1. ਫੈਸਲੇ ਲੈਣ ਦਾ ਤਰੀਕਾ ਤੇ ਅਗਵਾਈ ਚੁਣਨ ਦਾ ਤਰੀਕਾ ਦੋ ਬੁਨਿਆਦੀ ਗੱਲਾਂ ਹੁੰਦੀਆਂ ਹਨ ਜਿਹੜੀਂ ਕਿਸੇ ਸਮਾਜ ਦੀ ਸੇਧ ਤੇ ਜਥੇਬੰਦਕ ਸਮਰੱਥਾ ਤੈਅ ਕਰਦੀਆਂ ਹਨ।
2. ਸਦੀ ਪਹਿਲਾਂ ਜਦੋਂ ਸਿੱਖਾਂ ਨੇ ਗੁਰਦੁਆਰਾ ਸਾਹਿਬਾਨ ਮਹੰਤਾਂ ਦੇ ਪ੍ਰਬੰਧ ਹੇਠੋਂ ਕੱਢ ਕੇ ਸੇਵਾ ਸੰਭਾਲ ਆਪ ਸਾਂਭੀ ਸੀ ਤਾਂ ਉਹਨਾ ਤਿੰਨ ਕਾਰਜ ਕੀਤੇ ਸਨ:
(ੳ) ਪਹਿਲਾਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲਈ।
(ਅ) ਦੂਜਾ ਫੈਸਲੇ ਕਰਨ ਦਾ ਆਪਣਾ ਪੰਥਕ ਤਰੀਕਾਕਾਰ ਬਹਾਲ ਕੀਤਾ।
(ੲ) ਤੀਜਾ ਆਪਣੀ ਅਗਵਾਈ ਚੁਣਨ ਦਾ ਪੰਥਕ ਤਰੀਕਾਕਾਰ ਬਹਾਲ ਕੀਤਾ।
3. 1925 ਤੋਂ ਪਹਿਲਾਂ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੰਥਕ ਤਰੀਕੇ ਨਾਲ ਬਿਨਾ ਵੋਟਾਂ ਤੋਂ ਚੁਣੇ ਗਏ ਸਨ।
4. 1925 ਤੋਂ ਪਹਿਲਾਂ ਸ਼੍ਰੋ.ਗੁ.ਪ੍ਰ.ਕ. ਦੀਆਂ ਇੱਕਤਰਤਾਵਾਂ ਵਿਚ ਸ਼ਾਮਿਲ ਹੋਣ ਲਈ ਨਿੱਜੀ ਤੇ ਅਖਬਾਰਾਂ ਰਾਹੀਂ ਸੁਨੇਹੇ ਭੇਜ ਕੇ ਸੱਦਾ ਘੱਲਿਆ ਜਾਂਦਾ ਸੀ। ਇਜਲਾਸ ਤੋਂ ਇਕ ਦਿਨ ਪਹਿਲਾਂ ਸਾਰੇ ਮੈਂਬਰ ਪੰਜ ਸਿੰਘਾਂ ਦੇ ਸਨਮੁਖ ਪੇਸ਼ ਹੋ ਕੇ ਸੁਧਾਈ ਕਰਵਾਉਂਦੇ ਸਨ। ਫਿਰ ਇਜਲਾਸ ਵਿਚ ਸ਼ਾਮਿਲ ਹੋ ਸਕਦੇ ਹਨ ਜਿੱਥੇ ਕਿ ਦਰਪੇਸ਼ ਮਸਲੇ ਬਾਰੇ ਫੈਸਲੇ ਲਏ ਜਾਂਦੇ ਸਨ।
5. ਅੰਗਰੇਜ਼ ਨੇ ਸਿੱਖਾਂ ਦੀ ਸੇਵਾ ਸੰਭਾਲ ਨੂੰ ਮਾਨਤਾ ਦੇਣ ਤੋਂ ਮਨ੍ਹਾ ਕਰ ਦਿੱਤਾ। ਅੰਗਰੇਜ਼ੀ ਸਰਕਾਰ ਨੇ ਇਹ ਸ਼ਰਤ ਰੱਖੀ ਕਿ ਸਿੱਖਾਂ ਦੇ ਸੇਵਾ ਸੰਭਾਲ ਦੇ ਨਿਜ਼ਾਮ, ਭਾਵ ਸ਼੍ਰੋ.ਗੁ.ਪ੍ਰ.ਕ. ਨੂੰ ਤਾਂ ਮਾਨਤਾ ਦੇਵਾਂਗੇ ਜੇਕਰ ਆਗੂ ਚੁਣਨ ਤੇ ਫੈਸਲੇ ਲੈਣ ਦਾ ਤਰੀਕਾ ਅੰਗਰੇਜ਼ਾਂ ਮੁਤਾਬਿਕ ਅਪਨਾਇਆ ਜਾਵੇ, ਭਾਵ ਕਿ ਵੋਟਾਂ ਰਾਹੀਂ ਆਗੂ ਚੁਣੇ ਜਾਣ ਤੇ ਫੈਸਲੇ ਲੈਣ ਲਈ ਪੱਛਮੀ ਤਰਜ਼ ਦਾ ਅਮਲ ਅਪਨਾਇਆ ਜਾਵੇ।
6. ਸਾਲ 1922 ਤੋਂ 1925 ਤੱਕ ਜਿਸ ਸਮੇਂ ਦੇ ਮੋਰਚਿਆਂ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ ਉਹਨਾ ਪਿੱਛੇ ਅਸਲ ਮਸਲਾ ਇਹੀ ਸੀ ਕਿ ਸਿੱਖ ਆਗੂ ਚੁਣਨ ਤੇ ਫੈਸਲਾ ਲੈਣਾ ਦਾ ਪੰਥਕ ਤਰੀਕਾ ਬਹਾਲ ਰੱਖਣਾ ਚਾਹੁੰਦੇ ਸਨ ਪਰ ਅੰਗਰੇਜ਼ ਬਜਿਦ ਸਨ ਕਿ ਸਿੱਖਾਂ ਉੱਤੇ ਆਗੂ ਚੁਣਨ ਤੇ ਫੈਸਲੇ ਲੈਣਾ ਦਾ ਵੋਟਾਂ ਵਾਲਾ ਪੱਛਮੀ ਤਰੀਕਾ ਠੋਸਣਾ ਹੈ।
7. ਅਖੀਰ ਅੰਗਰੇਜ਼ਾਂ ਨੇ 1925 ਵਿਚ ਗੁਰਦੁਆਰਾ ਐਕਟ ਰਾਹੀਂ ਵੋਟਾਂ ਵਾਲਾ ਪ੍ਰਬੰਧ ਸਿੱਖਾਂ ਉੱਤੇ ਲਾਗੂ ਕਰ ਦਿੱਤਾ। ਇਸ ਤਰੀਕਾਕਾਰ ਦੇ ਨਤੀਜੇ ਅਸੀਂ ਹੁਣ ਹੰਢਾਅ ਰਹੇ ਹਾਂ।
8. ਹਣੁ ਵੀ ਸਾਡੇ ਬਹੁਤੇ ਯਤਨ ਤੇ ਸਰਗਰਮੀ ਪੱਛਮੀ ਤਰਜ਼ ਦੇ ਢਾਂਚਿਆਂ ਦੀਆਂ ਝਿਰੀਆਂ ਵਿਚ ਘੁੰਮ ਰਹੀ ਹੈ।
9. ਫੈਸਲੇ ਲੈਣ ਤੇ ਆਗੂ ਚੁਣਨ ਦਾ ਸਾਡਾ ਆਪਣਾ ਪੰਥਕ ਤਰੀਕਾਕਾਰ ਅਮਲ ਵਿਚ ਨਹੀਂ ਹੈ। ਕਰੀਬ ਇਕ ਸਦੀ ਦਾ ਪ੍ਰਤੱਖ ਪਾੜਾ ਹੈ ਜੋ ਲਗਾਤਾਰ ਡੂੰਗਾ ਹੁੰਦਾ ਗਿਆ ਹੈ।
10. ਹੁਣ ਦਾ ਸਮਾਂ ਅਸਥਿਰਤਾ ਦਾ ਹੈ। ਅਜਿਹੇ ਵਿਚ ਵੱਡੀਆਂ ਚੁਣੌਤੀਆਂ ਵੀ ਹਨ ਅਤੇ ਸੰਭਾਵਨਾਵਾਂ ਵੀ। ਸਭ ਤੋਂ ਵੱਡੀ ਲੋੜ ਆਪਣੀਆਂ ਸੰਸਥਾਵਾਂ ਨੂੰ ਸੁਰਜੀਤ ਤੇ ਮਜਬੂਤ ਕਰਨ ਦੀ ਹੈ। ਇਹ ਸਮਾਂ ਜੜ੍ਹਾਂ ਵੱਲ ਮੁੜਨ ਤੇ ਉਹਨਾ ਨਾਲ ਜੁੜਨ ਦਾ ਹੈ।
11. ਇਸ ਸਮੇਂ ਵਿਚ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਇਸੇ ਦਿਸ਼ਾ ਵਿਚ ਹੈ। ਵਿਸ਼ਵ ਸਿੱਖ ਇਕੱਤਰਤਾ ਵਿਚ ਗੁਰਮਤਾ ਕਰਨਾ ਇਕ ਚੰਗਾ ਸ਼ੁਰੂਆਤੀ ਕਦਮ ਹੈ। ਅੱਜ ਦੇ ਸਮੇਂ ਵਿਚ ਪੰਥਕ ਰਿਵਾਇਤ ਤੇ ਗੁਰੂ ਆਸ਼ੇ ਅਨੁਸਾਰ ਸਾਂਝੇ ਫੈਸਲੇ ਦਾ ਅਮਲ ਲਾਗੂ ਕਰਨ ਦਾ ਇਹ ਇਕ ਸੁਹਿਰਦ ਯਤਨ ਹੋਇਆ ਹੈ। ਹਾਲੀਆ ਇਤਿਹਾਸ ਵਿਚੋਂ ਸ਼ਾਇਦ ਇਹ ਪਹਿਲੀ ਮਿਸਾਲ ਹੀ ਹੈ ਕਿ ਸਿੱਖਾਂ ਨੇ ਫੈਸਲਾ ਲੈਣ ਦਾ ਆਪਣਾ ਪੰਥਕ ਤਰੀਕਾਕਾਰ ਅਪਨਾਇਆ ਹੋਵੇ।
12. ਇਹ ਅਮਲ ਦਰਸਾਉਂਦਾ ਹੈ ਕਿ ਅਸੀਂ ਪੰਥਕ ਪਰੰਪਰਾ ਅਨੁਸਾਰ ਆਪਣੇ ਅਮਲ ਸਾਧਣ ਦੇ ਯਤਨ ਕਰ ਸਕਦੇ ਹਾਂ।
13. ਇਸ ਪਹਿਲਕਦਮੀ ਨੂੰ ਜਾਰੀ ਰੱਖਣਾ ਚਾਹੀਦਾ ਹੈ। ਸੁਹਿਰਦ ਸੱਜਣਾ ਨੂੰ ਚਾਹੀਦਾ ਹੈ ਕਿ ਆਪਣੇ ਜਥਿਆਂ ਵਿਚ ਫੈਸਲੇ ਤੇ ਅਗਵਾਈ ਚੁਨਣ ਦਾ ਅਮਲ ਪੰਥਕ ਰਿਵਾਇਤ ਅਨੁਸਾਰ ਸਾਧਣ ਦਾ ਯਤਨ ਸ਼ੁਰੂ ਕਰੀਏ।
ਗੁਰੂ ਭਲੀ ਕਰੇਗਾ।