Site icon Sikh Siyasat News

ਪੰਜਾਬੀ ਲਾਗੂ ਕਰਵਾਉਣ ਲਈ ਦਸਤਖਤੀ ਮੁਹਿੰਮ ਸ਼ੁਰੂ ਕੀਤੀ

Gurmukhi Akharਪਟਿਆਲਾ (13 ਸਤੰਬਰ, 2010): ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਨੇ ਭਾਰਤੀ ਬਾਰ ਕੌਂਸਲ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਦੇ ਯਤਨਾਂ ਨੂੰ ਅੱਜ ਇੱਕ ਮੁਹਿੰਮ ਦਾ ਰੂਪ ਦੇ ਦਿੱਤਾ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਸੁਚੇਤ ਵਿਦਿਆਰਥੀਆਂ ਨੇ ਭਾਰਤੀ ਬਾਰ ਕੌਂਸਲ ਦੇ ਫੈਸਲੇ ਦਾ ਵਿਰੋਧ ਕਰਦਿਆਂ, ਇਸ ਫੈਸਲੇ ਵਿੱਚ ਸੋਧ ਦੀ ਮੰਗ ਦੇ ਹੱਕ ਵਿੱਚ ਦਸਤਖਤੀ ਮੁਹਿੰਮ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ‘ਭਾਰਤੀ ਬਾਰ ਕੌਂਸਲ’ ਵੱਲੋਂ ਵਕਾਲਤ ਦੀ ਪੜ੍ਹਾਈ ਪਾਸ ਕਰ ਲੈਣ ਵਾਲੇ ਵਿਦਿਆਰਥੀਆਂ ਦਾ ਮੁੜ ਤੋਂ ਇਮਤਿਹਾਨ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸ ਇਮਤਿਹਾਨ ਲਈ ਵਿਦਿਆਰਥੀਆਂ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਰਾਠੀ, ਬੰਗਾਲੀ, ਗੁਜਰਾਤੀ, ਉੜੀਆ ਅਤੇ ਅੰਗਰੇਜ਼ੀ ਭਾਸ਼ਾ ਵਿੱਚੋਂ ਕਿਸੇ ਇੱਕ ਮਾਧਿਅਮ ਦੀ ਚੋਣ ਕਰਨ ਲਈ ਕਿਹਾ ਗਿਆ ਹੈ। ਪੰਜਾਬੀ ਭਾਸ਼ਾ ਨੂੰ ਇਸ ਇਮਤਿਹਾਨ ਲਈ ਮਾਧਿਅਮ ਵੱਜੋਂ ਮਾਨਤਾ ਨਹੀਂ ਦਿੱਤੀ ਗਈ।

ਅੱਜ ਦੀ ਮੁਹਿੰਮ ਦੇ ਉਦੇਸ਼ਾਂ ਬਾਰੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ‘ਦਸਤਖਤੀ ਮੁਹਿੰਮ ਦਾ ਮਨੋਰਥ ਭਾਰਤੀ ਬਾਰ ਕੌਂਸਲ ਦੇ ਫੈਸਲੇ ਬਾਰੇ ਵਿਦਿਆਰਥੀਆਂ ਵਿੱਚ ਪਾਏ ਜਾ ਰਹੇ ਵਿਆਪਕ ਰੋਹ ਨੂੰ ਸੰਬੰਧਤ ਅਧਿਕਾਰੀਆਂ ਤੱਕ ਪਹੁੰਚਾਉਣਾ ਹੈ ਤਾਂ ਕਿ ਉਨ੍ਹਾਂ ਉੱਪਰ ਇਸ ਫੈਸਲੇ ਵਿੱਚ ਸੋਧ ਕਰਨ ਲਈ ਦਬਾਅ ਪਾਇਆ ਜਾ ਸਕੇ’। ਉਨ੍ਹਾਂ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਫੈਡਰੇਸ਼ਨ ਦਾ ਇੱਕ ਉੱਚ-ਪੱਧਰੀ ਵਫਦ ਭਾਰਤੀ ਬਾਰ ਕੌਂਸਲ ਦੇ ਚੇਅਰਮੈਨ ਤੱਕ ਦਿੱਲੀ ਵਿਖੇ ਪਹੁੰਚ ਕਰੇਗਾ। ਉਨ੍ਹਾਂ ਕਿਹਾ ਕਿ ਦਸਤਖਤੀ ਮੁਹਿੰਮ ਵਿੱਚ ਹੋਣ ਵਾਲੇ ਸਾਰੇ ਦਸਤਖਤ ਵੀ ਭਾਰਤੀ ਬਾਰ ਕੌਂਸਲ ਤੱਕ ਪਹੁੰਚਾਏ ਜਾਣਗੇ।

ਫੈਡਰੇਸ਼ਨ ਆਗੂਆਂ ਸੁਖਇੰਦਰ ਸਿੰਘ, ਅਕਾਸ਼ਦੀਪ ਸਿੰਘ, ਲਖਵਿੰਦਰ ਸਿੰਘ ਅਤੇ ਗੁਰਪਰਤਾਪ ਸਿੰਘ ਨੇ ਦੱਸਿਆ ਕਿ ਅੱਜ ਦੀ ਦਸਤਖਤੀ ਮੁਹਿੰਮ ਨੂੰ ਵਿਦਿਆਰਥੀਆਂ ਵੱਲੋਂ ਭਾਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਇਸ ਸੰਬੰਧੀ ਵਿਦਿਆਰਥੀਆਂ ਦੇ ਦੋ ਵਫਦਾਂ ਵੱਲੋਂ ਬੀਤੇ ਦਿਨਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਕੋਲ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਦੋਵਾਂ ਹੀ ਸਖਸ਼ੀਅਤਾਂ ਨੇ ਭਾਰਤੀ ਬਾਰ ਕੌਂਸਲ ਕੋਲ ਪੰਜਾਬੀ ਨਾਲ ਹੋ ਰਹੇ ਵਿਤਕਰੇ ਬਾਰੇ ਇਤਰਾਜ਼ ਉਠਾਏ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਬਾਰੇ ਜਿਸ ਤਰ੍ਹਾਂ ਦਾ ਸਹਿਯੋਗ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਅਤੇ ਜਿੰਨੀ ਸੰਜੀਦਗੀ ਨਾਲ ਵਿਦਿਆਰਥੀ ਇਸ ਸੰਬੰਧੀ ਫੈਡਰੇਸ਼ਨ ਦਾ ਸਹਿਯੋਗ ਦੇ ਰਹੇ ਹਨ, ਉਸ ਤੋਂ ਪੂਰੀ ਆਸ ਹੈ ਕਿ ‘ਭਾਰਤੀ ਬਾਰ ਕੌਂਸਲ’ ਨੂੰ ਜਲਦ ਹੀ ਆਪਣਾ ਫੈਸਲਾ ਵਾਪਸ ਲੈਣਾ ਪਵੇਗਾ।

ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ (ਰਾਜਨੀਤੀ ਵਿਗਿਆਨ ਵਿਭਾਗ), ਇੰਦਰਜੀਤ ਸਿੰਘ (ਸਮਾਜਕ ਸੇਵਾ ਵਿਭਾਗ), ਜਗਦੇਵ ਸਿੰਘ ਅਤੇ ਜਸਜੀਤ ਸਿੰਘ (ਅਰਥ ਵਿਗਿਆਨ ਵਿਭਾਗ), ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਗੁਰਵਿੰਦਰ ਸਿੰਘ ਜਗਵਿੰਦਰ ਸਿੰਘ, ਮਾਨਵਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਤੋਂ ਇਲਾਵਾ ਐਡਵੋਕੇਟ ਜਰਮਨ ਸਿੰਘ ਸਿੱਧੂ ਅਤੇ ਐਡਵੋਕੇਟ ਪਰਵਿੰਦਰ ਸਿੰਘ ਔਜਲਾ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version