ਪੰਜਾਬ ਯੂਨਵਰਸਿਟੀ ਬਚਾਓ ਮੋਰਚੇ ਬਾਰੇ ਸੰਖੇਪ ਪੜਚੋਲ
- ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਲਗਾਈਆਂ ਗਈਆਂ ਰੋਕਾਂ ਦੇ ਬਾਵਜੂਦ ਅੱਜ ੧੦ ਨਵੰਬਰ ਨੂੰ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿਖੇ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ।
- ਇਸ ਅਦਾਰੇ ਦੀਆਂ ਨੀਤੀਆਂ ਅਤੇ ਇੱਥੋਂ ਦਾ ਪ੍ਰਬੰਧ ਕਦੇ ਵੀ ਕੇਂਦਰ ਦੇ ਗਲਬੇ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਰਿਹਾ।
- ਪਰ ਕੇਂਦਰ ਵੱਲੋਂ ਮੌਜੂਦਾ ਪ੍ਰਬੰਧਕੀ ਢਾਂਚੇ ਨੂੰ ਬਦਲ ਕੇ ਪੂਰੀ ਤਰ੍ਹਾਂ ਕੇਂਦਰ ਦੇ ਕਬਜ਼ੇ ਵਾਲਾ ਨਵਾਂ ਢਾਂਚਾ ਲਿਆਉਣ ਵਿਰੁੱਧ ਉਭਰਿਆ ਉਭਾਰ ਕਈ ਪੱਖਾਂ ਤੋਂ ਮਹੱਤਵਪੂਰਨ ਹੈ:
- ਪਹਿਲੀ ਗੱਲ, ਕਿ ਇਹ ਮੋਦੀ-ਸ਼ਾਹ ਸਰਕਾਰ ਵੱਲੋਂ ਤਾਕਤ ਦੇ ਕੀਤੇ ਜਾ ਰਹੇ ਕੇਂਦਰੀਕਰਨ ਖਿਲਾਫ ਪੰਜਾਬ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅਤੇ ਇਸ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ।
- ਦੂਸਰਾ, ਇਹ ਮੋਰਚਾ ਪੰਜਾਬ ਦੀ ਨਵੀਂ ਪੀੜੀ ਦੀ ਇੰਡੀਆ ਦੀ ਕੇਂਦਰੀ ਹਕੂਮਤ ਪ੍ਰਤੀ ਬੇਭਰੋਸਗੀ (ਟਰਸਟ ਡੈਫੀਸਟ) ਦਾ ਪ੍ਰਤੀਕ ਹੈ। ਦੂਜੇ ਸ਼ਬਦਾਂ ਵਿੱਚ ਕਹਿ ਲਓ ਕਿ ਨੌਜਵਾਨੀ ਕੇਂਦਰ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਹੈ।
- ਤੀਜਾ, ਇਹ ਕੇਂਦਰ ਦੇ ਇੱਕਪਾਸੜ ਫੈਸਲਿਆਂ ਨਾਲ ਉੱਠਣ ਵਾਲੇ ਮਸਲਿਆਂ ਦੇ ਹੱਲ ਵਜੋਂ “ਸੰਘਰਸ਼ ਦੇ ਰਾਹ” ਦੀ ਵਾਜਬੀਅਤ ਨੂੰ ਦਰਸਾਉਂਦਾ ਹੈ।
- ਕਈਆਂ ਦਾ ਇਹ ਕਹਿਣਾ ਹੈ ਕਿ ਇਸ ਉਭਾਰ ਨਾਲ ਪੰਜਾਬ ਦੇ ਚੰਡੀਗੜ੍ਹ ਉੱਪਰ ਦਾਅਵੇ ਦੀ ਮੁਹਿੰਮ ਦੀ ਨਵੀਂ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਅਜਿਹਾ ਨਤੀਜਾ ਹਾਲ ਦੀ ਘੜੀ ਨਹੀਂ ਕੱਢਿਆ ਜਾ ਸਕਦਾ। ਅਗਾਂਹ ਇਸ ਉਭਾਰ ਨਾਲ ਅਜਿਹੀ ਸ਼ੁਰੂਆਤ ਹੁੰਦੀ ਹੈ ਜਾਂ ਨਹੀਂ, ਇਹ ਗੱਲ ਜਰੂਰ ਵੇਖਣ ਵਾਲੀ ਹੋਵੇਗੀ।
- ਇਹ ਵੇਖਣਾ ਵੀ ਮਹੱਤਵਪੂਰਨ ਹੋਵੇਗਾ ਕਿ ਮੌਜੂਦਾ ਢਾਂਚੇ ਨੂੰ ਮੁੜ ਬਹਾਲ ਕਰਵਾ ਲੈਣ ਨਾਲ ਕੀ ਪੰਜਾਬ ਯੂਨੀਵਰਸਿਟੀ ਦੇ ਨੀਤੀ ਅਮਲ ਵਿੱਚ ਕੋਈ ਤਬਦੀਲੀ ਆਵੇਗੀ? ਕਿਉਂਕਿ ਇਸ ਅਦਾਰੇ ਦਾ ਨੀਤੀ ਅਮਲ ਪਹਿਲਾਂ ਵੀ ਨਾ ਤਾਂ ਪੰਜਾਬ ਪੱਖੀ ਰਹੀ ਹੈ ਅਤੇ ਨਾ ਹੀ ਕੇਂਦਰੀ ਕੰਟਰੋਲ ਤੋਂ ਮੁਕਤ।
- ਕੁਲ ਮਿਲਾ ਕੇ ਪੰਜਾਬ ਦੇ ਨੌਜਵਾਨਾਂ ਅਤੇ ਸਿੱਖ ਵਿਦਿਆਰਥੀਆਂ ਵੱਲੋਂ ਇਸ ਵਿਦਿਆਰਥੀ ਮੋਰਚੇ ਵਿੱਚ ਨਿਭਾਈ ਭੂਮਿਕਾ ਇੱਕ ਚੰਗਾ ਸੰਕੇਤ ਹੈ, ਖਾਸ ਕਰਕੇ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਜਿਹੇ ਕੇਂਦਰੀ ਗਲਬੇ ਵਾਲੇ ਅਦਾਰੇ ਵਿੱਚ।