ਲੁਧਿਆਣਾ (29 ਮਾਰਚ, 2012 – ਸਿੱਖ ਸਿਆਸਤ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉੱਤੇ ਰੋਕ ਪੰਥ ਦੇ ਏਕੇ ਅਤੇ ਸੰਗਤਾਂ ਦੀਆਂ ਅਰਦਾਸਾਂ ਕਾਰਨ ਹੀ ਸੰਭਵ ਹੋ ਸਕੀ ਹੈ ਪਰ ਇਹ ਇਕ ਵਕਤੀ ਜਿੱਤ ਹੀ ਹੈ ਅਤੇ ਜੇਕਰ ਇਸੇ ਤਰ੍ਹਾਂ ਪੰਥ ਗਿਆਨ ਤੇ ਸ਼ਰਧਾ ਦਾ ਸਮਤੋਲ ਰੱਖ ਕੇ ਏਕੇ ਦੀ ਸੂਤਰ ਵਿਚ ਬੱਝਾ ਰਹੇ ਤਾਂ ਪੰਥ ਦੇ ਕੌਮੀ ਸਿਅਸੀ ਨਿਸ਼ਾਨਿਆਂ ਦੀ ਪੂਰਤੀ ਵੀ ਜਲਦ ਹੋ ਸਕਦੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਜਸਪਾਲ ਸਿੰਘ ਮੰਝਪੁਰ ਵਲੋ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਕੀਤਾ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਭਾਈ ਬਿੱਟੂ ਚੜ੍ਹਦੀ ਕਲਾ ਵਿਚ ਹਨ ਅਤੇ ਉਹਨਾਂ ਦੇ ਨਾਲ ਅਕਾਲੀ ਦਲ ਦਿੱਲੀ ਦੇ ਪੰਜਾਬ ਪ੍ਰਧਾਨ ਭਾਈ ਜਸਵਿੰਦਰ ਸਿੰਘ ਬਲੀਏਵਾਲ ਤੇ ਯੂਥ ਆਗੂ ਭਾਈ ਗੁਰਦੀਪ ਸਿੰਘ ਗੋਸ਼ਾ ਵੀ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਫੇਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਉੱਤੇ ਪਾਏ ਕੇਸਾਂ ਦੀਆਂ ਜਮਾਨਤਾਂ ਨਹੀਂ ਲਈਆਂ ਜਾਣਗੀਆਂ ਸਗੋਂ ਜਿੰਨਾ ਚਿਰ ਸਰਕਾਰ ਸਾਨੂੰ ਝੈਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ ਰੱਖ ਲਏ ਪਰ ਉਹ ਕੇਸ ਡਿਸਚਾਰਜ ਕੀਤੇ ਜਾਣ ‘ਤੇ ਹੀ ਜੇਲ੍ਹ ‘ਚੋ ਬਾਹਰ ਆਉਂਣਗੇ।
ਭਾਈ ਬਿੱਟੂ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਤੰਗ-ਪਰੇਸ਼ਾਨ ਕਰਨ ਲਈ ਹੀ ਝੂਠੇ ਕੇਸਾਂ ਦਾ ਸਹਾਰ ਲਿਆ ਜਾ ਰਿਹਾ ਹੈ ਜਦ ਕਿ ਸੱਚਾਈ ਇਹ ਹੈ ਕਿਪ ਪੰਜਾਬ ਦੀ ਅਮਨ ਸ਼ਾਤੀ ਲਈ ਅਸਲ ਖਤਰਾ ਬਾਦਲ ਦਲ ਦੇ ਭਾਈਵਾਲ ਭਾਜਪਾ ਤੇ ਉਹਨਾਂ ਦੇ ਸਹਿਯੋਗੀ ਸ਼ਿਵ ਸੈਨਾ ਵਾਲੇ ਆਦਿ ਹਨ ਪਰ ਦੇਖਣ ਦੀ ਗੱਲ ਹੈ ਕਿ ਸ਼ਾਤਮਈ ਪੰਜਾਬ ਬੰਦ ਨੂੰ ਸਫਲ ਬਣਾਉਂਣ ਵਾਲੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਤਾਂ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ ਪਰ ਪੰਜਾਬ ਨੂੰ ਸ਼ੁਰੂ ਤੋਂ ਹੀ ਬਲਦੀ ਦੇ ਬੂਥੇ ਧੱਕਣ ਵਾਲਿਆਂ ਨੂੰ ਸਿੱਖਾਂ ਦਾ ਘਾਣ ਕਰਨ ਲਈ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ।
ਉਹਨਾਂ ਅਮਤ ਵਿਚ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਸੰਗਤਾਂ ਪੰਥ ਏਕੇ ਵਿਚ ਜਥੇਬੰਦ ਹੋਣ ਅਤੇ ਕੌਮੀ ਨਿਸ਼ਾਨਿਆਂ ਦੀ ਪੂਰਤੀ ਲਈ ਲਾਮਬੱਧ ਹੋਣ।