ਚੰਡੀਗੜ੍ਹ: ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਫਾਸਾਵਾਦੀ ਹਕੂਮਤ ਵੱਲੋਂ ਰਾਜ ਨੂੰ ਮਿਲੇ ਵਿਸ਼ੇਸ਼ ਰੁਤਬੇ ਅਤੇ ਅਧਿਕਾਰਾਂ ਨੂੰ ਤਾਨਾਸ਼ਾਹੀ ਰਵੱਈਏ ਨਾਲ ਖ਼ਤਮ ਕਰ ਦਿੱਤਾ ਗਿਆ ਹੈ, ਅਜਿਹੇ ਹਾਲਾਤਾਂ ਵਿੱਚ ਗੁਆਢੀ ਹੋਣ ਕਾਰਨ ਅਤੇ ਸਿਧਾਂਤਿਕ ਸਾਂਝ ਕਾਰਨ ਆਪਣੀ ਜ਼ਿਮੇਵਾਰੀ ਸਮਝਦਿਆਂ ਕਸ਼ਮੀਰੀਆਂ ਦੇ ਹੱਕ ਵਿੱਚ ਪੰਜਾਬ ਤੇ ਤਾਮਿਲ ਨਾਇਡੋ ਦੀਆਂ ਰਾਜਨੀਤਕ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ 26 ਸਤੰਬਰ ਨੂੰ ਦਿੱਲੀ ਵਿਖੇ ਇੱਕ ਇਨਸਾਫ ਕਾਫਿਲਾ ਕੱਢਣਗੇ ਅਤੇ ਸਭਾ ਕਰਨਗੇ।
ਇਹ ਕਾਫਿਲਾ ਗੁਰਦੁਆਰਾ ਬੰਗਲਾ ਸਾਹਿਬ ਤੋ ਸ਼ੁਰੂ ਹੋ ਕੇ ਜੰਤਰ-ਮੰਤਰ ਤਕ ਜਾਵੇਗਾ ਜਿਥੇ ਇਨਸਾਫ ਸਭਾ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਦਲ ਖਾਲਸਾ ਵੱਲੋਂ ਕੀਤੇ ਜਾਣ ਵਾਲੇ ਇਸ ਜਨਤਕ ਵਿਰੋਧ ਵਿਖਾਵੇ ਵਿੱਚ ਪੰਜਾਬ ਤੋਂ ਯੂਨਾਈਟਿਡ ਅਕਾਲੀ ਦਲ ਤੇ ਸਿੱਖ ਯੂਥ ਆਫ਼ ਪੰਜਾਬ ਅਤੇ ਤਾਮਿਲ ਨਾਡੂ ਤੋਂ ਰਾਜਨੀਤਿਕ ਪਾਰਟੀ ‘ਨਾਮ ਤਾਮਿਲਰ ਕਾਚੀ’ ਅਤੇ ਦਿੱਲੀ ਤੋਂ ‘ਕਮੇਟੀ ਫ਼ਾਰ ਦੀ ਰਿਲੀਜ ਆਫ ਪੁਲੀਟੀਕਲ ਪਰੀਜਨਰਸ’ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ।
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ‘ਯੁਨਾਇਟਡ ਨੇਸ਼ਨਜ਼’ (ਯੁ.ਨੇ.) ਦੀ ਸਭਾ ਨੂੰ ਸੰਬੋਧਨ ਕਰਨਾ ਹੈ ਜਿੱਥੇ ਇਸ ਵਾਰ ਕਸ਼ਮੀਰ ਦਾ ਮੁੱਦਾ ਭਾਰੂ ਰਹਿਣ ਦੇ ਅਸਾਰ ਹਨ।
ਐਤਵਾਰ (15 ਸਤੰਬਰ) ਨੂੰ ਚੰਡੀਗੜ੍ਹ ਵਿਖੇ ਕੀਤੀ ਇਕ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਉਕਤ ਦਲਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਯੁ.ਨੇ. ਦੇ ਇਜਲਾਸ ਵਿਚ ਕਸ਼ਮੀਰ ਨੂੰ ਹਕੂਮਤੀ ਜਬਰ-ਜ਼ੋਰ ਨਾਲ ਭਾਰਤ ਅੰਦਰ ਜਜ਼ਬ ਕਰਨ ਦੀ ਨੀਤੀ ਬਾਰੇ ਆਪਣਾ ਪੱਖ ਪੇਸ਼ ਕਰੇਗਾ ਤਾਂ ਉਸ ਮੌਕੇ ਭਾਰਤੀ ਉਪਮਹਾਂਦੀਪ ਵਿਚ ਨਵੀਂ ਦਿੱਲੀ ਵਿਖੇ ਭਾਰਤ ਵੱਲੋਂ ਬੰਦੂਕ ਦੀ ਨੋਕ ਉੱਤੇ ਪਿੰਜਰੇ ਵਿੱਚ ਜਕੜੇ ਹੋਏ ਕਸ਼ਮੀਰੀਆਂ ਦੀ ਆਵਾਜ਼ ਪੰਜਾਬ ਅਤੇ ਤਾਮਿਲ ਨਾਇਡੋ ਦੇ ਲੋਕ ਬਣਨਗੇ। ਉਹਨਾਂ ਕਿਹਾ ਕਿ ਦਿੱਲੀ ਵਿਚ ਕਾਫਲਾ ਤੇ ਸਭਾ ਰੱਖਣ ਦਾ ਮਕਸਦ ਭਾਰਤੀ ਉਪਮਹਾਂਦੀਪ ਦੀ ਅਵਾਮ ਅਤੇ ਦੁਨੀਆਂ ਦੇ ਮੁਲਕਾਂ ਦਾ ਕਸ਼ਮੀਰ ਵੱਲ ਧਿਆਨ ਖਿੱਚਣ ਅਤੇ ਸੁੱਤੀ ਜ਼ਮੀਰ ਨੂੰ ਝੰਜੋੜਣਾ ਹੈ।
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਐਲਾਨ ਕੀਤਾ ਕੀਤਾ ਕਿ ਉਹਨਾਂ ਦੀਆਂ ਵਿਦੇਸ਼ਾਂ ਵਿਚਲੀਆਂ ਇਕਾਈਆਂ ਸਹਿਯੋਗੀ ਦਲਾਂ ਜਿਵੇਂ ਕਿ ਸਿੱਖ ਯੂਥ ਆਫ ਅਮਰੀਕਾ ਦੇ ਸਹਿਯੋਗ ਨਾਲ ਸਿੱਖਾਂ ਅਤੇ ਕਸ਼ਮੀਰੀਆਂ ਨਾਲ ਮਿਲ ਕੇ ਨਰਿੰਦਰ ਮੋਦੀ ਦੇ ਯੁ.ਨੇ. ਅੰਦਰ ਭਾਸ਼ਨ ਮੌਕੇ ਦੁਨੀਆ ਦੇ ਇਸ ਅਦਾਰੇ ਦੇ ਮੁੱਖ ਦਫਤਰ ਮੁਹਰੇ ਕਸ਼ਮੀਰੀਆਂ ਉਤੇ ਹੋ ਰਹੇ ਹਕੂਮਤੀ ਜਬਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਨਗੇ।
ਸ਼੍ਰੋ.ਅ.ਦ.ਅ. (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਨੇ ਪਿਛਲੇ 40 ਦਿਨਾਂ ਤੋਂ ਘਾਟੀ ਦੀ ਸਮੁੱਚੀ ਆਬਾਦੀ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਉਹ ਇਸ ਅਨਿਆਂ ਵਿਰੁੱਧ ਆਪਣੇ ਨਾਲ ਕਸ਼ਮੀਰ ਅਤੇ ਕਸ਼ਮੀਰੀਆਂ ਨੂੰ ਇੱਕੋ ਜਿਹਾ ਪਿਆਰ ਕਰਨ ਵਾਲਿਆਂ ਨੂੰ ਨਾਲ ਲੈ ਕੇ ਜੰਤਰ-ਮੰਤਰ ਵਿਖੇ ਕਸ਼ਮੀਰ ਦੇ ਲੋਕਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਅਤੇ ਭਾਰਤੀ ਰਾਜ ਵੱਲੋਂ ਨਿਰੰਤਰ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਹਕੂਮਤੀ ਧੱਕੇਸ਼ਾਹੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਗੇ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਇਨਸਾਫ਼ ਸਭਾ ਸਪੱਸ਼ਟ ਤੌਰ ‘ਤੇ ਇਹ ਐਲਾਨ ਕਰਨ ਲਈ ਇਕ ਮਹੱਤਵਪੂਰਣ ਬਿੰਦੂ ਵਜੋਂ ਕੰਮ ਕਰੇਗੀ ਕਿ ਕਸ਼ਮੀਰ ਦੀ ਸਮੱਸਿਆ ਇਕ ਕੌਮਾਂਤਰੀ ਮਸਲਾ ਹੈ ਨਾ ਕਿ ਭਾਰਤ ਦੀ ਅੰਦਰੂਨੀ ਸੁਰੱਖਿਆ ਮਸਲਾ ਜਿਸ ਤਰ੍ਹਾਂ ਕਿ ਭਾਰਤ ਅਤੇ ਕੁਝ ਭਾਰਤ-ਹਿਤੈਸ਼ੀ ਮੁਲਕਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਹਾਲਾਂਕਿ ਸਾਨੂੰ ਇਸ ਗੱਲ ਦੀ ਤਸੱਲੀ ਹੋ ਰਹੀ ਹੈ ਕਿ ਯੁ.ਨੇ. ਵਿਚ ਕਸ਼ਮੀਰ ਦੀ ਸਮੁੱਚੀ ਹਾਲਤ ਨੂੰ ਲੈ ਕੇ ਚਿੰਤਾ ਦਾ ਜ਼ਾਹਰ ਕਰ ਰਿਹਾ ਹੈ ਪਰ ਫਿਰ ਵੀ ਅਜੇ ਬਹੁਤ ਕੁਝ ਹੋਰ ਅਮਲੀ ਤੌਰ ਉਤੇ ਕਰਨਾ ਬਾਕੀ ਹੈ।
ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਮੋਦੀ ਨਿਜ਼ਾਮ ਦੀਆਂ ਫੈਲਾ-ਵਾਦੀ ਨੀਤੀਆਂ ਕਾਰਨ ਪੂਰਾ ਦੇਸ਼ ਡਰ ਤੇ ਸਹਿਮ ਵਿੱਚ ਘਿਰਿਆ ਹੋਇਆ ਹੈ। ਵਿਰੋਧੀ ਪਾਰਟੀਆਂ, ਗੈਰ-ਸਰਕਾਰੀ ਸਮੂਹ, ਵਿਅਕਤੀਗਤ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਕਰਨ ਵਾਲੇ ਸਾਰੇ ਹੀ ਭਾਰਤੀ ਰਾਜ ਦੇ ਦਬਾਅ ਤੇ ਦਮਨ ਹੇਠ ਹਨ।
ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਅਖੌਤੀ ਰਾਸ਼ਟਰਵਾਦੀ ਸੋਚ ਭਾਰੂ ਹੈ ਅਤੇ ਇਸ ਰਾਸ਼ਟਰਵਾਦ ਦੀ ਆੜ ਹੇਠ ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਘੱਟ ਗਿਣਤੀਆਂ ਨੂੰ ਕੁਚਲਣ ਲਈ ਸਰਕਾਰੀ ਦਹਿਸ਼ਤ ਫੈਲਾਈ ਗਈ ਹੈ।
ਇਸ ਮੌਕੇ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਗੁਰਨਾਮ ਸਿੰਘ ਸਿੱਧੂ, ਅਤੇ ਤਾਮਿਲ ਨਾੲਡੋ ਤੋਂ ਜਗਤੇਸ਼ਵਰਨ ਮੌਜੂਦ ਸਨ।