ਵੀਨਸ (ਇਟਲੀ), (25 ਦਸੰਬਰ, 2014): “ਸਿੱਖ ਹਿੰਦੂ ਨਹੀਂ ਹਨ” ਪਟੀਸ਼ਨ ‘ਤੇ ਚੱਲ ਰਹੀ ਦਸਤਖਤੀ ਮੁਹਿੰਮ ਨੂੰ ਸਿੱਖ ਜਗਤ ਵੱਲੋਂ ਭਰਵਾਂ ਹੁਂੰਗਾਰਾ ਮਿਲ ਰਿਹਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 25(ਬੀ) ਨੂੰ ਤੁੜਵਾਉਣ ਲਈ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਇਟਲੀ ਵਿਚ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ। ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ‘ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀ’ ਪਟੀਸ਼ਨ ‘ਤੇ ਦਸਤਖ਼ਤਾਂ ਲਈ ਸੰਗਤਾਂ ਦੀਆਂ ਭੀੜਾਂ ਉਮੜ ਰਹੀਆਂ ਹਨ ।
ਲੋੜੀਂਦੇ ਇਕ ਲੱਖ ਦਸਤਖ਼ਤਾਂ ਦੇ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਵੀ ਇਸ ਪਟੀਸ਼ਨ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਵੀ ਦਿਖਾਈ ਦੇ ਰਿਹਾ ਹੈ ।
ਇਟਲੀ ਦੇ ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਵਿਖੇ ਵੀ ਪਿਛਲੇ ਦਿਨ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਦੁਆਰਾ ਆਪਣੇ ਦਸਤਖ਼ਤ ਕਰਕੇ ਆਨਲਾਈਨ ਈਮੇਲਾਂ ਭੇਜੀਆਂ ਗਈਆਂ । ਮੁੱਖ ਪ੍ਰਬੰਧਕ ਭਾਈ ਜਤਿੰਦਰ ਸਿੰਘ ਕਰੇਮੋਨਾ ਨੇ ਕਿਹਾ ਕਿ ‘ਮਿੱਥੇ ਟੀਚੇ ਤੋਂ ਅਸੀਂ ਥੋੜ੍ਹਾ ਜਿਹਾ ਹੀ ਪਿੱਛੇ ਹਾਂ । ਇਸ ਲਈ ਇਸ ਪਟੀਸ਼ਨ ਮੁਹਿੰਮ ‘ਤੇ ਦਸਤਖ਼ਤ ਕਰਨੇ ਹਰੇਕ ਸਿੱਖ ਦਾ ਫ਼ਰਜ਼ ਬਣਦਾ ਹੈ ।
ਜ਼ਿਕਰਯੋਗ ਹੈ ਕਿ ਇਸ ਪਟੀਸ਼ਨ ਤਹਿਤ ਸਿੱਖਜ਼ ਫਾਰ ਜਸਟਿਸ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਉਬਾਮਾ ਦੇ ਵਾਇਟ ਹਾਊਸ ਦਫ਼ਤਰ ਨੂੰ ਵੱਧ ਤੋਂ ਵੱਧ ਵਿਅਕਤੀਆਂ ਦੇ ਦਸਤਖ਼ਤਾਂ ਵਾਲੀ ਇਹ ਪਟੀਸ਼ਨ ਦਾਇਰ ਕਰਕੇ ਉਬਾਮਾ ਰਾਹੀਂ ਭਾਰਤ ਸਰਕਾਰ ਕੋਲ ਆਵਾਜ਼ ਬੁਲੰਦ ਕਰਕੇ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਤੁੜਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।