Site icon Sikh Siyasat News

ਪੰਜਾਬ ਜਲ ਸੰਕਟ: ਜ਼ਿਲ੍ਹਾ ਸੰਗਰੂਰ

ਧਰਤੀ ਦੇ ਕੁੱਲ ਪਾਣੀ ਵਿੱਚੋਂ 97% ਹਿੱਸਾ ਸਲੂਣਾ ਹੈ, 3% ਪਾਣੀ ਹੀ ਪੀਣ ਯੋਗ ਅਤੇ ਵਰਤਣ ਯੋਗ ਹੈ। ਖੇਤੀ ਜੋ ਕਿ ਧਰਤੀ ਉੱਤੇ ਮੁੱਖ ਕਿੱਤਾ ਹੈ ਉਸ ਵਿੱਚ 70% ਪਾਣੀ ਵਰਤਿਆ ਜਾਂਦਾ ਹੈ । ਇਹ ਗੱਲ ਮੰਨੀ ਜਾਂਦੀ ਹੈ ਕਿ ਇਕ ਬੰਦੇ ਦੀਆਂ ਰੋਜ਼ਾਨਾ ਭੋਜਨ ਵਾਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਲਗਭਗ 2000 ਤੋਂ 3000 ਲੀਟਰ ਪਾਣੀ ਲਗਦਾ ਹੈ। ਮੌਸਮੀ ਤਬਦੀਲੀ, ਪਾਣੀ ਦੇ ਪਲੀਤ ਅਤੇ ਕਈ ਹੋਰ ਕਾਰਨਾਂ ਕਰਕੇ ਪਾਣੀ ਦੇ ਸਾਧਨਾਂ ਉੱਤੇ ਦਬਾਅ ਹਰ ਰੋਜ਼ ਵਧ ਰਿਹਾ ਹੈ।

ਪੰਜਾਬ ਵਿੱਚ ਵੀ ਜਮੀਨ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋਈ ਜਾ ਰਿਹਾ ਹੈ। ਸੰਗਰੂਰ ਜਿਲੇ ਦੀ ਪਾਣੀ ਦੀ ਹਾਲਤ ਨਾਜ਼ੁਕ ਹੈ। ਸੰਗਰੂਰ ਜ਼ਿਲ੍ਹੇ ਦਾ ਕੁੱਲ ਜਲ ਭੰਡਾਰ 223.7 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 83 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 65.7 ਲੱਖ ਏਕੜ ਫ਼ੁੱਟ ਅਤੇ ਤੀਜੇ ਪੱਤਣ ਵਿੱਚ 63.13 ਲੱਖ ਏਕੜ ਫ਼ੁੱਟ ਪਾਣੀ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਵੱਧ ਜਲ ਭੰਡਾਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੱਡ ਕੇ ਸੰਗਰੂਰ ਜ਼ਿਲ੍ਹੇ ਕੋਲ ਹੈ। ਇਸ ਦੇ ਨਾਲ ਹੀ ਇਹ ਗੱਲ ਹੈਰਾਨ ਅਤੇ ਚਿੰਤਾ ਕਰਨ ਵਾਲੀ ਹੈ ਕਿ ਪੰਜਾਬ ਵਿੱਚ ਧਰਤੀ ਹੇਠੋਂ ਸਭ ਤੋਂ ਵੱਧ ਪਾਣੀ ਵੀ ਸੰਗਰੂਰ ਜ਼ਿਲੇ ਵਿੱਚੋਂ ਹੀ ਕੱਢਿਆ ਜਾਂਦਾ ਹੈ।

ਇਸ ਵਕਤ ਪੰਜਾਬ ਦੀ ਧਰਤੀ ਨੂੰ ਖੇਤੀ ਭਿੰਨਤਾ ਦੀ ਬਹੁਤੀ ਜ਼ਰੂਰਤ ਹੈ ਕਿਉਂ ਜੋ ਫਸਲਾਂ ਦਾ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਦੀ ਜ਼ਿਆਦਾ ਟੇਕ ਝੋਨੇ ਦੀ ਫਸਲ ਉੱਤੇ ਹੈ। ਸੰਗਰੂਰ ਦੀ ਕੁੱਲ ਧਰਤੀ ਤੇ 92% ਉਤੇ ਝੋਨਾ ਲੱਗਦਾ ਹੈ, ਜਿਸ ਦੀ ਵਧੇਰੇ ਨਿਰਭਰਤਾ ਧਰਤੀ ਹੇਠਲੇ ਪਾਣੀ ਉੱਤੇ ਹੀ ਹੈ।
ਸੰਗਰੂਰ ਜਿਲੇ ਦੀ ਪਾਣੀ ਦੀ ਸਥਿਤੀ ਨੂੰ ਸਮਝਣ ਲਈ 10 ਭਾਗਾਂ ਵਿਚ ਵੰਡਿਆ ਜਾਂਦਾ ਹੈ, ਅਤੇ ਇਹ ਫਿਕਰ ਵਾਲੀ ਹੈ ਕਿ ਸਾਰੇ ਦੇ ਸਾਰੇ ਭਾਗ ਬਹੁਤ ਹੀ ਗੰਭੀਰ ਸਥਿਤੀ ਵਿੱਚ ਹਨ। ਸੁਨਾਮ ਵਾਲੇ ਇਲਾਕੇ ਵਿੱਚੋਂ ਪਾਣੀ ਕੱਢਣ ਦੀ ਦਰ ਬਾਕੀ ਸਾਰੇ ਇਲਾਕਿਆਂ ਚੋਂ ਸਭ ਤੋਂ ਵੱਧ ਹੈ।
ਤਰੱਕੀ ਕਰ ਰਹੇ ਮੁਲਕਾਂ ਦੀ ਧਰਤੀ ਤੋਂ ਜੰਗਲ ਬੁਰੀ ਤਰ੍ਹਾਂ ਗਾਇਬ ਹੋ ਰਹੇ ਹਨ । ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਵਿਕਸਿਤ ਦੇਸ਼ ਇਕ ਦਰਖਤ ਕੱਟਣ ਪਿੱਛੋਂ ਇਕ ਦਰੱਖਤ ਜ਼ਰੂਰ ਲਗਾਉਂਦੇ ਹਨ। ਪੰਜਾਬ ਦੀ ਧਰਤੀ ਉੱਤੇ ਦਰੱਖਤਾਂ ਦਾ ਰਕਬਾ ਬਹੁਤ ਘੱਟ ਹੈ। ਸੰਗਰੂਰ ਜਿਲੇ ਵਿੱਚ ਜੰਗਲ ਕੇਵਲ 0.64% ਹਨ।

ਜ਼ਮੀਨ ਹੇਠਲੇ ਪਾਣੀ ਦੀ ਹਾਲਤ ਨੂੰ ਸੁਧਾਰਨ ਲਈ ਕੀ ਕੀਤਾ ਜਾ ਸਕਦਾ ਹੈ?
ਜਿਲ੍ਹੇ ਵਿਚ ਤਿੰਨ ਫਸਲੀ ਚੱਕਰ ਨੂੰ ਤੋੜ ਕੇ ਖੇਤੀਬਾੜੀ ਵਿੱਚ ਵਿੰਭਿੰਨਤਾ ਲਿਆਉਣੀ ਬਹੁਤ ਜਰੂਰੀ ਹੈ।
ਝੋਨੇ ਹੇਠ ਰਕਬਾ ਘਟਾਉਣ ਲਈ ਵਿਦੇਸ਼ਾਂ ਵਿਚ ਰਹਿੰਦੇ ਜੀਅ ਆਪਣੀ ਜਮੀਨ ਦਾ ਠੇਕਾ ਝੋਨਾ ਨਾ ਲਾਉਣ ਦੀ ਸ਼ਰਤ ਉੱਤੇ ਘਟਾ ਕੇ ਆਪਣੇ ਜਿਲ੍ਹੇ ਦੀ ਸਥਿਤੀ ਵਿਚ ਸੁਧਾਰ ਲਈ ਉੱਦਮ ਕਰ ਸਕਦੇ ਹਨ।
ਨਿਜੀ ਪੱਧਰ ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।
ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿਜੀ ਅਤੇ ਸਮਾਜਿਕ ਪੱਧਰ ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version