Site icon Sikh Siyasat News

ਸੁਹਿਰਦ ਸਿੱਖ ਸ਼੍ਰੋ.ਗੁ.ਪ੍ਰ.ਕ. ਚੋਣਾਂ ਲਈ ਆਪਣੀਆਂ ਵੋਟਾਂ ਬਣਵਾਉਣ: ਵਰਲਡ ਸਿੱਖ ਪਾਰਲੀਮੈਂਟ

ਸ੍ਰੀ ਅੰਮ੍ਰਿਤਸਰ: ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਲਿਖਤੀ ਬਿਆਨ ਸਿੱਖ ਸਿਆਸਤ ਨੂੰ ਮਿਲਿਆ ਹੈ ਜੋ ਕਿ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:-

ਵਰਲਡ ਸਿੱਖ ਪਾਰਲੀਮੈਂਟ ਪੰਜਾਬ ਅੰਦਰ ਵਸਦੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਵੋਟਾਂ ਪਹਿਲ ਦੇ ਆਧਾਰ ਤੇ ਰਜਿਸਟਰ ਕਰਵਾਉਣ ਦੀ ਅਪੀਲ ਕਰਦੀ ਹੈ। ਪਿਛਲੇ ਸਮਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਨੇ ਸਿੱਖ ਮਰਿਆਦਾ, ਸਿੱਖ ਸਿਧਾਂਤਾਂ ਅਤੇ ਸਿੱਖਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕਰਕੇ ਇੱਕ ਸਿਆਸੀ ਪਾਰਟੀ ਦੀ ਸਿੱਖਾਂ ਉੱਤੇ ਅਜਾਰੇਦਾਰੀ ਕਾਇਮ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ, ਜਿਸ ਤੋਂ ਸਭ ਸਿੱਖ ਭਲੀਭਾਂਤ ਜਾਣਦੇ ਹਨ । ਚਾਹੇ ਕੇ ਵੋਟਾਂ ਦਾ ਤਰੀਕਾ ਸਿੱਖ ਸਿਧਾਂਤਾਂ ਅਨੁਸਾਰੀ ਨਹੀਂ ਹੈ ਪਰ ਅੱਜ ਦੇ ਸਮੇਂ ਵਿੱਚ ਵੋਟਾਂ ਪਾਉਣ ਦਾ ਹੀ ਇੱਕ ਤਰੀਕਾ ਹੈ ਜਿਸ ਰਾਹੀਂ ਮੌਜੂਦਾ ਸਿਸਟਮ ਵਿੱਚ ਤਬਦੀਲੀ ਲਿਆਈ ਜਾ ਸਕਦੀ ਸੋ ਇਸ ਲਈ ਸੁਹਿਰਦ ਸਿੱਖਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਆਪਣੀਆਂ ਅਤੇ ਆਪਣੇ ਆਸ ਪਾਸ ਦੇ ਪੰਥਕ ਸੋਚ ਵਾਲੇ ਸਿੱਖਾਂ ਦੀਆਂ ਵੋਟਾਂ ਰਜਿਸਟਰ ਕਰਵਾਉਣੀਆਂ ਚਾਹੀਦੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣ ਲੜਨ ਵਾਲੇ ਉਮੀਦਵਾਰ  ਸਿੱਖ ਰਹਿਤ ਰਹਿਣੀ ਵਿੱਚ ਪ੍ਰਪੱਕ, ਪੰਥਕ ਸੋਚ ਦੇ ਧਾਰਨੀ ਅਤੇ ਪੰਥ ਦੇ ਬੋਲ ਬਾਲੇ ਨੂੰ ਸਮਰਪਿਤ ਹੋਣੇ ਚਾਹੀਦੇ ਹਨ । ਇਸ ਲਈ ਵਰਲਡ ਸਿੱਖ ਪਾਰਲੀਮੈਂਟ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਪਾਰਟੀਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਯੋਗ ਉਮੀਦਵਾਰਾਂ ਨੂੰ ਹੀ ਅੱਗੇ ਲਿਆਉਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਹੋਣ ਲਈ ਬਹੁਤ ਧਿਰਾਂ ਸਰਗਰਮ ਹਨ ਅਤੇ ਉਹਨਾਂ ਵਿੱਚ ਬਹੁਤੀਆਂ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਨਿਕਲੀਆਂ ਹੋਣ ਕਰਕੇ ਉਨ੍ਹਾਂ ਵਰਗੀ ਹੀ ਸੋਚ ਰੱਖਦੀਆਂ ਹਨ ਜਾਂ ਫਿਰ ਸਿੱਖ ਵਿਰੋਧੀ ਸੋਚ ਰੱਖਣ ਵਾਲੀਆਂ ਪਾਰਟੀਆਂ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਉੱਤੇ ਕਾਬਜ਼ ਹੋਣ ਦਾ ਯਤਨ ਕਰ ਰਹੀਆਂ ਹਨ । ਇਸ ਸਥਿਤੀ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ ਕਿ ਪੰਥਕ ਸੋਚ ਵਾਲੀਆਂ ਸਾਰੀਆਂ ਜਥੇਬੰਦੀਆਂ ਨੂੰ ਮਿਲ ਬੈਠ ਕੇ ਵਿਚਾਰ ਕਰਕੇ ਇੱਕ ਹਲਕੇ ਵਿੱਚ ਇੱਕ ਉਮੀਦਵਾਰ ਹੀ ਖੜ੍ਹਾ ਕਰਨਾ ਚਾਹੀਦਾ ਹੈ ।

ਜੇਕਰ ਪੰਥਕ ਧਿਰਾਂ ਵਿੱਚ ਆਪਸੀ ਪਾਟੋ ਧਾੜ ਰਹੀ ਅਤੇ ਇੱਕ ਇੱਕ ਸੀਟ ਤੋਂ ਕਈ ਉਮੀਦਵਾਰ ਖੜ੍ਹੇ ਹੋਏ ਤਾਂ ਪੰਥਕ ਸੋਚ ਵਾਲੇ ਸਿੱਖਾਂ ਦੀ ਵੋਟ ਪਾਟ ਜਾਏਗੀ ਤੇ ਇਸ ਦਾ ਫਾਇਦਾ ਮੌਜੂਦਾ ਧਿਰ ਨੂੰ ਜਾਂ ਸਿੱਖ ਵਿਰੋਧੀ ਪਾਰਟੀਆਂ ਨੂੰ ਮਿਲੇਗਾ । ਜਿਸਦਾ ਬਹੁਤ ਭਾਰਾ ਨੁਕਸਾਨ ਸਿੱਖਾਂ ਨੂੰ ਚੁਕਾਉਣਾ ਪਵੇਗਾ । ਪੰਜਾਬ ਤੋਂ ਬਾਹਰਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਸ ਤਰ੍ਹਾਂ ਅੱਜ ਭਾਜਪਾ ਦੇ ਹੱਥਾਂ ਵਿੱਚ ਚੜ੍ਹ ਗਈਆਂ ਹਨ ਅਤੇ ਭਾਰਤ ਸਰਕਾਰ ਦੇ ਗੁਣ ਗਾਉਂਦਿਆਂ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਰਹੀਆਂ ਹਨ, ਉਹ ਸਭ ਦੇ ਸਾਹਮਣੇ ਹੈ ਅਤੇ ਪੰਜਾਬ ਅਮਦਰ ਅਜਿਹਾ ਹੋਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ।

ਵਰਲਡ ਸਿੱਖ ਪਾਰਲੀਮੈਂਟ ਪੰਜਾਬ ਵਿੱਚ ਵਸਦੇ ਸਮੂਹ ਸੁਹਿਰਦ ਅਤੇ  ਪੰਥਕ ਸੋਚ ਵਾਲੇ ਸਿੱਖਾਂ ਨੂੰ ਬੇਨਤੀ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਕੇ ਮੌਜੂਦਾ ਪ੍ਰਬੰਧ ਨੂੰ ਖਤਮ ਕਰਨ ਅਤੇ ਸਿੱਖ ਪੱਖੀ ਪ੍ਰਬੰਧ ਲਿਆਉਣ ਵਿੱਚ ਮਦਦ ਕਰਨ  । ਨਾਲ ਹੀ ਪੰਥਕ ਸੋਚ ਵਾਲੀਆਂ ਪਾਰਟੀਆਂ ਉੱਤੇ ਇੱਕ ਸੀਟ ਉੱਤੇ ਇੱਕ ਉਮੀਦਵਾਰ ਖੜ੍ਹਾ ਕਰਨ ਲਈ ਦਬਾਅ ਪਾਉਣ । ਸਿੱਖ ਸੰਗਤਾਂ ਵੱਲੋਂ ਕੀਤਾ ਗਿਆ ਉੱਦਮ ਹੀ ਗੁਰਦਵਾਰਾ ਪ੍ਰਬੰਧ ਦੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਨਿਰਧਾਰਿਤ ਕਰੇਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version