ਜਲੰਧਰ: ਥਾਣਾ ਕਰਤਾਰਪੁਰ ਦੇ ਮਾਲਖਾਨੇ ਵਿੱਚੋਂ ਦੋ ਦਹਾਕੇ ਪਹਿਲਾਂ “ਗੁੰਮ” ਹੋਈਆਂ ਦੋ ਏ.ਕੇ. 47 ਗੰਨਾਂ ਨੂੰ ਲੱਭਣ ਲਈ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਨੇ ਰਾਈਫਲਾਂ ਗੁੰਮ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਨਸ਼ੇ ਦੇ ਕਾਰੋਬਾਰ ‘ਚ ਏ.ਕੇ. 47 ਅਤੇ ਹੋਰ ਹੋਰ ਅਸਲੇ ਸਣੇ ਫੜੇ ਗਏ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਕੋਲੋਂ ਦੋ ਏ.ਕੇ. 47 ਰਾਈਫਲਾਂ ਮਿਲਣ ਤੋਂ ਬਾਅਦ ਸਾਰੇ ਥਾਣਿਆਂ ਦੇ ਮਾਲਖਾਨਿਆਂ ਵਿੱਚ ਹਥਿਆਰ ਚੈੱਕ ਕਰਨ ਦੇ ਹੁਕਮ ਹੋਏ ਸਨ। ਇਸ ਤਹਿਤ ਪੁਲਿਸ ਵੱਲੋਂ ਸੂਬੇ ਦੇ ਸਾਰੇ ਮਾਲਖਾਨਿਆਂ ਵਿੱਚ ਪਏ ਹਥਿਆਰਾਂ ਬਾਰੇ ਜਾਂਚ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਦੇ ਮਾਲਖਾਨੇ ’ਚੋਂ ਰਾਈਫਲਾਂ ਗੁੰਮ ਹੋਣ ਬਾਰੇ ਪਤਾ ਲੱਗਿਆ।
ਸੂਤਰਾਂ ਅਨੁਸਾਰ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਇਨ੍ਹਾਂ ਏ.ਕੇ. 47 ਰਾਈਫਲਾਂ ਨੂੰ ਇੰਦਰਜੀਤ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿਉਂਕਿ ਇੰਦਰਜੀਤ ਸਿੰਘ ਥਾਣਾ ਕਰਤਾਰਪੁਰ ਵਿੱਚ ਤਾਇਨਾਤ ਰਿਹਾ ਸੀ, ਪਰ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਰਾਈਫਲਾਂ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਸਨ, ਉਹ ਇੰਦਰਜੀਤ ਸਿੰਘ ਕੋਲੋਂ ਬਰਾਮਦ ਹੋਈਆਂ ਰਾਈਫਲਾਂ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਦੱਸਿਆ ਕਿ ਥਾਣਾ ਕਰਤਾਰਪੁਰ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਏ. ਕੇ. 47 ਗੁੰਮ ਹੋਣ ਦਾ ਕੇਸ ਦਰਜ ਕਰ ਲਿਆ ਹੈ। ਇਹ ਰਾਈਫਲਾਂ 20 ਸਾਲ ਪਹਿਲਾਂ ਗੁੰਮ ਹੋਈਆਂ ਸਨ, ਇਸ ਲਈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਥਾਣੇਦਾਰਾਂ ਅਤੇ ਮੁੱਖ ਮੁਨਸ਼ੀਆਂ ਨੂੰ ਪੁੱਛਗਿੱਛ ਲਈ ਸੱਦਿਆ ਜਾਵੇਗਾ। ਇਸ ਮਾਮਲੇ ਵਿੱਚ ਬਣਾਈ ਵਿਸ਼ੇਸ਼ ਜਾਂਚ ਟੀਮ ਵਿੱਚ ਐਸਪੀ ਬਲਕਾਰ ਸਿੰਘ, ਡੀਐਸਪੀ ਸਰਬਜੀਤ ਰਾਏ ਤੇ ਥਾਣਾ ਕਰਤਾਰਪੁਰ ਦੇ ਐਸਐਚਓ ਸ਼ਾਮਲ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ “ਜੇ ਇਹ ਜਾਂਚ” ਸਹੀ ਤਰੀਕੇ (?) ਨਾਲ ਹੋਵੇ ਤਾਂ ਪੰਜਾਬ ਪੁਲਿਸ ਵਲੋਂ ਪੰਜਾਬ ਵਿਚ ਸਿੱਖ ਨੌਜਵਾਨਾਂ ‘ਤੇ ਪਾਏ ਜਾਂਦੇ ਅਸਲੇ ਬਾਰੇ ਵੀ ਕਈ ਤੱਥ ਸਾਹਮਣੇ ਆ ਸਕਦੇ ਹਨ।
ਸਬੰਧਤ ਖ਼ਬਰ:
ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਲਈ ਅਪਣਾਏ ਗਏ ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ? …