ਡੇਹਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘਾ ਨੂੰ ਸਿੱਖ ਅਤੇ ਮੁਸਲਮਾਨ ਦੋਹਾਂ ਕੌਮਾਂ ਦੇ ਵਿਸ਼ਵਾਸ, ਏਕਤਾ ਅਤੇ ਸਾਂਝ ਦਾ ਪ੍ਰਤੀਕ ਦਸਦਿਆਂ, ਦਲ ਖਾਲਸਾ ਅਤੇ ਅਕਾਲ ਫੈਡਰੇਸ਼ਨ ਨੇ ਹਿੰਦੁਸਤਾਨ ਸਰਕਾਰ ਕੋਲੋਂ ਲਾਂਘੇ ਨੂੰ ਮੁੜ ਖੋਲਣ ਦੀ ਮੰਗ ਕੀਤੀ।
ਕਰਤਾਰਪੁਰ ਸਾਹਿਬ ਲਾਂਘੇ ਦੀ ਪਹਿਲੀ ਵਰੇਗੰਢ ਨੂੰ ਮਨਾਉਦਿਆਂ ਦਲ ਖਾਲਸਾ ਅਤੇ ਅਕਾਲ ਫੈਡਰੇਸ਼ਨ ਨੇ ਅੰਤਰਰਾਸ਼ਟਰੀ ਸਰਹਦ ‘ਤੇ 9 ਨਵੰਬਰ 2020 ਨੂੰ ਇੱਕ ਸਮਾਗਮ ਕੀਤਾ ਜਿਥੇ ਬੁਲਾਰਿਆਂ ਨੇ ਹਿੰਦੁਸਤਾਨ ਸਰਕਾਰ ਨੂੰ ਜੋਰ ਦੇ ਕੇ ਆਖਿਆ ਕਿ 30 ਨਵੰਬਰ ਨੂੰ ਆ ਰਹੇ ਗੁਰ੍ਰੁ ਨਾਨਾਕ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਿੱਖ ਸੰਗਤਾਂ ਦੀ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਲਾਂਘਾ ਖੋਲਿਆ ਜਾਵੇ।
ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਕੀਰਤਨ ਕੀਤਾ ਅਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਲਾਂਘਾ ਖੁੱਲਣ ਦੀ ਅਰਦਾਸ ਕੀਤੀ ਗਈ। ਨੌਜਵਾਨਾਂ ਨੇ ਲਾਂਘੇ ਦੀ ਹੱਦ ‘ਤੇ ਖਲੋ ਕੇ ਖਾਲਸਾਈ ਜੈਕਾਰੇ ਗਜਾਏ ।
ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਕੇਵਲ ਸਿੰਘ, ਭਾਈ ਵਰਿਆਮ ਸਿੰਘ ਅਗਵਾਨ, ਜਸਬੀਰ ਸਿੰਘ ਜਫਰਵਾਲ ਅਤੇ ਐਡਵੋਕੇਟ ਜਸਵਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ!
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਲਾਂਕਿ ਕੋਰੋਨਾ ਮਹਾਂਮਾਰੀ ਕਾਰਨ 16 ਮਾਰਚ ਨੂੰ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਲਾਕਡਾਊਨ ਦੇ ਖਤਮ ਹੋਣ ਤੋਂ ਬਾਅਦ ਜੂਨ ਮਹੀਨੇ ਵਿੱਚ ਲਾਂਘਾ ਮੁੜ ਸ਼ੁਰੂ ਕਰਨ ਦੀ ਤਜਵੀਜ ਦਿੱਤੀ ਸੀ ਜਿਸ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਸੀ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਭਾਰਤ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਸਰਗਰਮੀਆਂ ਪਹਿਲੇ ਵਾਂਗ ਨਾਰਮਲ ਹੋ ਗਈਆਂ ਹਨ ਪਰ ਸਿੱਖਾਂ ਲਈ ਪਹਿਲੀ ਵਰੇਗੰਢ ਮੌਕੇ ਲਾਂਘਾ ਅੱਜੇ ਵੀ ਬੰਦ ਹੈ । ਉਹਨਾਂ ਕਿਹਾ ਕਿ ਕੋਰੋਨਾ ਲਾਂਘੇ ਨੂੰ ਬੰਦ ਰੱਖਣ ਦਾ ਬਹਾਨਾ ਜਾਂ ਕਾਰਨ ਨਹੀਂ ਹੋਣਾ ਚਾਹੀਦਾ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਲਾਂਘੇ ਦੇ ਪਿਛੋਕੜ ‘ਤੇ ਝਾਤੀ ਮਾਰਦਿਆਂ ਕਿਹਾ ਕਿ ਪਿਛਲੇ ਵਰ੍ਹੇ ਸਿੱਖਾਂ ਦੀ ਇਹ ਕਈ ਦਹਾਕਿਆਂ ਦੀ ਲਮਕਦੀ ਰੀਝ ਉਸ ਵੇਲੇ ਪੂਰੀ ਹੋਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਹਿਲ ਕਦਮੀ ਕਰਦਿਆਂ ਭਾਰਤ ਨੂੰ ਲਾਂਘਾ ਬਨਾਉਣ ਦੀ ਤਜਵੀਜ਼ ਪੇਸ਼ ਕੀਤੀ।
ਅਕਾਲ ਫੈਡਰੇਸ਼ਨ ਕਨਵੀਨਰ ਨਰਾਇਣ ਸਿੰਘ ਨੇ ਕਿਹਾ ਕਿ ਲਾਂਘਾ ਸਿੱਖਾਂ ਦੀ ਦਹਾਕਿਆਂ ਦੀ ਘਾਲਣਾ, ਅਰਦਾਸਾਂ ਅਤੇ ਸੰਘਰਸ਼ ਦੇ ਨਤੀਜੇ ਵਜੋਂ ਹੋਂਦ ਵਿੱਚ ਆਇਆ ਸੀ ਪਰ ਹਿੰਦ ਸਰਕਾਰ ਨੇ ਕੋਰੋਨਾ ਦਾ ਬਹਾਨਾ ਬਣਾ ਕੇ ਸਿੱਖ ਭਾਈਚਾਰੇ ਨੂੰ ਇਸ ਤੋਂ ਵਾਂਝਿਆਂ ਕਰ ਰੱਖਿਆ ਹੈ।
ਨੌਜਵਾਨਾਂ ਨੇ ਹੱਥਾਂ ਵਿੱਚ ਲਾਂਘਾ ਖੋਲਣ ਦੇ ਹੱਕ ਵਿੱਚ ਬੈਨਰ ਅਤੇ ਤਖਤੀਆਂ ਫੜੀਆਂ ਹੋਈ ਸਨ।