ਚੰਡੀਗੜ੍ਹ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀ ਨਵੀਂ ਵਰਦੀ (ਗਣਵੇਸ਼) ਦੀ ਇਸੇ ਹਫਤੇ ਭਾਰਤ ਵਿਚ ਵਿਕਣੀ ਸ਼ੁਰੂ ਹੋ ਰਹੀ ਹੈ।
ਆਰ.ਐਸ.ਐਸ. ਦੀ ਨਵੀਂ ਵਰਦੀ ਆਪਣੇ ਕਾਰਜਕਰਤਾਵਾਂ ‘ਤੇ ਇਸੇ ਵਰ੍ਹੇ ਦਸ਼ਹਿਰੇ ਤੋਂ ਲਾਗੂ ਹੋ ਰਹੀ ਹੈ। ਵਰਦੀ ‘ਚ ਇਹ ਵੱਡਾ ਬਦਲਾਅ 1925 ‘ਚ ਆਰ.ਐਸ.ਐਸ. ਬਣਨ ਤੋਂ ਬਾਅਦ ਪਹਿਲਾ ਹੈ। ਆਰ.ਐਸ.ਐਸ. ਦੇ ਪ੍ਰਚਾਰ ਮੁਖੀ ਡਾ. ਮਨਮੋਹਨ ਵੈਦਿਆ ਨੇ ਦੱਸਿਆ ਕਿ, “ਖਾਕੀ ਨਿੱਕਰ ਦੀ ਥਾਂ ‘ਤੇ ਹੁਣ ਆਲਿਵ ਬ੍ਰਾਊਨ ਸ਼ੇਡ ਦੀ ਫੁਲ ਪੈਂਟ ਅਤੇ ਉਸੇ ਸ਼ੇਡ ਦੀਆਂ ਜ਼ੁਰਾਬਾਂ ਵੀ ਹਨ। ਚਿੱਟੇ ਰੰਗ ਦੀ ਕਮੀਜ਼ ਪਹਿਲਾਂ ਵਾਂਗ ਹੀ ਹੈ ਪਰ ਉਹ ਹੁਣ ਪੂਰੀਆਂ ਬਾਹਾਂ ਦੀ ਹੋਵੇਗੀ, ਸਿਰ ‘ਤੇ ਕਾਲੀ ਟੋਪੀ ਪਹਿਲਾਂ ਵਾਂਗ ਹੀ ਕਾਇਮ ਰਹੇਗੀ।”
ਸੋਮਵਾਰ ਨੂੰ ਪ੍ਰਚਾਰਕ ਰਾਮ ਭਾਊ ਬੋਡਾਲੇ ਦੇ ਹੱਥਾਂ ਤੋਂ ਨਾਗਪੁਰ ਸਥਿਤ ਆਰ.ਐਸ.ਐਸ. ਦੇ ਮੁੱਖ ਦਫਤਰ ਤੋਂ ਨਵੀਂ ਵਰਦੀ ਦੀ ਵਿਕਰੀ ਸ਼ੁਰੂ ਕਰਵਾਈ ਗਈ।
ਨਾਗਪੁਰ ਦੇ ਵਰਕਰਾਂ ਲਈ ਕੁਲ 10 ਹਜ਼ਾਰ ਪੈਂਟਾਂ ਅਤੇ ਜ਼ੁਰਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ। ਵਿਕਰੀ ਸ਼ੁਰੂ ਕਰਨ ਤੋਂ ਪਹਿਲਾਂ ਕਾਨਪੁਰ ਤੋਂ ਆਏ ਇਨ੍ਹਾਂ ਪੈਕਟਾਂ ਦੀ ਪੂਜੀ ਵੀ ਕੀਤੀ ਗਈ।ਆਰ.ਐਸ.ਐਸ. ਦੇ ਇਕ ਹੋਰ ਪ੍ਰਚਾਰ ਮੁਖੀ ਅਤੁਲ ਪਿਂਗਲੇ ਨੇ ਬੀਬੀਸੀ ਨੂੰ ਦੱਸਿਆ ਕਿ 20 ਨੰਬਰ ਦੀ ਪੈਂਟ 250 ਰੁਪਏ ‘ਚ ਅਤੇ 48 ਨੰਬਰ ਦੀ ਫੁਲ ਪੈਂਟ 350 ਰੁਪਏ ‘ਚ ਮਿਲੇਗੀ।
ਨਵੀਂ ਵਰਦੀ ਨਾਲ ਸਬੰਧਤ ਜਾਣਕਾਰੀ ਸਥਾਨਕ ਭਾਸ਼ਾਵਾਂ ‘ਚ ਐਸ.ਐਮ.ਐਸ. ਦੇ ਜ਼ਰੀਏ ਆਰ.ਐਸ.ਐਸ. ਸੇਵਕਾਂ ਤਕ ਪਹੁੰਚਾਈ ਜਾ ਰਹੀ ਹੈ।
ਮਨਮੋਹਨ ਵੈਦਿਆ ਨੇ ਬੀਬੀਸੀ ਨੂੰ ਦੱਸਿਆ ਕਿ ਦਸ਼ਹਿਰੇ ਤੋਂ ਪਹਿਲਾਂ ਨਾਗਪੁਰ ਸ਼ਹਿਰ ‘ਚ ਨਵੀਂ ਵਰਦੀ (ਗਣਵੇਸ਼) ਨਾਲ ਵਰਕਰਾਂ ਦਾ ਇਕ ਟ੍ਰਾਇਲ ਰਨ ਵੀ ਕਰਵਾਇਆ ਜਾਏਗਾ।