Site icon Sikh Siyasat News

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਕਾਲਜ ਪਟਿਆਲਾ ਵਿਖੇ ਸੈਮੀਨਾਰ 14 ਅਗਸਤ ਨੂੰ

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੀ ਵੱਡੀ ਭੂਮਿਕਾ ਹੈ, ਜਿਸਨੂੰ ਵਰਤਮਾਨ ਪੀੜੀ ਅੰਦਰ ਉਭਾਰਨਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੰਗੇ ਆਜ਼ਾਦੀ ਦੇ ਪੰਜਾਬੀ ਖਾਸਕਰ ਸਿੱਖ ਸੂਰਮਿਆਂ ਦੀ ਯਾਦ ਵਿਚ ਖਾਲਸਾ ਕਾਲਜ ਪਟਿਆਲਾ ਵਿਖੇ 14 ਅਗਸਤ ਨੂੰ ਵਿਸ਼ੇਸ਼ ਸੈਮੀਨਾਰ ਕਰਵਾਿੲਆ ਜਾ ਰਿਹਾ ਹੈ। ਇਹ ਸੈਮੀਨਾਰ 1946 ਵਿਚ ਸ਼ਹੀਦ ਹੋਏ ਭਾਈ ਮਹਾਰਾਜ ਸਿੰਘ ਨੂੰ ਸਮਰਪਿਤ ਹੋਵੇਗਾ ਅਤੇ ਇਸ ਵਿਚ ਸਿੱਖ ਵਿਦਵਾਨਾਂ ਵੱਲੋਂ ਆਜ਼ਾਦੀ ਵਿਚ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਰੂਪਮਾਨ ਕਰਦੇ ਖੋਜ ਭਰਪੂਰ ਪਰਚੇ ਪੜ੍ਹੇ ਜਾਣਗੇ। ਸੈਮੀਨਾਰ ਦਾ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 1:00 ਵਜੇ ਤੀਕ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੀ ਘਾਲਣਾ ਨੂੰ ਉਭਾਰਨ ਲਈ ਪ੍ਰੋ: ਬਡੂੰਗਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ‘ਚ ਕਾਲੇਪਾਣੀ ਦੀ ਸੈਲੂਲਰ ਜ਼ੇਲ੍ਹ ਦੇ ਮਿਊਜ਼ੀਅਮ ਅਤੇ ਗੈਲਰੀ ਵਿਚੋਂ ਪੰਜਾਬੀਆਂ ਦੀ ਗਾਥਾ ਨੂੰ ਘੱਟ ਕਰਕੇ ਦਰਸਾਉਣ ਦਾ ਮਾਮਲਾ ਸਾਹਮਣੇ ਆਉਣ ‘ਤੇ ਅਜਿਹਾ ਹੀ ਇੱਕ ਸੈਮੀਨਾਰ ਚੰਡੀਗੜ੍ਹ ਵਿਖੇ ਵੀ ਕਰਵਾਇਆ ਗਿਆ ਸੀ। ਯਾਦ ਰਹੇ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸੰਗ੍ਰਹਿ ਤਿਆਰ ਕਰਵਾਉਣ ਦਾ ਫੈਸਲਾ ਵੀ ਕੀਤਾ ਜਾ ਚੁੱਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version