ਫਤਹਿਗੜ੍ਹ ਸਾਹਿਬ/ਫਰੀਦਕੋਟ (1 ਨਵੰਬਰ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਅਤੇ ਆਦੇਸ਼ ਇੰਜੀਨੀਅਰਿੰਗ ਕਾਲਜ, ਮਚਾਕੀ (ਫਰੀਦਕੋਟ) ਵਿਖੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕੀਤਾ ਗਿਆ। ਫੈਡਰੇਸ਼ਨ ਦੀ ਵੈਬਸਾਇਟ ਉੱਤੇ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਜਥੇਬੰਦੀ ਵੱਲੋਂ ਨਵੀਂ ਭਰਤੀ ਲਈ ਚਲਾਈ ਜਾਣ ਵਾਲੀ ਸੰਪਰਕ ਮੁਹਿੰਮ ਵਿਚ 1 ਨਵੰਬਰ, 2011 ਨੂੰ ਫਤਹਿਗੜ੍ਹ ਸਾਹਿਬ ਵਿਖੇ ਫੈਡਰੇਸ਼ਨ ਦੇ ਕੇਂਦਰੀ ਆਗੂ ਸ੍ਰ. ਪਰਦੀਪ ਸਿੰਘ ਪੁਆਧੀ ਨੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕੀਤਾ, ਜਦਕਿ ਇਸੇ ਦਿਨ ਫਰੀਦਕੋਟ ਵਿਖੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਆਪ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਫੈਡਰੇਸ਼ਨ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੇ ਸਵਾਲਾਂ ਅਤੇ ਸ਼ੰਕਿਆਂ ਦੇ ਜਵਾਬ ਦਿੱਤੇ ਅਤੇ ਨੌਜਵਾਨਾਂ ਵਿਚ ਵਿਚਾਰਧਾਰਕ ਸੋਝੀ ਪੈਦਾ ਕਰਨ ਲਈ ਜਥੇਬੰਦੀ ਨਾਲ ਜੁੜਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
ਫੈਡਰੇਸ਼ਨ ਵੱਲੋਂ ਆਉਂਦੇ ਦਿਨਾਂ ਵਿਚ ਵਿਦਿਆਰਥੀਆਂ ਨਾਲ ਮੁੜ ਸੰਪਰਕ ਕੀਤਾ ਜਾਵੇਗਾ ਅਤੇ ਇਨ੍ਹਾਂ ਅਦਾਰਿਆਂ ਵਿਚ ਫੈਡਰੇਸ਼ਨ ਦੇ ਜਥੇਬੰਦਕ ਢਾਂਚੇ ਦੀ ਉਸਾਰੀ ਲਈ ਅੰਤ੍ਰਿਮ ਕਮੇਟੀਆਂ ਕਾਇਮ ਕੀਤੀਆਂ ਜਾਣਗੀਆਂ।