦਾ ਸਾਧ ਦਾ ਮਾਮਲਾ ਹੀ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਸਿਰਮੌਰ ਸਿੱਖ ਸੰਸਥਾਵਾਂ, ਸਿੱਖੀ ਸਿਧਾਂਤਾਂ, ਸਿੱਖ ਪਛਾਣ ਨੂੰ ਖੋਰਾ ਲਾਉਣ ਵਿੱਚ ਬਾਦਲ ਦਲ ਨੇ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਰਤੀ ਸਟੇਟ ਦੀਆਂ ਵਾਹਕ ਕੱਟੜ ਹਿੰਦੂਤਵੀ ਜੱਥੇਬੰਦੀਆਂ ਦੇ ਅਸਰ ਹੇਠ ਬਾਦਲ ਦਲ ਨੇ ਸਿੱਖ ਸਿਧਾਤਾਂ ਅਤੇ ਸਿੱਖ ਕੌਮ ਦੀ ਅਜ਼ਾਦ ਹਸਤੀ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਮੌਕਾ ਅਜਾਈਂ ਨਹੀ ਜਾਣ ਦਿੱਤਾ ।