ਜਾਣੋ, ਹੁਣ ਤੱਕ ਕਦੋਂ ਕਦੋਂ ਕੀ ਕੀ ਹੋਇਆ?
੧. ਪਿਛਲੇ ਜੋੜ ਮੇਲੇ ਦੌਰਾਨ (੩੧ ਜਨਵਰੀ ੨੦੨੩) ਸਿੱਖ ਜਥਾ ਮਾਲਵਾ ਦੇ ਪੜਾਅ ’ਤੇ ਸੰਗਤੀ ਰੂਪ ਵਿੱਚ ਵਿਚਾਰਾਂ ਹੋਈਆਂ। ਵਿਚਾਰਾਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੋੜ ਮੇਲੇ ਨੂੰ ਇਕਾਗਰਤਾ ਅਤੇ ਸ਼ਾਂਤੀ ਵਰਤਾਉਣ ਵਾਲੇ ਪਾਸੇ ਲਿਜਾਣ ਦੀ ਲੋੜ ਹੁਣ ਕਾਫ਼ੀ ਬਣ ਗਈ ਹੈ। ਸਾਂਝੀ ਰਾਇ ਇਹ ਬਣੀ ਕਿ ਅਗਲੇ ਸਾਲ ਤੱਕ ਇਸ ਪਾਸੇ ਵਿਚਾਰ ਪ੍ਰਵਾਹ ਤੋਰਨ, ਪਿੰਡਾਂ ਦੇ ਗੁਰਦੁਆਰਾ ਸੇਵਾ ਸੰਭਾਲ ਜਥੇ (ਪ੍ਰਬੰਧਕ ਕਮੇਟੀਆਂ), ਲੰਗਰ ਕਮੇਟੀਆਂ ਅਤੇ ਹੋਰ ਧਾਰਮਿਕ, ਸਨਮਾਨਯੋਗ ਅਤੇ ਜਿੰਮੇਵਾਰ ਸੱਜਣਾ ਨਾਲ ਰਾਬਤਾ ਕਰਕੇ ਜਮੀਨੀ ਪੱਧਰ ਉੱਤੇ ਲੋੜੀਦੇਂ ਸੁਧਾਰਾਂ ਲਈ ਉਦੱਮ ਕੀਤੇ ਜਾਣ ਅਤੇ ੧੦੦ ਸਾਲਾ ਬਰਸੀ ਸਮਾਗਮਾਂ ਤੱਕ (ਸਾਲ ੨੦੨੭ ਦੇ ਜੋੜ ਮੇਲੇ ਤੱਕ) ਮਹੌਲ ਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਕੀਤਾ ਜਾਵੇ।
੨. ਮਾਰਚ ੨੦੨੩ ਤੋਂ ਕੁਝ ਲਿਖਤੀ ਖਰੜੇ ਤਿਆਰ ਕਰਨ ਦਾ ਅਮਲ ਸ਼ੁਰੂ ਕੀਤਾ ਗਿਆ ਜੋ ਵਿਚਾਰ ਚਰਚਾ ਵਿੱਚ ਹਾਜਰ ਸੱਜਣਾ ਦੀ ਸਲਾਹ ਨਾਲ ਸੋਧੇ ਜਾਂਦੇ ਰਹੇ ਅਤੇ ਫਿਰ ਸਤਬੰਰ ੨੦੨੩ ਵਿੱਚ ਮੁਕੰਮਲ ਕੀਤੇ ਗਏ।
੩. ਜੂਨ ੨੦੨੩ ਵਿੱਚ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੌਰਾਨ ਲਗਦੇ ਵੱਖ-ਵੱਖ ਪਿੰਡਾਂ ਦੇ ਲੰਗਰਾਂ ਦੀ ਸੂਚੀ ਤਿਆਰ ਕੀਤੀ ਗਈ।
੪. ੧੦ ਸਤੰਬਰ ੨੦੨੩ ਨੂੰ ਗੁਰਦੁਆਰਾ ਸਾਹਿਬ ਅਕਾਲ ਬੁੰਗਾ, ਮਸਤੂਆਣਾ ਸਾਹਿਬ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਪਾਤਿਸਾਹ ਤੋਂ ਹੁਕਮ ਲੈ ਕੇ ਅਗਲੇ ਕਾਰਜ ਸ਼ੁਰੂ ਕਰਨ ਦੀ ਆਗਿਆ ਲਈ ਗਈ।
੫. ਸਤੰਬਰ ਤੋਂ ਅਕਤੂਬਰ ੨੦੨੩ ਤੱਕ ਲਗਾਤਾਰ ਲੰਗਰ ਕਮੇਟੀਆਂ, ਨੌਜਵਾਨ ਜਥੇ, ਗੁਰਦੁਆਰਾ ਸੇਵਾ ਸੰਭਾਲ ਜਥੇ (ਪ੍ਰਬੰਧਕ ਕਮੇਟੀਆਂ), ਨਗਰ ਪੰਚਾਇਤਾਂ, ਪ੍ਰਚਾਰਕ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਮਿਲਿਆ ਗਿਆ ਅਤੇ ਉਹਨਾਂ ਨੂੰ ਮਤੇ ਪਾਉਣ ਲਈ ਬੇਨਤੀ ਕੀਤੀ ਗਈ। ਲੋੜੀਂਦੇ ਸੁਧਾਰਾਂ ਬਾਬਤ ੫੧ ਥਾਵਾਂ ਤੋਂ ਮਤੇ ਪਾਏ ਗਏ।
੬. ੮ ਅਕਤੂਬਰ ੨੦੨੩ ਨੂੰ ਗੁਰਦੁਆਰਾ ਸਾਹਿਬ ਨਾਨਕ ਨਾਮ ਚੜਦੀਕਲਾ ਪਿੰਡ ਬੇਨੜਾ ਵਿਖੇ ‘ਜੋੜ ਮੇਲੇ: ਵਿਗੜਦਾ ਰੂਪ ਅਤੇ ਰਵਾਇਤ ਅਨੁਸਾਰੀ ਬਹਾਲੀ ਦੇ ਰਾਹ’ ਵਿਸ਼ੇ ‘ਤੇ ਵਿਚਾਰ ਗੋਸ਼ਟਿ ਕਰਵਾਈ ਜਿਸ ਵਿੱਚ ਵੱਖ-ਵੱਖ ਪਿੰਡਾਂ ਅਤੇ ਹਲਕਿਆਂ ਤੋਂ ਨੁਮਾਇੰਦਾ ਨੌਜਵਾਨਾਂ, ਵਿਦਿਆਰਥੀਆਂ, ਬਜ਼ੁਰਗਾਂ ਅਤੇ ਵਿਚਾਰਵਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਵੀਚਾਰ ਸਾਂਝੇ ਕੀਤੇ। ਇਸੇ ਦੌਰਾਨ ਚੌ-ਵਰਕੀ ਪਰਚਾ ‘ਖਾਲਸੇ ਦੇ ਜੋੜ ਮੇਲੇ’ ਵੀ ਜਾਰੀ ਕੀਤਾ ਗਿਆ।
੭. ੨੦ ਅਕਤੂਬਰ ੨੦੨੩ ਨੂੰ ਗੁ: ਸਾਹਿਬ ਮਾਤਾ ਭੋਲੀ ਕੌਰ ਜੀ ਦੇ ਮੁਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ ਨੇ ਵੀਡੀਓ ਜਨਤਕ ਕਰਕੇ ਕਿਹਾ ਕਿ ਉਹਨਾਂ ਵਾਲੇ ਪਾਸੇ ਕੋਈ ਵੀ ਗੁਰਮਤਿ ਤੋਂ ਉਲਟ ਦੁਕਾਨ ਨਹੀਂ ਲਗਾਈ ਜਾਵੇਗੀ ਤੇ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
੮. ੨੨ ਅਕਤੂਬਰ ੨੦੨੩ ਨੂੰ ਸੰਗਤ ਵਲੋਂ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਬੰਧਕ, ਜਿਨ੍ਹਾਂ ਵਿੱਚ ਸ. ਜਸਵੰਤ ਸਿੰਘ ਖਹਿਰਾ (ਸਕੱਤਰ ਅਕਾਲ ਕਾਲਜ ਕੌਂਸਲ), ਬਾਬਾ ਹਰਬੇਅੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ) ਅਤੇ ਬਾਬਾ ਦਰਸ਼ਨ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਅੰਗੀਠਾ ਸਾਹਿਬ) ਸ਼ਾਮਲ ਹਨ, ਨੂੰ ਲਿਖਤੀ ਹੁਕਮ ਅਤੇ ਮਤੇ ਦੀਆਂ ਕਾਪੀਆਂ ਸੌਪੀਆਂ ਗਈਆਂ। ਇਸ ਮੌਕੇ ਬਾਬਾ ਹਰਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੰਗਤ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਸੰਗਤ ਦੇ ਹੁਕਮ ਮੁਤਾਬਿਕ ਉਹਨਾਂ ਵਲੋਂ ਸੁਧਾਰਾਂ ਸਬੰਧੀ ਪ੍ਰਬੰਧ ਕੀਤੇ ਜਾਣਗੇ। ਬਾਬਾ ਦਰਸ਼ਨ ਸਿੰਘ ਜੀ ਨੇ ਵੀ ਸੰਗਤ ਦਾ ਹੁਕਮ ਪ੍ਰਵਾਨ ਕਰਦਿਆਂ ਕਿਹਾ ਕਿ ਸੁਧਾਰਾਂ ਨੂੰ ਲਾਗੂ ਕਰਨ ਸਬੰਧੀ ਪ੍ਰਬੰਧ ਕੀਤੇ ਜਾਣਗੇ। ਅਕਾਲ ਕਾਲਜ ਕੌਂਸਲ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵਲੋਂ ਕਿਹਾ ਗਿਆ ਕਿ ਇਹ ਸਾਰੀਆਂ ਗੱਲਾਂ ਗੁਰਮਤਿ ਅਨੁਸਾਰੀ ਹਨ ਅਤੇ ਕੌਂਸਲ ਵਲੋਂ ਇਸਨੂੰ ਲਾਗੂ ਕਰਨ ਦੀ ਹਾਮੀ ਹੈ। ਉਹਨਾਂ ਕਿਹਾ ਕਿ ਛੇਤੀ ਹੀ ਕੌਂਸਲ ਵਲੋਂ ਇਸ ਬਾਰੇ ਮਤਾ ਪਾਇਆ ਜਾਵੇਗਾ। ਨਾਲ ਹੀ ਉਹਨਾਂ ਨੇ ਸੰਗਤੀ ਹੁਕਮਾਂ ਨੂੰ ਲਾਗੂ ਕਰਨ ਲਈ ਸੰਗਤ ਦੇ ਸਹਿਯੋਗ ਦੀ ਮੰਗ ਕੀਤੀ।
੯. ੨੨ ਅਕਤੂਬਰ ਤੋਂ ੨੪ ਨਵੰਬਰ ੨੦੨੩ ਤੱਕ ਵੱਖ-ਵੱਖ ਸਰਗਰਮ ਹਿੱਸਿਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ। ਪਿੰਡਾਂ ਵਿੱਚ ਅਤੇ ਮਸਤੂਆਣਾ ਸਾਹਿਬ ਅੰਦਰ ਜੋੜ ਮੇਲੇ ਦੀ ਪਵਿੱਤਰਤਾ ਸਬੰਧੀ ਜਾਣਕਾਰੀ ਦਿੰਦੇ ਵੱਡੇ ਫਲੈਕਸ ਲਗਾਏ ਗਏ। ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡਾਂ ਵਿੱਚ ਛੋਟੇ ਛੋਟੇ ਸਮਾਗਮ ਕੀਤੇ ਗਏ। ਬਾਬਾ ਹਰਬੇਅੰਤ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਨੇ ਵੀ ਆਪਣੇ ਵਾਲੇ ਪਾਸੇ ਫਲੈਕਸਾਂ ਲਗਵਾਈਆਂ।
੧੦. ਇਸ ਦੌਰਾਨ ਅਕਾਲ ਕਾਲਜ ਕੌਂਸਲ ਵੱਲੋਂ ਸਿਰਫ ਮਿਲਣ ਲਈ ਸੁਨੇਹੇ ਆਉਂਦੇ ਰਹੇ ਪਰ ਇਸ ਪਾਸੇ ਕੋਈ ਹੋਰ ਅਮਲੀ ਕਾਰਵਾਈ ਨਾ ਕੀਤੀ ਗਈ।
੧੧. ਫਿਰ ਕੌਂਸਲ ਵੱਲੋਂ ਇਹ ਤਜਵੀਜ ਆਈ ਕਿ ਫਿਜੀਕਲ ਕਾਲਜ ਦੇ ਖੇਡ ਮੈਦਾਨ ਵਿੱਚ ਝੂਲੇ ਅਤੇ ਬਜਾਰ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਹੋਰ ਕਿਸੇ ਪਾਸੇ ਕੁਝ ਵੀ ਅਜਿਹਾ ਨਹੀਂ ਹੋਵੇਗਾ। ਇਹ ਤਜਵੀਜ ਸੰਗਤ ਨੇ ਪ੍ਰਵਾਨ ਨਹੀਂ ਕੀਤੀ।
੧੨. ੨੫ ਨਵੰਬਰ ੨੦੨੩ ਨੂੰ ਸਕੱਤਰ, ਅਕਾਲ ਕਾਲਜ ਕੌਂਸਲ ਨਾਲ ਮੁਲਾਕਾਤ ਦੌਰਾਨ ਸੰਗਤ ਨੇ ਇਹ ਸਪਸ਼ਟ ਕੀਤਾ ਕਿ ਜੋ ਸੰਗਤ ਵੱਲੋਂ ਲਿਖਤੀ ਹੁਕਮ ਦਿੱਤਾ ਗਿਆ ਸੀ, ਉਸ ਤੋਂ ਉਰੇ ਕੁਝ ਵੀ ਪ੍ਰਵਾਨ ਨਹੀਂ ਹੈ ਅਤੇ ਨਾ ਹੀ ਹੋਵੇਗਾ। ਸਕੱਤਰ, ਅਕਾਲ ਕਾਲਜ ਕੌਂਸਲ ਵੱਲੋਂ ਸੰਗਤ ਦੀ ਭਾਵਨਾ ਸਮਝਦਿਆਂ ਸੰਗਤ ਨਾਲ ਚੱਲਣ ਦਾ ਬਚਨ ਦ੍ਰਿੜਤਾ ਨਾਲ ਦੁਹਰਾਇਆ ਅਤੇ ਆਪਣੀਆਂ ਬਾਕੀ ਤਜਵੀਜ਼ਾਂ ਰੱਦ ਕਰ ਕੇ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਲਈ ਰਲ ਮਿਲ ਕੇ ਯਤਨ ਕਰਨ ਲਈ ਕਿਹਾ।
੧੩. ੨੭ ਨਵੰਬਰ ੨੦੨੩ ਨੂੰ ਅਕਾਲ ਕਾਲਜ ਕੌਂਸਲ ਦੀ ਬੈਠਕ ਹੋਈ ਜਿਸ ਵਿੱਚ ਸੰਗਤ ਦੀ ਭਾਵਨਾ ਅਨੁਸਾਰ ਮਤਾ ਪਾਸ ਕੀਤਾ ਗਿਆ।
੧੪. ੨ ਦਸੰਬਰ ੨੦੨੩ ਨੂੰ ਅਕਾਲ ਕਾਲਜ ਕੌਂਸਲ ਦਾ ੨੭ ਨਵੰਬਰ ਵਾਲਾ ਮਤਾ ਜਨਤਕ ਹੋਇਆ ਜਿਸ ਵਿੱਚ ਦਰਜ ਹੈ ਕਿ:
ੳ) ਹਰ ਇਕ ਪੰਡਾਲ ਦੇ ਸਪੀਕਰਾਂ ਦੀ ਅਵਾਜ ਸਿਰਫ ਪੰਡਾਲ ਤੱਕ ਸੀਮਤ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਯੂਨਿਟਾਂ ਵਾਲੇ ਸਪੀਕਰਾਂ ਦੀ ਥਾਂ ਬਕਸਿਆਂ ਵਾਲੇ ਸਪੀਕਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ।
ਅ) ਮੇਨ ਰੋਡ ਵਾਲੇ ਗੇਟ ਤੋਂ ਅੰਦਰ ਗੁਰਦੁਆਰਾ ਗੁਰਸਾਗਰ ਦੀ ਡਿਉਡੀ ਤੱਕ, ਗੁਰਦੁਆਰਾ ਗੁਰਸਾਗਰ ਤੋਂ ਮੇਨ ਲੰਗਰ ਤੱਕ, ਗੁਰਦੁਆਰਾ ਅੰਗੀਠਾ ਸਾਹਿਬ ਵਾਲੇ ਮੇਨ ਗੇਟ ਤੋਂ ਮੇਨ ਲੰਗਰ ਤੱਕ, ਪਿੰਡ ਲਿਦੜਾਂ ਵਾਲੇ ਗੇਟ ਤੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਤੱਕ, ਗੁਰਦੁਆਰਾ ਗੁਰਸਾਗਰ ਦੀ ਡਿਉਡੀ ਦੇ ਸਾਹਮਣੇ ਚੰਗਾਲ ਰੋਡ ਦੇ ਦੋਨੋ ਸਾਈਡਾਂ ਤੇ ਸਿਰਫ ਗੁਰਮਤਿ ਅਨੁਸਾਰ ਦੁਕਾਨਾਂ ਹੀ ਲਗਾਈਆਂ ਜਾਣ। ਗੁਰਮਤਿ ਅਨੁਸਾਰ ਦੁਕਾਨਾਂ/ਪ੍ਰਦਰਸ਼ਨੀਆਂ ਵਿਚ ਕਕਾਰ, ਸਸਤ੍ਰ, ਸਿੱਖ ਇਤਿਹਾਸ/ਗੁਰਬਾਣੀ/ਗੁਰਇਤਿਹਾਸ/ਪੰਜਾਬੀ ਸਾਹਿਤ ਨਾਲ ਸਬੰਧਤ ਕਿਤਾਬਾਂ। ਸਿੱਖ ਇਤਿਹਾਸ ਅਤੇ ਸਿੱਖ ਕਿਰਦਾਰਾਂ ਨਾਲ ਸਬੰਧਤ ਚਿੱਤਰ, ਡੀ.ਜੇ ਅਤੇ ਸਪੀਕਰ ਤੋਂ ਬਿਨਾਂ ਦਸਤਾਰ ਕੈਂਪ, ਖੇਤੀਬਾੜੀ ਨਾਲ ਸਬੰਧਤ ਦੁਕਾਨਾਂ (ਬਿਨਾਂ ਵੱਡੀ ਮਸ਼ੀਨਰੀ ਤੋਂ), ਸਿਹਤ ਸਹੂਲਤਾਂ ਨਾਲ ਸਬੰਧਤ ਕੈਂਪ ਆਦਿ ਸ਼ਾਮਿਲ ਹਨ।
ੲ) ਅਕਾਲ ਡਿਗਰੀ ਕਾਲਜ ਦੇ ਸਾਹਮਣੇ ਵਾਲੇ ਮੇਨ ਪਾਰਕ ਵਿਚ ਅਤੇ ਚੰਗਾਲ ਰੋਡ ਦੇ ਦੂਸਰੀ ਸਾਈਡ (ਪ੍ਰਾਈਵੇਟ ਜ਼ਮੀਨ ਵਿਚ) ਝੂਲੇ ਨਾ ਲਗਵਾਏ ਜਾਣ।
ਸ) ਅਲੱਗ-ਅਲੱਗ ਪਿੰਡਾਂ ਵੱਲੋਂ ਸਜਾਏ ਜਾਂਦੇ ਲੰਗਰਾਂ ਵਿਚ, ਸਪੀਕਰ ਨਾ ਲਗਾਏ ਜਾਣ ਅਤੇ ਇਕ ਲੰਗਰ ਪਿੱਛੇ ਸਿਰਫ ਇਕ ਜਾਂ ਦੋ ਸਾਧਨਾਂ (ਟਰੈਕਟਰ-ਟਰਾਲੀ ਜਾਂ ਜੀਪ ਆਦਿ) ਨੂੰ ਹੀ ਆਉਣ ਦਿੱਤਾ ਜਾਵੇ, ਤਾਂ ਜੋ ਅੰਦਰਲੇ ਰਸਤੇ ਤੰਗ ਨਾ ਹੋਵਣ।
ਹ) ਜੋੜ-ਮੇਲੇ ਅੰਦਰ ਟਰੈਕਟਰਾਂ ਤੇ ਡੈੱਕ ਨਾ ਲਗਾਏ ਜਾਣ।
ਕ) ਜੋੜ-ਮੇਲੇ ਦੌਰਾਨ ਕਿਸੇ ਕਿਸਮ ਦੀ ਪ੍ਰਦਰਸ਼ਨੀ ਕੌਂਸਲ ਦੀ ਪ੍ਰਵਾਨਗੀ ਤੋਂ ਬਾਅਦ ਹੀ ਲੱਗ ਸਕੇਗੀ।
ਉਪਰੋਕਤ ਮਤਿਆਂ ਦਾ ਉਤਾਰਾ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸੰਗਰੂਰ ਨੂੰ ਕਰਕੇ ਬੇਨਤੀ ਕਰਕੇ ਉਪਰੋਕਤ ਮਤਿਆਂ ਨੂੰ ਲਾਗੂ ਕਰਾਉਣ ਲਈ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ। – ਸਕੱਤਰ, ਅਕਾਲ ਕਾਲਜ ਕੌਂਸਲ