Site icon Sikh Siyasat News

ਡਾਕਟਰ ਪਰਮਜੀਤ ਸਿੰਘ ਅਜਰਾਵਤ ਦੇ ਸਦੀਵੀਂ ਵਿਛੋੜੇ ‘ਤੇ ਸਿੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜੀਅਮ (ਪ੍ਰਗਟ ਸਿੰਘ ਜੋਧਪੁਰੀ): ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਅਮਰੀਕਾ ਵਿੱਚ ਜਲਾਵਤਨੀ ਹੰਢਾਂਉਂਦੇ ਹੋਏ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਦੀ ਮੌਤ ‘ਤੇ ਸਿੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਗਲੈਂਡ ‘ਤੋਂ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ, ਫਰਾਂਸ ‘ਤੋਂ ਭਾਈ ਰਘਵੀਰ ਸਿੰਘ ਕੁਹਾੜ ਅਤੇ ਬਾਬਾ ਕਸ਼ਮੀਰ ਸਿੰਘ ਅਤੇ ਜਰਮਨੀ ‘ਤੋਂ ਭਾਈ ਗੁਰਮੀਤ ਸਿੰਘ ਖਨਿਆਣ ਹੋਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ ਕਿਹਾ ਕਿ ਡਾਕਟਰ ਅਜਰਾਵਤ ਹੋਰਾਂ ਨੇ ਪੱਛਮ ਦੀ ਅਰਾਮਦਾਇਕ ਜ਼ਿੰਦਗੀ ਨੂੰ ਵੀ ਕੌਮ ਦੇ ਲੇਖੇ ਲਗਾ ਦਿੱਤਾ। ਉਪਰੋਕਤ ਸਿੱਖ ਆਗੂਆਂ ਨੇ ਡਾਕਟਰ ਪਰਮਜੀਤ ਸਿੰਘ ਅਜਰਾਵਤ ਦੇ ਵਿਛੋੜੇ ਨੂੰ ਅਜ਼ਾਦ ਸਿੱਖ ਰਾਜ ਲਈ ਚੱਲ ਰਹੇ ਸੰਘਰਸ਼ ਲਈ ਵੱਡਾ ਘਾਟਾ ਕਿਹਾ ਹੈ।

ਡਾਕਟਰ ਪਰਮਜੀਤ ਸਿੰਘ ਅਜਰਾਵਤ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਡਾਕਟਰ ਅਜਰਾਵਤ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਖਾਲਿਸਤਾਨ ਡੇ ਪਰੇਡ ਦੀ ਸ਼ੁਰੂਆਤ ਕੀਤੀ ਸੀ ਤੇ ਅਮਰੀਕਾ ਦੇ ਮਸ਼ਹੂਰ ਲਿੰਕਨ ਮੈਮੋਰੀਅਲ ‘ਤੇ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ। ਡਾਕਟਰ ਸਾਹਿਬ ਹੋਰਾਂ ਨੇ 23 ਜੂਨ 1993 ਵਿੱਚ ਹੌਲੈਂਡ ਦੇ ਡੈਨਹਾਗ ਸ਼ਹਿਰ ਵਿੱਚ ਯੂ.ਐਨ.ਪੀ.ਓ ਵਿੱਚ ਖਾਲਿਸਤਾਨ ਦਾ ਨਾਮ ਦਰਜ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਡਾਕਟਰ ਅਜਰਾਵਤ ਸਿੱਖ ਮਸਲਿਆਂ ਸਬੰਧੀ ਯੂਰਪ ਅਤੇ ਹੋਰ ਮੁਲਕਾਂ ਵਿੱਚ ਵੀ ਸਮੇਂ-ਸਮੇਂ ਅਵਾਜ਼ ਬੁਲੰਦ ਕਰਦੇ ਰਹਿੰਦੇਂ ਸਨ ਜਿਸ ਕਾਰਨ ਪੰਥਕ ਸਫਾਂ ਵਿੱਚ ਉਹਨਾਂ ਦੀ ਘਾਟ ਹਮੇਸਾਂ ਰੜਕਦੀ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version