Site icon Sikh Siyasat News

ਸ਼੍ਰੋ.ਗੁ.ਪ੍ਰ.ਕ. ਦੇ ਧਰਮ ਪਰਚਾਰ ਸਮਾਗਮ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਗੁਰਬਾਣੀ ਦਾ ਗਲਤ ਉਚਾਰਨ

ਅੰਮ੍ਰਿਤਸਰ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰੂ ਸਾਹਿਬ ਦੇ ਜੀਵਨ ਫਲਸਫੇ ਅਤੇ ਉਨ੍ਹਾਂ ਦੁਆਰਾ ਉਚਾਰੀ ਬਾਣੀ ਨੂੰ ਘਰ ਘਰ ਪਹੁੰਚਾਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਖੁਦ ਹੀ ਗੁਰਬਾਣੀ ਦੇ ਗਲਤ ਉਚਾਰਣ ਕਰਕੇ ਬੁਰੀ ਤਰ੍ਹਾਂ ਫਸ ਗਏ ਹਨ ।

ਕਮੇਟੀ ਪ੍ਰਧਾਨ ਗੁਰਬਾਣੀ ਦੇ ਜਿਸ ਪਾਵਨ ਸ਼ਬਦ ਦਾ ਗਲਤ ਉਚਾਰਣ ਕੀਤਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਹੋਇਆ ਹੈ ਅਤੇ ਸ੍ਰ:ਲੋਂਗੋਵਾਲ ਨੇ ਅਜੇਹੀ ਭੱੁਲ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰ ਹਜੂਰੀ ਵਿੱਚ ਕੀਤੀ ਹੈ।

ਸ਼੍ਰੋ.ਗੁ.ਪ੍ਰ.ਕ. ਦੇ ਧਰਮ ਪਰਚਾਰ ਸਮਾਗਮ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸੰਗਤ ਨਾਲ ਵਿਚਾਰ ਸਾਝੇ ਕਰਦੇ ਹੋਏ

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਗੁਰਮਤਿ ਸਮਾਗਮ ਦਾ ਅਯੋਜਨ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਸਮਾਗਮ ਗੁਰੂ ਨਾਨਕ ਪਾਤਸ਼ਾਹ ਦੇ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਖਤ ਸਾਹਿਬਾਨ ਵਿਖੇ ਹਫਤਾਵਾਰੀ ਸਮਾਗਮਾਂ ਦੀ ਲੜੀ ਵਜੋਂ ਸ਼ੁਰੂਆਤੀ ਸਮਾਗਮ ਸੀ ।ਸਮਾਗਮ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਦਲ ਦਲ ਦੇ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਹਰਿਆਣਾ ਤੋਂ ਕਮੇਟੀ ਪ੍ਰਚਾਰਕ ਤੇ ਕਥਾਵਾਚਕ ਗਿਆਨੀ ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਕਮੇਟੀ ਪ੍ਰਬੰਧਕ ਅਤੇ ਸਕੂਲਾਂ ਕਾਲਜਾਂ ਦੇ ਬੱਚੇ ਸ਼ਾਮਿਲ ਸਨ ।

ਪ੍ਰਧਾਨ ਲੋਂਗੋਵਾਲ ਨੇ ਆਪਣੇ ਸੰਬੋਧਨ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਜੁੜੀ ਉਸ ਘਟਨਾ ਦਾ ਜਿਕਰ ਕਰਦਿਆਂ (ਜਿਸ ਵਿੱਚ ਪੰਡਿਤ ਪਾਤਸ਼ਾਹ ਨੂੰ ਜਨੇਊ ਪਾਣ ਦੀ ਰਸਮ ਨਿਭਾਉਣ ਆਉਂਦਾ ਹੈ)ਗੁਰੂ ਸਾਹਿਬ ਵਲੋਂ ਉਚਾਰੀ ਬਾਣੀ “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ”॥ਦਾ ਉਚਾਰਣ ਕਰਦਿਆਂ ‘ਏਹ ਜਨੇਊ ਨਾਨਕਾ’ ਕਹਿ ਕੇ ਅੱਗੇ ਤੁੱਕ ਹੀ ਭੁੱਲ ਗਏ ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੀ ਭੁੱਲ ਨੂੰ ਸਵੀਕਾਰਿਆ ਨਹੀ ਬਲਕਿ ਸੱਚੇ ਜਨੇਊ ਦੀ ਵਿਆਖਿਆ ਕਰਨ ਲਗ ਪਏ।ਸ਼੍ਰੋਮਣੀ ਕਮੇਟੀ ਵਲੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਏ ਜਾਣ ਸਬੰਧੀ ਉਲੀਕੇ ਪ੍ਰੋਗਰਾਮਾਂ ਤਹਿਤ ਬੀਤੇ ਕਲ੍ਹ ਦਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹਿਲਾ ਸਮਾਗਮ ਸੀ ਜਿਸ ਨੂੰ ਹਫਤਾਵਾਰੀ ਸਮਾਗਮ ਦਾ ਨਾਮ ਦਿੱਤਾ ਗਿਆ।ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਚੈਨਲ (ਪੀਟੀਸੀ ਸਿਮਰਨ) ਵਲੋਂ ਕੀਤਾ ਗਿਆ ਸੀ।ਜਿਸਦੀ ਵੀਡੀਓ ਕਲਿਪ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਵਾਇਰਲ ਹੋਈ ਹੈ।

ਜਿਕਰਯੋਗ ਕਿ ਗੋਬਿੰਦ ਸਿੰਘ ਲੋਂਗੋਵਾਲ ਨੂੰ ਨਵੰਬਰ 2017 ਵਿੱਚ ਪ੍ਰਧਾਨ ਥਾਪੇ ਜਾਣ ਮੌਕੇ ਦੱਸਿਆ ਗਿਆ ਸੀ ਕਿ ਲੋਂਗੋਵਾਲ ਨੇ ਗੁਰਬਾਣੀ ਦੀ ਸੰਥਯਾ ਕੀਤੀ ਹੋਈ ਹੈ ਤੇ ਉਹ ਕੀਰਤਨੀਏ ਵੀ ਹਨ ।ਲੋਂਗੋਵਾਲ 1985 ਤੋਂ ਸੰਗਰੂਰ ਜਿਲ੍ਹੇ ਦੇ ਪਿੰਡ ਕੈਂਬੋਵਾਲ ਸਥਿਤ ਅਮਰ ਸ਼ਹੀਦ ਭਾਈ ਮਨੀ ਸਿੰਘ ਦੇ ਯਾਦਗਾਰੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version