Site icon Sikh Siyasat News

ਪੰਜਾਬ ਸਿਆਂ ਤੇਰਾ ਕੋਈ ਨਾ ਦਰਦੀ

https://heritageproductions.in/ssnextra/podcast/Panjab_Syaan_Tera_Koi_Na_Dardi.mp3?_=1

ਚੰਡੀਗੜ੍ਹ :-  ਬੀਤੇ ਕੱਲ੍ਹ ਜੌੜੀਆਂ ਨਹਿਰਾਂ ਨੂੰ ਪੱਕਿਆਂ ਕਰਨ ਦੇ ਵਿਰੋਧ ਚ ਪੰਜਾਬ ਹਿਤੈਸ਼ੀ ਲੋਕ ਜੌੜੀਆਂ ਨਹਿਰਾਂ ਤੇ ਪਿੰਡ ਘੱਲ ਖੁਰਦ (ਫਿਰੋਜ਼ਪੁਰ) ਵਿਖੇ ਇਕੱਠੇ ਹੋਏ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਨਹਿਰਾਂ ਚ ਹੇਠਾਂ ਲਿਫ਼ਾਫ਼ਾ ਵਿਛਾ ਕੇ ਉੱਪਰ ਕੰਕਰੀਟ ਦੀ ਮੋਟੀ ਪਰਤ ਵਿਛਾਈ ਜਾ ਰਹੀ ਹੈ। ਇਹ ਕੰਮ 2019 ਚ ਹੋਏ ਅੰਤਰਰਾਜੀ ਸਮਝੌਤੇ ਨੂੰ ਨੇਪਰੇ ਚਾੜ੍ਹਦਿਆਂ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਬੜ੍ਹੇ ਕਾਬਲ ਕਹਾਉਂਦੇ ਅਫ਼ਸਰਾਂ ਅਤੇ ਪੰਜਾਬ ਹਿਤੈਸ਼ੀ ਕਹਾਉਂਦੇ ਸਿਆਸੀ ਆਗੂਆਂ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਬਿਲਕੁਲ ਵੀ ਸਮਝ ਨਾ ਹੋਣਾ ਹੈਰਾਨੀਜਨਕ ਹੈ। ਸਮਝ ਜ਼ਰੂਰ ਹੋਵੇਗੀ ਪਰ ਸੌੜੇ ਸਿਆਸੀ ਹਿੱਤਾਂ ਚ ਪੰਜਾਬ ਦੇ ਹਿੱਤ ਅਣਗੌਲਿਆਂ ਕਰ ਦਿੱਤੇ ਜਾਂਦੇ ਰਹੇ ਹਨ। ਕੁਝ ਅਹਿਮ ਨੁਕਤੇ ਜੋ ਇਸ ਮਾਮਲੇ ਚ ਸਮਝਣ ਦੀ ਲੋੜ ਹੈ:

੧. ਪੰਜਾਬ ਦੇ 150 ਚੋਂ 117 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਵੀ ਹੇਠਾਂ ਹੈ (ਭਾਵ ਮੁੱਕਣ ਕੰਢੇ ਹੈ) । ਨਹਿਰਾਂ ਚ ਕੰਕਰੀਟ ਦੀ ਮੋਟੇ ਲੈਂਟਰ ਵਰਗੀ ਪਰਤ ਵਿਛਣ ਨਾਲ ਇਹ ਪਾਣੀ ਹੋਰ ਹੇਠਾਂ ਜਾਵੇਗਾ ਕਿਉਂਕਿ ਕੱਚੀਆਂ ਨਹਿਰਾਂ ਕਰਕੇ ਧਰਤੀ ਹੇਠਾਂ ਸਿੰਮ ਕੇ ਰੀਚਾਰਜ਼ ਹੋਣ ਵਾਲਾ ਪਾਣੀ ਮੁੜ ਰੀਚਾਰਜ਼ ਨਹੀਂ ਹੋਵੇਗਾ।

੨. ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਰਕੇ ਬੋਰ ਡੂੰਘੇ ਕਰਨੇ ਪੈਣਗੇ, ਜਿਸ ਨਾਲ ਪੰਜਾਬ ਵਾਸੀਆਂ ਤੇ ਆਰਥਿਕ ਬੋਝ ਹੋਰ ਵਧੇਗਾ।

੩. ਮੁਕਤਸਰ ਅਤੇ ਬਠਿੰਡੇ ਦੇ ਕਈ ਇਲਾਕਿਆਂ ਦਾ ਖਾਰਾ ਪਾਣੀ, ਜੋ ਇਹਨਾਂ ਨਹਿਰਾਂ ਰਾਹੀਂ ਪਾਣੀ ਹੇਠਾਂ ਸਿੰਮਣ ਕਰਕੇ ਕੁਝ ਮਿੱਠਾ ਹੋਇਆ ਹੈ, ਉਸਦੇ ਓਹੀ ਹਾਲਾਤ ਦੁਬਾਰਾ ਹੋਣਗੇ।

੪. ਪਾਣੀਆਂ ਦੀ ਗੈਰ ਹੱਕੀ ਅਤੇ ਗੈਰ ਸੰਵਿਧਾਨਕ ਲੁੱਟ ਹੋਰ ਵਧੇਗੀ ਕਿਉਂਕਿ ਗੁਆਂਢੀ ਰਾਜ ਚ ਪਾਣੀ ਜਾਣ ਦੀ ਸਮਰੱਥਾ 13500 ਕਿਊਸਕ ਤੋਂ ਵਧ ਕੇ 18500 ਕਿਊਸਕ ਹੋ ਜਾਵੇਗੀ।

ਜਿੱਥੇ ਪਿਛਲੀ ਸਰਕਾਰ ਵੱਲੋਂ ਸਮਝੌਤਾ ਤੇ ਸਹੀ ਪਾਈ ਗਈ ਓਥੇ ਹੀ ਮੌਜ਼ੂਦਾ ਸਰਕਾਰ ਨੇ ਇਸਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਵਿਧਾਨ ਸਭਾ ਚ ਬਿੱਲ ਪਾਸ ਕੀਤਾ।

ਇਹ ਸਭ ਵੇਖਦਿਆਂ ਕਿਸੇ ਲਿਖਾਰੀ ਦੀਆਂ ਸਤਰਾਂ ਯਾਦ ਆਉਂਦੀਆਂ ਨੇ : “ਪੰਜਾਬ ਸਿਆਂ ਤੇਰਾ ਕੋਈ ਨਾ ਦਰਦੀ“।

ਪਰ “ਪੰਜਾਬ ਜਿਉਂਦਾ ਗੁਰਾਂ ਦੇ ਨਾ ਤੇ…” ਚੇਤੇ ਕਰਕੇ ਪੰਜਾਬ ਵਾਸੀ ਜੂਝਣ ਲਈ ਮੁੜ ਉੱਠ ਪੈਂਦੇ ਨੇ ਤੇ ਉੱਠਦੇ ਰਹਿਣਗੇ।

 

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕੱਲ੍ਹ ਦੀ ਇਸ ਇਕੱਤਰਤਾ ਚ ਪਰਮਜੀਤ ਸਿੰਘ ਗਾਜ਼ੀ, ਹਰਿੰਦਰ ਪ੍ਰੀਤ ਸਿੰਘ, ਸੁਖਦੇਵ ਸਿੰਘ ਅਤੇ ਗੁਰਦੇਵ ਸਿੰਘ ਨੇ ਹਾਜ਼ਰੀ ਭਰੀ। ਇਸ ਮੌਕੇ ਅਜੈਪਾਲ ਸਿੰਘ ਬਰਾੜ, ਅਮਿਤੋਜ਼ ਸਿੰਘ ਮਾਨ, ਰਾਜਪਾਲ ਸਿੰਘ ਹਰਦਿਆਲੇਆਣਾ, ਲੱਖਾ ਸਿੰਘ ਸਿਧਾਣਾ, ਗੁਰਪ੍ਰੀਤ ਸਿੰਘ ਚੰਦਬਾਜਾ, ਪੀ ਏ ਸੀ ਤੋਂ ਅਮਨਦੀਪ ਸਿੰਘ ਬੈਂਸ ਅਤੇ ਜਸਕੀਰਤ ਸਿੰਘ, ਕਿਸਾਨ ਯੂਨੀਅਨ ਡਕੌਂਦਾ ਤੋਂ ਹਰਨੇਕ ਸਿੰਘ ਮਹਿਮਾ ਨੇ ਵੀ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version