ਚੰਡੀਗੜ੍ਹ: ਜੂਨ 1984 ਵਿਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ “ਸਿੱਖ ਰੈਫਰੈਂਸ ਲਾਇਬਰੇਰੀ” ਦੇ ਹੋਏ ਨੁਕਸਾਨ ਅਤੇ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਸਬੰਧੀ ਲੇਖਾ ਤਿਆਰ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਬਣਾਈ ਗਈ ਇਕ ਸਪੈਸ਼ਲ ਕਮੇਟੀ ਨੂੰ ਅੱਜ ਸਿੱਖ ਬੁੱਧੀਜੀਵੀਆਂ ਨੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਗਿਆ ਕਿ ਇਹ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਇਕ ਯਤਨ ਹੈ।
ਇਨ੍ਹਾਂ ਸਿੱਖ ਬੁੱਧੀਜੀਵੀਆਂ ਵਿਚ ਸ. ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਜਸਪਾਲ ਸਿੰਘ ਸਿੱਧੂ, ਡਾ. ਖੁਸ਼ਹਾਲ ਸਿੰਘ, ਪ੍ਰੋ. ਹਰਪਾਲ ਸਿੰਘ, ਪ੍ਰੋ. ਸ਼ਾਮ ਸਿੰਘ, ਪੱਤਰਕਾਰ ਕਰਮਜੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਸ. ਰਾਜਿੰਦਰ ਸਿੰਘ ਖਾਲਸਾ ਅਤੇ ਸ. ਗੁਰਪ੍ਰੀਤ ਸਿੰਘ ਸ਼ਾਮਲ ਹਨ।
ਇਕ ਸਾਂਝੇ ਬਿਆਨ ਵਿਚ ਸਿੱਖ ਚਿੰਤਕਾਂ ਨੇ ਕਿਹਾ ਹੈ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਿਯੁਕਤ ਕਮੇਟੀ ਦੇ ਮੈਂਬਰ ਉਹ ਵਿਅਕਤੀ ਹੀ ਹਨ ਜਿਹੜੇ ਪਿਛਲੇ ਦਹਾਕਿਆਂ ਦੌਰਾਨ ਸ਼੍ਰੋ.ਗੁ.ਪ੍ਰ.ਕ. ਵਿਚ ਤਾਇਨਾਤ ਰਹੇ ਹਨ ਅਤੇ ਉਹਨਾਂ ਉਤੇ ਹੀ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਵਿਚ ਸ਼ਾਮਲ ਹੋਣ ਦੇ ਦੋਸ਼ ਲਗਦੇ ਰਹੇ ਹਨ।
ਅੱਜ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਈ ਇਕੱਤਰਤਾ ਵਿਚ ਕਿਹਾ ਗਿਆ ਕਿ ਪਿਛਲੇ ਦਿਨੀਂ ਸਿੱਖ ਰੈਫਰੈਂਸ ਲਾਇਬਰੇਰੀ ਦੀ ਗੁੰਮਸ਼ੁਦਗੀਦਾ ਮਾਮਲਾ ਉਸ ਵੇਲੇ ਹੋਰ ਉਲਝ ਗਿਆ, ਜਦੋਂ ਕੇਂਦਰੀ ਜਾਂਚ ਬਿਊਰੋ ਦੇ ਕੁੱਝ ਦਸਤਾਵੇਜ਼ ਸਾਹਮਣੇ ਆ ਗਏ ਹਨ ਕਿ ਸ਼੍ਰੋ.ਗੁ.ਪ੍ਰ.ਕ. ਦੇ ਅਧਿਕਾਰੀਆਂ ਨੂੰ ਲਾਇਬਰੇਰੀ ਦੀਆਂ ਕੁੱਝ ਵਸਤਾਂ ਵਾਪਸ ਕਰ ਚੁੱਕੇ ਹਨ, ਜਿਨ੍ਹਾਂ ਵਿਚ ਪੁਸਤਕਾਂ, ਗੁਟਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ-ਲਿਖਤ ਸਰੂਪ ਹਨ। ਇਹ ਮਾਮਲਾ ਉਸ ਵਕਤ ਹੋਰ ਭੱਖ ਗਿਆ ਜਦ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਹੋਰਨਾਂ ਨੇ ਇਹ ਦੋਸ਼ ਲਗਾ ਦਿੱਤੇ ਹਨ ਕਿ ਸ਼੍ਰੋ.ਗੁ.ਪ੍ਰ.ਕ. ਦੇ ਕੁੱਝ ਅਧਿਕਾਰੀਆਂ ਨੇ ਕੇਂਦਰੀ ਜਾਂਚ ਬਿਊਰੋ ਵੱਲੋਂ ਵਾਪਸ ਕੀਤੇ ਗਏ ਇਤਿਹਾਸਕ ਸਰੂਪ ਕਰੋੜਾਂ ਰੁਪਏ ਲੈ ਕੇ ਵੇਚ ਦਿੱਤੇ ਹਨ।
ਬੁੱਧੀਜੀਵੀਆਂ ਨੇ ਕਿਹਾ ਕਿ ਇਸ ਨਾਲ ਸ਼੍ਰੋ.ਗੁ.ਪ੍ਰ.ਕ. ਦਾ ਸਮੁੱਚਾ ਤਾਣਾ ਬਾਣਾ ਇਕ ਵਾਰ ਫਿਰ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ ਤੇ ਵਿਸ਼ਵ-ਭਰ ਦੇ ਸਿੱਖਾਂ ਵਿਚ ਰੋਸ ਫੈਲ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਰੋਸ ਦੇ ਮੱਦੇਨਜ਼ਰ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਨੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸਕੱਤਰ ਦਲਮੇਘ ਸਿੰਘ, ਮੌਜੂਦਾ ਮੁੱਖ ਸਕੱਤਰ ਰੂਪ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਅਮਰ ਸਿੰਘ ਅਧਾਰਤ “ਪੰਜ ਮੈਂਬਰੀ ਕਮੇਟੀ” ਬਣਾਈ ਹੈ ਤੇ ਕਿਹਾ ਗਿਆ ਹੈ ਕਿ ਇਹ ਪੰਜ ਜਣੇ ਮਾਮਲੇ ਦੀ ਜਾਂਚ ਕਰਨਗੇ।
ਸਿੱਖ ਬੁੱਧੀਜੀਵੀਆਂ ਨੇ ਉਕਤ ਪੰਜਾਂ ਵਿਚੋਂ ਚਾਰਾਂ (ਡਾ. ਅਮਰ ਸਿੰਘ ਨੂੰ ਛੱਡ ਕੇ) ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਤਾਂ ਉਹੀ ਲੋਕ ਹਨ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ “ਇਹ ਚਾਰੇ ਬਾਦਲ ਪਰਿਵਾਰ ਦੇ ਹੱਥ ਬੰਨ੍ਹ ਗੁਲਾਮ ਹਨ। ਇਹ ਉਹ ਹੀ ਕਰ ਰਹੇ ਹਨ ਜੋ ਬਾਦਲ ਪਰਿਵਾਰ ਜਾਂ ਉਪਰੋਂ ਮੋਦੀ ਸਰਕਾਰ ਦਾ ਹੁਕਮ ਹੋਵੇਗਾ। ਸਿੱਖ ਬੁੱਧੀਜੀਵੀਆਂ ਨੇ ਇਨ੍ਹਾਂ ਮੈਂਬਰਾਂ ਨੂੰ ਸਵਾਲ ਕੀਤਾ ਕਿ ਪਹਿਲਾਂ ਤਾਂ ਕੌਮ ਸਾਹਮਣੇ ਉਹ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਰੱਖਣ ਜੋ ਇਨ੍ਹਾਂ ਨੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਬੰਧ ਵਿਚ ਮੋਦੀ ਸਰਕਾਰ ਦੌਰਾਨ ਕੀਤੀ ਹੈ”।