ਜਲੰਧਰ: ਇੱਥੋਂ ਦੇ ਦੋ ਗੁਰਦੁਆਰਿਆਂ ਵਿੱਚ ਖ਼ਾਲਸਾ ਏਡ ਨੇ ਸੰਗਤ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਅਪੀਲਾਂ ਕੀਤੀਆਂ ਹਨ। ਗੁਰਦੁਆਰਾ ਬਾਬਾ ਨਿਹਾਲ ਸਿੰਘ ਤੱਲ੍ਹਣ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਵਿਖੇ ਖ਼ਾਲਸਾ ਏਡ ਦੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਪਹਿਲਕਦਮੀ ਕਰਨ ਦੀ ਅਪੀਲ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਤੇਜਿੰਦਰਪਾਲ ਸਿੰਘ ਪ੍ਰਿੰਸ ਨੇ ਦੱਸਿਆ ਕਿ ਗੁਰਦੁਆਰਿਆਂ ਵਿੱਚ ਜਾ ਕੇ ਸੰਗਤ ਨੂੰ ਪੈਸਿਆਂ ਅਤੇ ਚੀਜ਼ਾਂ ਦਾਨ ਕਰਨ ਲਈ ਅਪੀਲ ਕੀਤੀ ਜਾਂਦੀ ਹੈ, ਜਿਹੜੀਆਂ ਸ਼ਰਨਾਰਥੀਆਂ ਲਈ ਲੋੜੀਂਦੀਆਂ ਹਨ। ਖ਼ਾਲਸਾ ਏਡ ਦੇ ਕਾਰਕੁਨਾਂ ਵਿਚ ਬੀਬੀਆਂ ਵੀ ਸ਼ਾਮਲ ਹਨ ਅਤੇ ਉਹ ਵੀ ਸੰਗਤ ਨੂੰ ਮਦਦ ਵਾਸਤੇ ਅਪੀਲ ਕਰ ਰਹੀਆਂ ਹਨ। ਬੀਤੇ ਦਿਨੀਂ ਗੁਰਦੁਆਰਾ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਜਥੇਬੰਦੀ ਦੇ ਸੇਵਾਦਾਰਾਂ ਨੇ ਇਕ ਵੱਡੀ ਫਲੈਕਸ ਫੜੀ ਹੋਈ ਸੀ, ਜਿਸ ਉਪਰ ਮਿਆਂਮਾਰ ਤੋਂ ਉੱਜੜ ਕੇ ਆਏ ਰੋਹਿੰਗਿਆ ਦੀ ਤਰਸਯੋਗ ਹਾਲਤ ਦੀਆਂ ਤਸਵੀਰਾਂ ਛਾਪੀਆਂ ਹੋਈਆਂ ਸਨ ਤੇ ਨਾਲ ਹੀ ਮਦਦ ਵਾਸਤੇ ਅਪੀਲ ਕੀਤੀ ਗਈ ਸੀ। ਖਾਲਸਾ ਏਡ ਵੱਲੋਂ ਸ਼ਰਨਾਰਥੀਆਂ ਲਈ ਚੌਲ, ਦਾਲਾਂ ਤੇ ਉਨ੍ਹਾਂ ਦੇ ਰਹਿਣ ਲਈ ਤੰਬੂਆਂ ਦਾ ਸਾਮਾਨ ਭੇਜਿਆ ਜਾ ਰਿਹਾ ਹੈ। ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਸੁਨੇਹਾ ਆਏਗਾ ਤਾਂ ਉਨ੍ਹਾਂ ਦੀ ਟੀਮ ਰਵਾਨਾ ਹੋ ਜਾਵੇਗੀ। ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਦੱਸਿਆ ਕਿ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਯਤਨ ਕੀਤੇ ਜਾ ਰਹੇ ਹਨ।
ਸਬੰਧਤ ਖ਼ਬਰ:
ਬੋਧੀ ਰਾਸ਼ਟਰਵਾਦ ਕਿਵੇਂ ਬਣਿਆ ਮਿਆਂਮਾਰ ‘ਚ ਰੋਹਿੰਗੀਆ ਮੁਸਲਮਾਨਾਂ ਦੇ ਕਾਤਲੇਆਮ ਦਾ ਕਾਰਨ? (ਲੇਖ)