Site icon Sikh Siyasat News

ਨਿਊਯਾਰਕ: ਸਿੱਖ ਟੈਕਸੀ ਡਰਾਈਵਰ ਉੱਪਰ ਹਮਲਾ, ਸੰਭਾਵਤ ਨਸਲੀ ਹਮਲੇ ਵਜੋਂ ਜਾਂਚ ਸ਼ੁਰੂ

ਨਿਊਯਾਰਕ: ਨਸ਼ੇ ਵਿੱਚ ਧੁੱਤ ਮੁਸਾਫ਼ਰਾਂ ਨੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰ ਦਿੱਤਾ। ਸ਼ਰਾਬੀ ਹੋਏ ਮੁਸਾਫ਼ਰਾਂ ਨੇ ਨੌਜਵਾਨ ਸਿੱਖ ਦੀ ਦਸਤਾਰ ਲਾਹ ਦਿੱਤੀ ਤੇ ਫ਼ਰਾਰ ਹੋਣ ਮੌਕੇ ਦਸਤਾਰ ਆਪਣੇ ਨਾਲ ਲੈ ਗਏ। ਸਥਾਨਕ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਸੰਭਾਵੀ ਨਫ਼ਰਤੀ ਹਮਲੇ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਡਰਾਈਵਰ ’ਤੇ ਹਮਲੇ ਦੀ ਇਹ ਘਟਨਾ ਐਤਵਾਰ ਤੜਕੇ ਵਾਪਰੀ ਤੇ ਡਰਾਈਵਰ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਆਇਆ ਸੀ।

ਹਮਲੇ ਦਾ ਸ਼ਿਕਾਰ ਸਿੱਖ ਟੈਕਸੀ ਡਰਾਈਵਰ ਹਰਕੀਰਤ ਸਿੰਘ

ਹਰਕੀਰਤ ਨੇ ਰੋਜ਼ਨਾਮਚਾ ਨਿਊਯਾਰਕ ਡੇਲੀ ਨਿਊਜ਼ ਨੂੰ ਕਿਹਾ,‘ਮੈਂ ਬਹੁਤ ਡਰ ਗਿਆ ਹਾਂ। ਮੈਂ ਕੰਮ ਨਹੀਂ ਕਰਨਾ ਚਾਹੁੰਦਾ।’ ਉਸ ਨੇ ਕਿਹਾ,‘ਦਸਤਾਰ ਨੂੰ ਹੱਥ ਪਾਉਣਾ ਮੇਰੇ ਧਰਮ ਤੇ ਅਕੀਦੇ ਦੀ ਤੌਹੀਨ ਹੈ। ਇਹ ਬਹੁਤ ਡਰਾਉਣਾ ਸੀ।’ ਹਰਕੀਰਤ ਨੇ ਕਿਹਾ ਕਿ ਇਕ ਔਰਤ ਸਮੇਤ ਚਾਰ ਜਾਣੇ ਐਤਵਾਰ ਤੜਕੇ ਪੰਜ ਵਜੇ ਦੇ ਕਰੀਬ ਮੈਡੀਸਨ ਸਕੁਏਅਰ ਗਾਰਡਨ ਤੋਂ ਉਸ ਦੀ ਕਾਰ ਵਿੱਚ ਬੈਠੇ ਸਨ। ਜਦੋਂ ਉਹ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਦੱਸੇ ਟਿਕਾਣੇ ਬਰੌਂਕਸ ਲੈ ਕੇ ਪੁੱਜਾ ਤਾਂ ਉਨ੍ਹਾਂ ਇਸ ਗੱਲੋਂ ਝਗੜਨਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਗ਼ਲਤ ਪਤੇ ’ਤੇ ਲੈ ਆਇਆ ਹੈ। ਹਰਕੀਰਤ ਨੇ ਕਿਹਾ ਮੁਸਾਫ਼ਰ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿਚ ਸਨ।

ਇਸ ਦੌਰਾਨ ਜਦੋਂ ਉਸ ਨੇ ਮੁਸਾਫ਼ਰਾਂ ਤੋਂ ਕਾਰ ਦਾ ਭਾੜਾ ਮੰਗਿਆ ਤਾਂ ਉਨ੍ਹਾਂ ਵਿੱਚ ਇਕ ਨੌਜਵਾਨ ਨੇ ਉਸ ’ਤੇ ਹਮਲਾ ਕਰਦਿਆਂ ਉਸ ਦੀ ਦਸਤਾਰ ਲਾਹ ਦਿੱਤੀ। ਪੁਲਿਸ ਆਉਂਦੀ ਵੇਖ ਹਮਲਾਵਰ ਹਰਕੀਰਤ ਦੀ ਦਸਤਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਮੇਅਰ ਬਿਲ ਡੀ ਬਲਾਸੀਓ ਨੇ ਸਿੱਖ ਟੈਕਸੀ ਡਰਾਈਵਰ ਦੇ ਹੱਕ ਵਿੱਚ ਟਵੀਟ ਕਰਦਿਆਂ ਕਿਹਾ, ‘ਹਰਕੀਰਤ ਸਿੰਘ- ਤੁਹਾਡਾ ਇਥੇ ਸਵਾਗਤ ਹੈ। ਤੁਹਾਡੇ ਨਾਲ ਜੋ ਕੁਝ ਵਾਪਰਿਆ ਉਹ ਗ਼ਲਤ ਸੀ। ਤੁਸੀਂ ਨਿਊਯਾਰਕ ਪੁਲਿਸ ਵਿਭਾਗ ਨੂੰ ਫ਼ੋਨ ਕਰਕੇ ਸਹੀ ਕਦਮ ਚੁੱਕਿਆ ਹੈ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version