Site icon Sikh Siyasat News

ਪ੍ਰੋ. ਭੁੱਲਰ ਦੀ ਰਿਹਾਈ ਲਈ ਮੁਹਿੰਮ ਨੇ ਜੋਰ ਫੜ੍ਹਿਆ

ਜਲੰਧਰ (27 ਜਨਵਰੀ): ਜਨਵਰੀ 1996 ਤੋਂ ਜੇਲ੍ਹ ਦੀਆਂ ਸੀਖਾਂ ਪਿੱਛੇ ਕੈਦ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੁਹਿੰਮ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਨੂੰ 26 ਜਨਵਰੀ ਤੱਕ ਪ੍ਰੋ. ਭੁੱਲਰ ਦੀ ਰਿਹਾਈ ਕਰਨ ਲਈ ਸਿੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਮਿਆਦ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਉਮੀਦਵਾਰਾਂ ਦਾ ਘਿਰਾਓ ਕੀਤੇ ਜਾਣ ਦੇ ਅਸਾਰ ਹਨ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ

ਇਸੇ ਦੌਰਾਨ ਅੱਜ ਕੇਂਦਰ ਦੀ ਭਾਜਪਾ ਸਰਕਾਰ ਵਿਚ ਪੰਜਾਬ ਤੋਂ ਮੰਤਰੀ ਸੋਮ ਪ੍ਰਕਾਸ਼ ਦੇ ਫਗਵਾੜੇ ਵਿਚਲੇ ਘਰ ਦਾ ਵੀ ਸਿੱਖ ਜਥੇਬੰਦੀਆਂ ਵਲੋਂ ਘਿਰਾਓ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਨਹੀਂ ਤੋੜ ਰਹੀ।

ਜ਼ਿਕਰਯੋਗ ਹੈ ਕਿ ਅਕਤੂਬਰ 2019 ਵਿਚ ਕੇਂਦਰ ਸਰਕਾਰ ਨੇ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਜਿੱਥੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਸਹਿਮਤੀ ਦਿੱਤੀ ਸੀ, ਉੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੋੜਨ ਦਾ ਐਲਾਨ ਵੀ ਕੀਤਾ ਸੀ। ਹੁਣ ਜਿੱਥੇ ਕੇਜਰੀਵਾਲ ਦੀ ਦਿੱਲੀ ਵਿਚਲੀ ਸਰਕਾਰ ਪ੍ਰੋ. ਭੁੱਲਰ ਦੀ ਰਿਹਾਈ ਰੋਕੀ ਬੈਠੀ ਹੈ ਓਥੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਵੀ ਹਾਲੀ ਤੱਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਨਹੀਂ ਤੋੜੀ ਗਈ। ਹੁਣ ਪੰਜਾਬ ਵਿਚ ਇਹਨਾ ਪਾਰਟੀਆਂ ਪ੍ਰਤੀ ਨਰਾਜ਼ਗੀ ਵਧਦੀ ਜਾ ਰਹੀ ਹੈ।

ਇਸੇ ਦੌਰਾਨ ਅੱਜ ਆਲਮੀ ਸਿੱਖ ਭਾਈਚਾਰੇ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਟਵਿੱਟਰ ਉੱਤੇ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੁਖਾਤਿਬ ਇਕ ਪੌੜੀਤੰਦ (ਹੈਸ਼ਟੈਗ) #KejriwalReleaseBhullarNow ਚਲਾਇਆ ਗਿਆ। ਇਸ ਮੁਹਿੰਮ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਟਵਿੱਟਰ ਵਰਤਣ ਵਾਲੇ ਸਿੱਖ ਕਾਰਕੁੰਨਾਂ ਨੇ ਹਿੱਸਾ ਲਿਆ।

ਇਸ ਬਾਰੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਲਈ ਮੁਹਿੰਮ ਨੂੰ ਜਮੀਨੀ ਅਤੇ ਬਿਜਾਲੀ (ਆਨ-ਲਾਈਨ) ਪੱਧਰ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਨਾਲ ਪ੍ਰੋ. ਭੁੱਲਰ ਦੀ ਰਿਹਾਈ ਦੀ ਆਸ ਵਧ ਰਹੀ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version