ਚੰਡੀਗੜ੍ਹ (24 ਜੂਨ 2020) – ਇੰਟਰਨੈੱਟ ਰਾਹੀਂ ਚੱਲਦੇ ਖਬਰ ਅਦਾਰੇ ਸਿੱਖ ਸਿਆਸਤ ਦੀ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬਸਾਈਟ ‘ਸਿੱਖ ਸਿਆਸਤ ਡਾਟ ਨੈੱਟ’ ਲੰਘੀ 6 ਜੂਨ ਤੋਂ ਪੰਜਾਬ ਅਤੇ ਭਾਰਤ ਵਿੱਚ ਵੱਖ-ਵੱਖ ਇੰਟਰਨੈੱਟ ਕੰਪਨੀਆਂ ਵੱਲੋਂ ਰੋਕੀ ਜਾ ਰਹੀ ਹੈ। ਜਿਸ ਬਾਰੇ ਸਾਰੇ ਸਬੂਤ ਅਤੇ ਤਕਨੀਕੀ ਜਾਣਕਾਰੀ ਇਕੱਤਰ ਕਰਕੇ ਹੁਣ ਸਿੱਖ ਸਿਆਸਤ ਵੱਲੋਂ ਵੈਬਸਾਈਟ ਰੋਕਣ ਵਾਲੀਆਂ ਪ੍ਰਮੁੱਖ ਇੰਟਰਨੈਟ ਕੰਪਨੀਆਂ ਨੂੰ ਚਿੱਠੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਵੈਬਸਾਈਟ ਨੂੰ ਰੋਕਣ ਦੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਅਦਾਰਾ ਸਾਲ 2006 ਤੋਂ ਖਬਰਾਂ ਤੇ ਮੀਡੀਆ ਦੇ ਖੇਤਰ ਵਿੱਚ ਸਰਗਰਮ ਹੈ ਅਤੇ ‘ਸਿੱਖ ਸਿਆਸਤ ਡਾਟ ਨੈੱਟ’ ਸਾਲ 2009 ਵਿੱਚ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਨਿਰੰਤਰ ਅੰਗਰੇਜ਼ੀ ਵਿੱਚ ਖਬਰਾਂ ਅਤੇ ਲੇਖਾਂ ਦੀ ਸੇਵਾ ਮੁਹੱਈਆ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੰਘੀ 6 ਜੂਨ ਨੂੰ ਅਚਾਨਕ ਪੰਜਾਬ ਅਤੇ ਭਾਰਤ ਵਿੱਚ ਕੁਝ ਪ੍ਰਮੁੱਖ ਇੰਟਰਨੈੱਟ ਕੰਪਨੀਆਂ ਵੱਲੋਂ ਸਿੱਖ ਸਿਆਸਤ ਦੀ ਵੈਬਸਾਈਟ ਰੋਕ ਦਿੱਤੀ ਗਈ, ਜਦਕਿ ਬਾਕੀ ਸਾਰੇ ਸੰਸਾਰ ਵਿੱਚ ਇਹ ਵੈਬਸਾਈਟ ਬਿਨਾ ਕਿਸੇ ਦਿੱਕਤ ਦੇ ਖੁੱਲ੍ਹ ਰਹੀ ਹੈ।
ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਅਦਾਰੇ ਜਾਂ ਕਮੇਟੀ, ਜਾਂ ਕਿਸੇ ਵੀ ਇੰਟਰਨੈਟ ਕੰਪਨੀ ਵੱਲੋਂ ਇਸ ਰੋਕ ਬਾਰੇ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਮਿਲਿਆ ਇਸ ਕਰਕੇ ਉਹ ਮੰਨਦੇ ਹਨ ਕਿ ਵੈਬਸਾਈਟ ਅਣਅਧਿਕਾਰਤ ਤਰੀਕੇ ਨਾਲ ਰੋਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੀ.ਐੱਸ.ਐਨ.ਐਲ., ਜੀਓ, ਕੁਨੈਕਟ ਅਤੇ ਏਅਰਟੈਲ ਸਮੇਤ ਵੱਡੀਆਂ ਕੰਪਨੀਆਂ, ਜੋ ਕਿ ਸਾਡੀ ਵੈਬਸਾਈਟ ਨੂੰ ਰੋਕ ਰਹੀਆਂ ਹਨ, ਨੂੰ ਪੱਤਰ ਲਿਖ ਕੇ ਤਿੰਨ ਦਿਨਾਂ ਦੇ ਵਿੱਚ-ਵਿੱਚ ਵੈਬਸਾਈਟ ਬਹਾਲ ਕਰਨ ਲਈ ਕਿਹਾ ਹੈ। ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਮੰਨਦੇ ਹਨ ਕਿ ਰੋਕ ਕਾਨੂੰਨੀ ਤੌਰ ਉੱਤੇ ਲਾਈ ਜਾ ਰਹੀ ਹੈ ਤਾਂ ਉਹ ਇਸ ਰੋਕ ਦਾ ਕਾਨੂੰਨੀ ਅਧਾਰ ਦੱਸਣ ਤੇ ਉਸ ਦੇ ਦਸਤਾਵੇਜ਼ ਮੁਹੱਈਆ ਕਰਵਾਉਣ। ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਕੰਪਨੀਆਂ ਅਜਿਹਾ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਸਾਲ 2015 ਵਿੱਚ ‘ਸਿੱਖ ਸਿਆਸਤ ਡਾਟ ਨੈੱਟ’ ਨੂੰ ਪੰਜਾਬ ਅਤੇ ਭਾਰਤ ਵਿੱਚ ਬੰਦ ਕਰਵਾਉਣ ਲਈ ਕੇਂਦਰ ਦੇ ਅਦਾਰੇ ‘ਈ-ਸਕਿਓਰਟੀ ਅਤੇ ਸਾਈਬਰ ਲਾਅ ਗਰੁੱਪ’ ਕੋਲ ਪਹੁੰਚ ਕੀਤੀ ਗਈ ਸੀ। ਪਰ ਗੁਰੱਪ ਵੱਲੋਂ ਸਿੱਖ ਸਿਆਸਤ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਪੱਖ ਰੱਖੇ ਜਾਣ ਉੱਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਸਿੱਖ ਸਿਆਸਤ ਡਾਟ ਨੈੱਟ ਉੱਤੇ ਰੋਕ ਲਵਾਉਣ ਦਾ ਮਨਸੂਬਾ ਨਾਕਾਮ ਹੋ ਗਿਆ ਸੀ ਪਰ ਇਸ ਵਾਰ ਉਨ੍ਹਾਂ ਨੂੰ ਨਾ ਰੋਕ ਲਾਉਣ ਤੋਂ ਪਹਿਲਾਂ ਅਤੇ ਨਾ ਬਾਅਦ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।
ਪਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਕਿਸੇ ਸਾਜਿਸ਼ ਤਹਿਤ ਮਿੱਥ ਕੇ ਸਿੱਖ ਖਬਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਕਿਉਂਕਿ 6 ਜੂਨ ਨੂੰ ਸਿੱਖ ਸਿਆਸਤ ਦੀ ਵੈਬਸਾਈਟ ਤੋਂ ਇਲਾਵਾ ਇੰਗਲੈਂਡ ਤੋਂ ਚੱਲਦੇ ਅਕਾਲ ਚੈਨਲ ਅਤੇ ਕੇ.ਟੀ.ਵੀ. ਗਲੋਬਲ ਅਤੇ ਉੱਤਰੀ-ਅਮਰੀਕਾ ਤੋਂ ਚੱਲਦੇ ਟੀ.ਵੀ.84 ਦੇ ਯੂ-ਟਿਊਬ ਅਤੇ ਫੇਸਬੁੱਕ ਸਫੇ ਵੀ ਪੰਜਾਬ ਅਤੇ ਭਾਰਤ ਵਿੱਚ ਰੋਕੇ ਜਾ ਰਹੇ ਹਨ।
ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਸਿਆਸਤ ਉੱਤੇ ਲਾਈ ਜਾ ਰਹੀ ਅਣਅਧਿਕਾਰਤ ਰੋਕ ਵਿਰੁਧ ਉਹ ਤਕਨੀਕੀ, ਪ੍ਰਚਾਰ ਅਤੇ ਕਾਨੂੰਨੀ ਹਰ ਮੁਹਾਜ਼ ਉੱਪਰ ਯਤਨ ਕਰ ਰਹੇ ਹਨ ਅਤੇ ਆਸਵੰਦ ਹਨ ਕਿ ਇਸ ਦਾ ਹੱਲ ਕੱਢ ਲਿਆ ਜਾਵੇਗਾ।
‘ਅਸੀਂ ਸਿੱਖ ਸਿਆਸਤ ਦੀ ਆਈ-ਫੋਨ ਐਪ ਵਿੱਚ ਤਕਨੀਕੀ ਸੁਧਾਰ ਕਰਕੇ ਇਸ ਨੂੰ ਇੰਟਰਨੈਟ ਕੰਪਨੀਆਂ ਵੱਲੋਂ ਲਾਈ ਜਾ ਰਹੀ ਰੋਕ ਤੋਂ ਮੁਕਤ ਕਰਾ ਲਿਆ ਹੈ। ਅਸੀਂ ਛੇਤੀ ਹੀ ਸਿੱਖ ਸਿਆਸਤ ਦੀ ਐਂਡਰਾਇਡ ਐਪ ਨੂੰ ਨਵਿਆਉਣ ਜਾ ਰਹੇ ਹਾਂ ਜਿਸ ਨਾਲ ਸਾਡੇ ਪਾਠਕ ਬੇਰੋਕ ਤਰੀਕੇ ਨਾਲ ਸਿੱਖ ਸਿਆਸਤ ਦੀਆਂ ਸਾਰੀਆਂ ਸੇਵਾਵਾਂ ਤੱਕ ਪੰਜਾਬ ਅਤੇ ਭਾਰਤ ਵਿੱਚੋਂ ਵੀ ਪਹੁੰਚ ਬਣਾ ਸਕਣਗੇ’, ਪਰਮਜੀਤ ਸਿੰਘ ਨੇ ਕਿਹਾ।
ਉਨ੍ਹਾਂ ਕਿਹਾ ਕਿ ਬਿਨਾ ਜਾਣਕਾਰੀ ਦਿੱਤੇ ਇਕਪਾਸੜ ਤਰੀਕੇ ਨਾਲ ਮੀਡੀਆ ਅਦਾਰਿਆ ਉੱਤੇ ਥੋਕ ਵਿੱਚ ਰੋਕ ਲਾਉਣੀ ਸਰਾਸਰ ਗਲਤ ਕਾਰਵਾਈ ਹੈ ਅਤੇ ਇਹ ਪੱਤਰਕਾਰਤਾ ਦੀ ਅਜ਼ਾਦੀ ਉੱਤੇ ਹੱਲਾ ਹੈ ਜਿਸ ਵਿਰੁਧ ਸਮੁੱਚੇ ਖਬਰਖਾਨੇ ਨੂੰ ਇਕ ਜੁਟ ਹੋਣਾ ਚਾਹੀਦਾ ਹੈ।
ਪਰਮਜੀਤ ਸਿੰਘ
ਸੰਪਾਦਕ, ਸਿੱਖ ਸਿਆਸਤ
ਸੰਪਰਕ – 0091-98882-70651