Site icon Sikh Siyasat News

ਸ਼੍ਰੋਮਣੀ ਕਮੇਟੀ ਅਤੇ ਬਾਬਾ ਕਸ਼ਮੀਰਾ ਸਿੰਘ ਵਲੋਂ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦੀ ਤਿਆਰੀ, ਮਸਲਾ ਭਖਿਆ

punjab page;A view of Sri Guru RamDass Ji Niwes at Golden Temple complex in Amritsar on June28.photo by vishal kumar

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਸਥਿਤ ਗੁਰੂ ਰਾਮਦਾਸ ਸਰਾਂ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਇਸ ਦੀ ਥਾਂ ’ਤੇ ਨਵੀਂ ਆਧੁਨਿਕ ਸਰਾਂ ਬਣਾਉਣ ਦੀ ਯੋਜਨਾ ਅੱਜ ਉਦੋਂ ਵਿਵਾਦ ਦੇ ਘੇਰੇ ਵਿੱਚ ਆ ਗਈ ਜਦੋਂ ਸਿੱਖ ਸਦਭਾਵਨਾ ਦਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਸ ਵਿਰਾਸਤੀ ਇਮਾਰਤ ਨੂੰ ਢਾਹਿਆ ਤਾਂ ਉਹ ਇਸ ਮਾਮਲੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਦਰਬਾਰ ਸਾਹਿਬ ਸਮੂਹ ਵਿੱਚ ਮੌਜੂਦਾ ਸਰਾਵਾਂ ਵਿੱਚੋਂ ਸ੍ਰੀ ਗੁਰੂ ਰਾਮਦਾਸ ਸਰਾਂ ਸਭ ਤੋਂ ਪੁਰਾਣੀ ਹੈ, ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਹੈ। ਇੱਥੇ ਲੱਗੇ ਨੀਂਹ ਪੱਥਰ ਅਨੁਸਾਰ ਇਹ ਸਰਾਂ 1931 ਵਿੱਚ ਬਣਾਈ ਗਈ ਸੀ, ਜਿਸ ਵਿੱਚ 200 ਤੋਂ ਵੱਧ ਕਮਰੇ ਹਨ ਅਤੇ ਕਈ ਹਾਲ ਵੀ ਹਨ। ਕਿਸੇ ਸਮੇਂ ਇਸ ਸਰਾਂ ਵਿੱਚ ਯਾਤਰੂਆਂ ਨੂੰ ਮੁਫ਼ਤ ਕਮਰੇ ਦਿੱਤੇ ਜਾਂਦੇ ਸਨ ਅਤੇ ਹੁਣ ਵੀ ਸਭ ਤੋਂ ਘੱਟ ਰੇਟ ’ਤੇ ਇਸ ਸਰਾਂ ਵਿਚ ਕਮਰੇ ਅਤੇ ਹਾਲ ਉਪਲਬਧ ਹਨ। ਇਸ ਤੋਂ ਇਲਾਵਾ ਇਸ ਇਮਾਰਤ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਦਫਤਰ ਵੀ ਮੌਜੂਦ ਹਨ। ਸ਼੍ਰੋਮਣੀ ਕਮੇਟੀ ਇਸ ਵੇਲੇ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਦੀ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਇਸ ਪੁਰਾਣੀ ਇਮਾਰਤ ਦੀ ਥਾਂ ਨਵੀਂ ਇਮਾਰਤ ਬਣਾ ਕੇ ਉਸ ਵਿੱਚ ਵਧੇਰੇ ਕਮਰੇ ਬਣਾਉਣਾ ਚਾਹੁੰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਸਰਾਂ ਦੀ ਨਵੀਂ ਉਸਾਰੀ ਦੀ ਸ਼ੁਰੂਆਤ 2 ਜੁਲਾਈ ਨੂੰ ਕਰਨ ਦੀ ਯੋਜਨਾ ਹੈ ਤੇ ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।

ਦਰਬਾਰ ਸਾਹਿਬ ਦੇ ਨੇੜੇ ਬਣੀਆਂ ਸਰਾਵਾਂ ਵਿਚੋਂ ਸਭ ਤੋਂ ਪੁਰਾਣੀ (1931) ਗੁਰੂ ਰਾਮਦਾਸ ਸਰਾਂ

ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਵਿਕਾਸ ਦੇ ਨਾਂ ’ਤੇ ਵਿਰਾਸਤੀ ਇਮਾਰਤਾਂ ਦੀ ਦਿੱਖ ਨੂੰ ਖ਼ਤਮ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਘੰਟਾ ਘਰ ਦੀ ਪੁਰਾਣੀ ਦਿੱਖ ਦੀ ਮਿਸਾਲ ਦਿੰਦਿਆਂ ਕਈ ਹੋਰ ਪੁਰਾਤਨ ਇਮਾਰਤਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਗੁਰੂ ਰਾਮਦਾਸ ਸਰਾਂ ਦੀ ਇਮਾਰਤ ਸਿੱਖ ਵਿਰਾਸਤ ਨਾਲ ਜੁੜੀ ਹੋਈ ਹੈ। ਆਜ਼ਾਦੀ ਸੰਗਰਾਮ ਵਾਸਤੇ ਇੱਥੇ ਕਈ ਮੀਟਿੰਗਾਂ ਹੋਈਆਂ। ਖ਼ਾਲਿਸਤਾਨ ਬਾਰੇ ਵੀ ਇੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਵੀ ਇਹ ਇਮਾਰਤ ਗਵਾਹ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਸੂਰਤ ਵਿੱਚ ਇਸ ਵਿਰਾਸਤੀ ਇਮਾਰਤ ਨੂੰ ਢਾਹੁਣ ਨਹੀਂ ਦਿੱਤਾ ਜਾਵੇਗਾ। ਜਥੇਬੰਦੀ ਇਸ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਦੱਸਿਆ ਕਿ ਉਹ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨਾਲ ਵੀ ਮੀਟਿੰਗ ਕਰ ਚੁੱਕੇ ਹਨ ਕਿ ਉਹ ਇਸ ਵਿਰਾਸਤੀ ਇਮਾਰਤ ਨੂੰ ਢਾਹ ਢੇਰੀ ਕਰਨ ਦੀ ਸੇਵਾ ਤੋਂ ਪਿਛਾਂਹ ਹਟ ਜਾਣ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਫ਼ੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਗੁਰੂ ਰਾਮਦਾਸ ਸਰਾਂ ਦੀ ਇਮਾਰਤ ਅੰਦਰੂਨੀ ਤੌਰ ’ਤੇ ਖਸਤਾ ਹਾਲ ਹੋ ਚੁੱਕੀ ਹੈ ਅਤੇ ਸੰਗਤ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਨਵੀ ਇਮਾਰਤ ਦੀ ਲੋੜ ਹੈ। ਨਵੀਂ ਇਮਾਰਤ ਵਿੱਚ ਲਗਭਗ 500 ਕਮਰੇ ਹੋਣਗੇ ਅਤੇ ਇਸ ਨਾਲ ਕਮਰਿਆਂ ਦੀ ਗਿਣਤੀ ਦੋ ਗੁਣਾਂ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਕੰਮ ਵਿੱਚ ਕਿਸੇ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ ਕਿਉਂਕਿ ਇਸ ਉਸਾਰੀ ਨਾਲ ਸੰਗਤ ਨੂੰ ਲਾਭ ਹੋਵਗਾ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ੋ੍ਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੀ ਯੋਜਨਾ ਦਾ ਸਖਤ ਵਿਰੋਧ ਕਰਦਿਆਂ ਆਖਿਆ ਕਿ ਇਹ ਕਾਰਵਾਈ ਇਤਿਹਾਸ ਨੂੰ ਖ਼ਤਮ ਕਰਨ ਬਰਾਬਰ ਹੋਵੇਗੀ। ਇਸ ਸਬੰਧ ਵਿਚ ਇਕ ਬਿਆਨ ਰਾਹੀ ਉਨਾਂ ਆਖਿਆ ਕਿ ਇਹ ਇਮਾਰਤ ਸਿਖ ਕੌਮ ਦੀ ਵਿਰਾਸਤ ਹੈ। ਇਥੇ ਸਾਕਾ ਨੀਲਾ ਤਾਰਾ ਸਮੇਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰਿਆ ਗਿਆ ਸੀ। ਇਸ ਤੋਂ ਇਲਾਵਾ ਵੀ ਕਈ ਇਤਿਹਾਸਕ ਤੱਥ ਇਹ ਇਮਾਰਤ ਨਾਲ ਜੁੜੇ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version