Site icon Sikh Siyasat News

ਫਿਲਮ “ਸੰਤ ਤੇ ਸਿਪਾਹੀ” ਵਿੱਚੋਂ ਸੰਤ ਭਿੰਡਰਾਂਵਾਲਿਆਂ ਦੀ ਵੀਡੀਓੁ ਕੱਟੀ ਜਾਵੇ: ਭਾਰਤੀ ਫਿਲਮ ਸੈਂਸਰ ਬੋਰਡ

ਚੰਡੀਗੜ੍ਹ ( 15 ਮਈ, 2015): ਨਵੀਂ ਆ ਰਹੀ ਫਿਲਮ “ਸੰਤ ਤੇ ਸਿਪਾਹੀ” ਦੇ ਫਿਲਮ ਨਿਰਮਾਤਾ ਨੇ ਦੱਸਿਆ ਕਿ ਭਾਰਤੀ ਫਿਲਮ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀਡੀਓੁ ਨੂੰ ਫਿਲਮ ਵਿੱਚ ਕੱਟਣ ਲਈ ਕਿਹਾ ਹੈ। ਫਿਲਮ ਨਿਰਮਾਤਾ ਜਸਬੀਰ ਸੰਘਾ ਅਤੇ ਸੁਖਵੰਤ ਢੱਡਾ ਅਨੁਸਾਰ ਭਾਰਤੀ ਫਿਲਮ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਫਿਲਮ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਸਲੀ ਰਿਕਾਰਡਿੰਗ ਨੂੰ ਕੱਟਣ ਵਾਸਤੇ ਕਿਹਾ ਹੈ । ਫਿਲਮ ਨਿਰਮਾਤਾ ਨੇ ਸੈਂਸਰ ਬੋਰਡ ਦੇ ਇਸ ਫੈਸਲੇ ਖਿਲਾਫ ਕਾਨੂੰਨੀ ਚਾਰਾਜੋਈ ਕਰਨ ਦਾ ਐਲਾਨ ਕੀਤਾ ਹੈ।

ਫਿਲਮ ਦੇ ਬਾਰੇ:

ਇਸ ਫਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰ

ਨਵੀ ਆ ਰਹੀ ਇਸ ਫਿਲਮ ਦਾ ਨਾਮ “ਸੰਤ ਤੇ ਸਿਪਾਹੀ” ਰੱਖਿਆ ਗਿਆ ਹੈ। ਇਸ ਫਿਲਮ ਦੇ ਫੇਸਬੁੱਕ ਪੇਜ਼ ਅਤੇ ਫਿਲਮ ਦੀ ਅਧਿਕਾਰਤ ਵੈਬਸਾਈਟ ‘ਤੇ ਪਾਏ ਫਿਲਮ ਦੇ ਇਸਤਿਹਾਰਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਗਈ ਹੈ।

ਸੰਤ ਸਿਪਾਹੀ ਫਿਲਮ ਦਾ ਇਸ਼ਤਿਹਾਰ

ਪਰ ਫਿਲਮ ਨਾਲ ਜਾਣ ਪਛਾਣ ਕਰਵਾਉਦਿਆਂ ਫਿਲਮ ਦੀ ਵੈੱਬਸਾਈਟ ‘ਤੇ ਜੋ ਦੱਸਿਆ ਗਿਆ ਹੈ, ਉਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਫਿਲਮ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਬਾਰੇ ਨਹੀਂ ਹੈ। ਫਿਲਮ ਬਾਰੇ ਦਿੱਤਾ ਗਿਆ ਵੇਰਵਾ ਇਸ ਤਰਾਂ ਹੈ:

6 ਜੂਨ 1984 ਪੰਜਾਬ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸੀ।ਇਸ ਦਿਨ ਭਾਰਤੀ ਫੌਜ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਸੀ।

ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਹੋਏ ਹਮਲੇ ਨੇ ਸਿੱਖਾਂ ਦੀ ਮਾਨਸਿਕਤਾ ‘ਤੇ ਡੂੰਘਾ ਅਸਰ ਪਾਇਆ, ਜਿਸ ਕਰੇ ਪੰਜਾਬ ਵਿੱਚ ਇੱਕ ਲੰਮੇ ਕਾਲੇ ਦੌਰ ਦਾ ਆਰੰਭ ਹੋ ਗਿਆ।

ਲਗਭੱਗ ਪੱਚੀ ਹਜ਼ਾਰ ਲੋਕ ਇਸ ਸਮੇਂ ਦੌਰਾਨ ਮਾਰੇ ਗਏ। ਸਾਡੀ ਇਸ ਫਿਲਮ ਦੀ ਕਹਾਣੀ ਫਰਵਰੀ 1984 ਤੋਂ ਸ਼ੁਰੂ ਹੁੰਦੀ ਹੈ।

ਬੀਬੀ ਸੁਖਦੀਪ ਕੌਰ ਦਾ ਪੁੱਤਰ ਅਮਨ ਇੱਕ ਲਾਇਲਾਜ਼ ਬੀਮਾਰੀ ਤੋਂ ਪੀੜਤ ਹੈ।ਡਾਕਟਰਾਂ ਨੇ ਉਸਨੂੰ ਜਵਾਬ ਦੇ ਦਿੱਤਾ ਹੈ। ਬੀਬੀ ਸੁਖਦੀਪ ਕੌਰ ਆਪਣੇ ਬੀਮਾਰ ਪੁੱਤਰ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਲੈ ਕੇ ਜਾਂਦੀ ਹੈ।

ਸੰਤਜੀ ਅਮਨ ਨੂੰ ਅਸੀਸ ਦਿੰਦੇ ਹਨ ਅਤੇ ਬੀਬੀ ਸੁਖਦੀਪ ਕੌਰ ਨੂੰ ਸ਼੍ਰੀ ਦਰਬਾਰ ਸਾਹਿਬ ਅਰਦਾਸ ਕਰਨ ਨੂੰ ਕਹਿੰਦੇ ਹਨ। 6 ਜੂਨ 1984 ਨੂੰ ਜਦ ਬੀਬੀ ਸੁਖਦੀਪ ਕੌਰ ਆਪਣੇ ਪੁੱਤਰ ਅਮਨ ਨਾਲ ਸ਼੍ਰੀ ਦਰਬਾਰ ਸਾਹਿਬ ਅਰਦਾਸ ਕਰ ਰਹੀ ਹੁੰਦੀ ਹੈ ਤਾਂ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੁੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਬੀਬੀ ਸੁਖਦੀਪ ਕੌਰ ਦੀ ਮੌਤ ਹੋ ਜਾਂਦੀ ਹੈ, ਪਰ ਅਮਨ ਬੱਚ ਜਾਂਦਾ ਹੈ।

ਪੱਚੀ ਸਾਲਾਂ ਬਾਅਦ ਜਦ ਅਮਨ ਭਰ ਜੂਆਨੀ ਵਿੱਚ ਪਹੁੰਚਦਾ ਹੈ ਤਾਂ ਉਸਨੂੰ ਆਪਣੇ ਪਿਓੁ ਦੇ ਇੱਕ ਸਕੂਲ ਜਿੱਥੇ ਕਿ ਉਹ ਮੁੱਖ ਅਧਿਆਪਕ ਹੈ, ਦੀ ਇੱਕ ਅਧਿਆਪਕਾ ਲੋਰੀ ਨਾਲ ਪਿਆਰ ਹੋ ਜਾਂਦਾ ਹੈ।

ਅਮਨ ਵਿਆਹ ਕਰਵਾਕੇ ਚੰਗੇਰੇ ਭਵਿੱਖ ਲਈ ਅਮਰੀਕਾ ਚਲਾ ਜਾਂਦਾ ਹੈ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੁਰ ਸੀ। ਸਥਾਨਿਕ ਮੰਤਰੀ ਪ੍ਰਤਾਪ ਸਿੰਘ ਦਾ ਪੱਤਰ ਅਤੇ ਸ਼ਹਿਰ ਦਾ ਬਦਨਾਮ ਗੂੰਡਾ ਬੌਬੀ ਲੋਰੀ ਨੂੰ ਅਗਵਾ ਕਰਕੇ ਕਤਲ ਕਰ ਦਿੰਦਾ ਹੈ।

ਮੰਤਰੀ ਪ੍ਰਤਾਪ ਸਿੰਘ ਅਤੇ ਉਸਦਾ ਪੁੱਤਰ ਪੁਲਿਸ, ਵਕੀਲ ਅਤੇ ਡਾਕਟਰ ਦੀ ਸਹਾਇਤਾ ਨਾਲ ਲੋਰੀ ਦੇ ਕਤਲ ਦਾ ਇਲਜ਼ਾਮ ਅਮਨ ਦੇ ਪਿਓੁ ਸਿਰ ਲਾ ਦਿੰਦੇ ਹਨ।ਬਾਅਦ ਵਿੱਚ ਪੁਲਿਸ ਅਮਨ ਦੇ ਪਿਓੁ ਨੂੰ ਅਦਾਲਤ ਦੇ ਬਾਹਰ ਕੁੱਟਦੀ ਹੈ, ਜਿਸ ਕਰਕੇ ਉਸਦੀ ਮੌਤ ਹੋ ਜਾਂਦੀ ਹੈ।

ਫਿਲਮ ਨਿਰਮਾਤਾ: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਿਲਮ ਕਾਰੋਬਾਰੀ ਜਸਬੀਰ ਸੰਘਾ ਵੱਲੋਂ ਬਣਾਈ ਗਈ ਹੈ।ਉਹ ਪਿੱਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਫਾਸਟ ਫੂਡ ਦਾ ਕਾਰੋਬਾਰ ਕਰ ਰਿਹਾ ਹੈ।ਕਾਰੋਬਾਰੀ ਰੁਚੀਆਂ ਦਾ ਮਾਲਕ ਹੋਣ ਦੇ ਬਾਵਜੂਦ ਆਪਣੇ ਕਲਾਕਾਰੀ ਸ਼ੌਂਕ ਦੀ ਪੂਰਤੀ ਲਈ, ਮੀਡੀਆ ਵਿੱਚ ਹਿੱਸੇਦਾਰ ਬਨਣਾ ਉਸਦਾ ਸੁਪਨਾ ਸੀ।

ਨਿਰਦੇਸ਼ਕ: ਇਸ ਫਿਲਮ ਨੂੰ ਨਿਰਦੇਸ਼ਕ ਸੁਖਵੰਤ ਢੱਡਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਉਹ ਪਿੱਛਲੇ 35 ਸਾਲਾਂ ਤੋਂ ਫਿਲਮਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਹੁਣ ਉਸਨੇ ਅਮਰੀਕਾ ਵਿੱਚ ਜਸਬੀਰ ਸੰਘਾਂ ਨਾਲ ਮਿਲਕੇ ” ਵਾਈਟ ਕਲਾਊਡ ਨਾਮ ਦੀ ਇੱਕ ਫਿਲਮ ਕੰਪਨੀ ਬਣਾਈ ਹੈ।

ਫਿਲਮ ਜਾਰੀ ਕਰਨ ਦੀ ਤਰੀਕ: ਇਸ ਫਿਲਮ ਨੂੰ ਜਾਰੀ ਕਰਨ ਦੀ ਤਾਰੀਖ ਬਾਰੇ ਅਜੇ ਤੱਕ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਫਿਲਮ ਦੀ ਵੈੱਬਸਾਈਟ ਅਨੁਸਾਰ ਫਿਲਮ ਜੂਨ 2015 ਵਿੱਚ ਜਾਰੀ ਕੀਤੀ ਜਾਵੇਗੀ।

1984 ਦੇ ਸਾਕੇ ਨਾਲ ਸਬੰਧਿਤ ਫਿਲਮਾਂ ਵਿੱਚ ਅਚਾਨਕ ਵਾਧਾ: 1984 ਦੇ ਸਾਕੇ ਤੋਂ ਬਾਅਦ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ‘ਤੇ ਅਧਾਰਿਤ ਪਹਿਲੀ ਫਿਲ਼ਮ ਸਾਡਾ ਹੱਕ ਬਣੀ ਸੀ, ਜਿਸ ਨੂੰ ਦਰਸ਼ਕਾ ਦਾ ਭਰਪੂਰ ਹੁੰਗਾਰਾ ਮਿਲਿਆ ਸੀ।ਫਿਲਮ “ਸਾਡਾ ਹੱਕ” ਦੀ ਸਫਲਤਾ ਨੇ ਫਿਲਮ ਨਿਰਮਾਤਾ ਦਾ ਇਸ ਪਾਸੇ ਵੱਲ ਖ਼ਾਸ ਧਿਆਨ ਖਿੱਚਿਆ, ਖ਼ਾਸ ਕਰਕੇ ਹਲਕੇ ਬਜਟ ਦੀਆਂ ਫਿਲਮਾਂ ਬਣਾਉਣ ਵਾਲਿਆਂ ਦਾ। ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਫਿਲਮ ਨਿਰਮਾਤਾਵਾਂ ਵੱਲੋਂ ਫਿਲਮ ਦੀ ਸਫਲਤਾ ਲਈ ਸਾਕਾ 1984 ਨੂੰ ਇੱਕ ਫਾਰਮੂਲੇ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ।

ਚਿੰਤਕ ਸਿੱਖ ਵਰਗ ਅਤੇ ਖੂਫੀਆ ਏਜ਼ੰਸੀਆਂ ਫਿਲਮਾਂ ਦੇ ਆਏ ਹੜ੍ਹ ਤੋਂ ਚਿੰਤਤ:

ਜਿੱਥੇ ਕੁਝ ਚਿੰਤਕ ਸਿੱਖ ਹਲਕੇ 1984 ਤੋਂ ਬਾਅਦ ਦੀਆਂ ਘਟਨਾਵਾਂ ‘ਤੇ ਅਧਾਰਿਤ ਬਣ ਰਹੀਆਂ ਸਸਤੇ ਬਜਟ ਅਤੇ ਤਕਨੀਕ ਅਤੇ ਅਦਾਕਰੀ ਪੱਖੋਂ ਕਮਜ਼ੋਰ ਫਿਲਮਾਂ ਕਰਕੇ ਚਿੰਤਤ ਹਨ., ੳੇੁੱਥੇ ਭਾਰਤੀ ਖੂਫੀਆ ਏਜ਼ੰਸੀਆਂ ਇਨ੍ਹਾਂ ਫਿਲਮਾਂ ਦੇ ਸਿੱਖ ਨੌਜਵਾਨਾਂ ਉੱਤੇ ਪੈਣ ਵਾਲੇ ਸੰਭਾਵਿਤ ਅਸਰ ਤੋਂ ਚਿੰਤਤ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਖੂਫੀਆ ਏਜ਼ੰਸੀ ਇੰਟੈਲੀਜੈਸ ਬਿਉਰੋ ਨੇ ਇਨ੍ਹਾਂ ਫਿਲਮਾਂ ਬਾਰੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਖ਼ਬਰਦਾਰ ਕੀਤਾ ਸੀ। ਇਨ੍ਹਾਂ ਫਿਲਮਾਂ ਵਿੱਚੋਂ ਜਿਆਦਾਤਰ ਫਿਲਮਾਂ ਵਿੱਚ ਖਾੜਕੂਆਂ ਨੂੰ ਸਿੱਖ ਕੌਮ ਦੇ ਰੱਖਿਅਕ ਵਿਖਾਇਆ ਗਿਆ ਹੈ।


ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖਬਰਾਂ ਵਾਲੀ ਵੈੱਬਸਈਟ ‘ਤੇ ਜਾਓੁ ਵੇਖੋ:

Remove Sant Bhindranwale’s clips from movie: Indian Film Censor Board tells makers of “Sant Te Sipahi”


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version