ਚੰਡੀਗੜ੍ਹ- ਸਿੱਖ ਜਥਾ ਮਾਲਵਾ ਵੱਲੋਂ ਭਵਾਨੀਗੜ੍ਹ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਪਾਤਿਸਾਹੀ ਨੌਵੀਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ (ਭਵਾਨੀਗੜ੍ਹ) ਵਿਖੇ ਤੀਜਾ ਘੱਲੂਘਾਰਾ ਜੂਨ ੧੯੮੪ ਦੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕੀਰਤਨੀ ਜਥਾ ਭਾਈ ਸੇਵਕ ਸਿੰਘ ਜੀ (ਪਟਿਆਲਾ) ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਡਾ. ਕੰਵਲਜੀਤ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਖਾਲਸਾ ਰਾਜ ਬਾਰੇ ਦੱਸਿਆ ਕਿ ਗੁਰੂ ਦੇ ਅਕੀਦੇ ਅਨੁਸਾਰ ਨਿਜ਼ਾਮ ਨੂੰ ਚਲਾਉਣ ਅਤੇ ਆਮ ਲੋਕਾਂ ਨੂੰ ਸ਼ਕਤੀ ਦੇਣਾ ਹੀ ਸਿੱਖ ਰਾਜ ਹੈ। ਉਹਨਾਂ ਬੋਲਦਿਆਂ ਸਭਰਾਵਾਂ ਦੀ ਜੰਗ ਤੋਂ ਲੈਕੇ ਜੂਨ ੧੯੮੪ ਦੇ ਸਿੱਖ ਸੰਘਰਸ਼ ਬਾਰੇ ਕਾਫੀ ਵਿਸਥਾਰ ’ਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਭਾਈ ਦਲਜੀਤ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਤੀਜੇ ਘੱਲੂਘਾਰੇ ਸਮੇਂ ਪੂਰੇ ਬਿਉਂਤਵੰਦ ਤਰੀਕੇ ਹਮਲਾ ਕੀਤਾ ਗਿਆ ਸੀ। ਪਰ ਜਿਵੇਂ ਸਰਕਾਰ ਨੇ ਹੁਣ ਤੱਕ ਇਸ ਹਮਲੇ ਨੂੰ ਸਹੀ ਦਰਸਾਉਣ ਦਾ ਯਤਨ ਕੀਤਾ ਉਹ ਇਸ ਸਮੇਂ ਸਭ ਕੁਝ ਬਿਉਂਤਿਆ ਹੋਇਆ ਢਹਿ ਰਿਹਾ ਹੈ। ਭਾਈ ਸਾਹਿਬ ਨੇ ਬੋਲਦਿਆਂ ਸਾਨੂੰ ਆਪਣੀ ਅਸਲ ਰਵਾਇਤ ਵੱਲ ਨੂੰ ਮੁੜਨ ਲਈ ਅਤੇ ਗੁਰਮਤਾ ਤੇ ਪੰਚ ਪ੍ਰਧਾਨੀ ਲਾਗੂ ਕਰਨ ਲਈ ਕਿਹਾ।
ਸਮਾਗਮ ਦੌਰਾਨ ਸ਼ਹੀਦ ਭਾਈ ਭੁਪਿੰਦਰ ਸਿੰਘ ਭਵਾਨੀਗੜ੍ਹ, ਸ਼ਹੀਦ ਭਾਈ ਤਰਲੋਚਨ ਸਿੰਘ ਕਪਿਆਲ, ਸ਼ਹੀਦ ਭਾਈ ਕੁਲਵਿੰਦਰ ਸਿੰਘ ਕਪਿਆਲ, ਸ਼ਹੀਦ ਭਾਈ ਖੇਮ ਸਿੰਘ, ਸ਼ਹੀਦ ਭਾਈ ਰਾਜ ਸਿੰਘ, ਸ਼ਹੀਦ ਭਾਈ ਪਿਆਰਾ ਸਿੰਘ ਤੇ ਬੀਬੀ ਭਰਪੂਰ ਕੌਰ ਅਤੇ ਸ਼ਹੀਦ ਭਾਈ ਅਮਰ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਭਾਈ ਮਲਕੀਤ ਸਿੰਘ (ਸਿੱਖ ਜਥਾ ਮਾਲਵਾ) ਨੇ ਆਈ ਸੰਗਤ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਨੌਜਵਾਨਾਂ ਨੇ ਹਾਜਰੀ ਭਰੀ ਅਤੇ ਹੱਥੀਂ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ‘ਨੀਸਾਣਿ’ ਵੱਲੋਂ ਕਿਤਾਬਾਂ, ਗੁਰਮੁਖੀ ਅੱਖਰਕਾਰੀ ਅਤੇ ਚਿੱਤਰਕਾਰੀ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਸਿੱਖ ਜਥਾ ਮਾਲਵਾ ਤੋਂ ਇਲਾਵਾ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਾਮ ਸਿੰਘ ਢਪਾਲੀ, ਭਾਈ ਗੁਰਤੇਜ ਸਿੰਘ ਖਡਿਆਲ, ਲੱਖੀ ਜੰਗਲ ਖਾਲਸਾ ਜਥਾ, ਭਾਈ ਜਸਵੰਤ ਸਿੰਘ ਨਿਰਮਲ ਬੁੰਗਾ ਭਿੰਡਰਾਂ, ਭਾਈ ਰਾਮ ਸਿੰਘ ਪਟਿਆਲਾ, ਗੋਸ਼ਟਿ ਸਭਾ-ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ.ਗੋਬਿੰਦ ਸਿੰਘ (ਸ੍ਰੋ.ਅ.ਦ.ਅੰਮ੍ਰਿਤਸਰ) ਜਥੇਦਾਰ ਗੁਰਨੈਬ ਸਿੰਘ ਰਾਮਪੁਰਾ (ਸ੍ਰੋ.ਅ.ਦ.ਅੰਮ੍ਰਿਤਸਰ), ਹਰਵਿੰਦਰ ਸਿੰਘ ਬਾਮਸੇਫ, ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਭਾਈ ਮਨਦੀਪ ਸਿੰਘ ਸੂਲਰ, ਮਹਿਲਾਂ ਗੁਰਦੁਆਰਾ ਸੇਵਾ ਸੰਭਾਲ ਜਥਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ ਸੇਵਾ ਸੰਭਾਲ ਜਥਾ, ਭਾਈ ਜਸਵੰਤ ਸਿੰਘ ਦਿੜਬਾ, ਸੁਖਮਨੀ ਸਾਹਿਬ ਸੁਸਾਇਟੀ ਭਵਾਨੀਗੜ੍ਹ, ਭਾਈ ਗੁਰਮੁਖ ਸਿੰਘ ਭੱਟੀਵਾਲ, ਭਾਈ ਮਨਦੀਪ ਸਿੰਘ ਸੂਲਰ, ਭਾਈ ਬਲਵੀਰ ਸਿੰਘ ਕਾਕੜਾ, ਭਾਈ ਮਸ਼ਿੰਦਰ ਸਿੰਘ, ਭਾਈ ਹਰਦੀਪ ਸਿੰਘ, ਭਾਈ ਰਣਯੋਧ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜਰ ਸੀ।