Site icon Sikh Siyasat News

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਦੂਜੀ ਖੋਜਾਰਥੀ ਮਿਲਣੀ ਦਾ ਆਯੋਜਨ

ਚੰਡੀਗੜ੍ਹ  – ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਪਟਿਆਲਾ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ ਦੋ-ਰੋਜਾ ਕੌਮੀ ਖੋਜਾਰਥੀ ਮਿਲਣੀ ਅੱਜ ਖੋਜ ਵੱਲ ਨਵੀਆਂ ਪੁਲਾਂਘਾਂ ਪੁੱਟਦੀ ਹੋਈ ਸਮਾਪਤ ਹੋਈ। “ਐਡਵਾਂਸਜ਼ ਇਨ ਇੰਟਰਡਸਿਪਲਨਰੀ ਰਿਸਰਚ ਫਾਰ ਸਸਟੇਨੇਬਲ ਫਿਊਚਰ” ਵਿਸ਼ੇ ਤੇ ਹੋਈ ਖੋਜਾਰਥੀ ਮਿਲਣੀ ਦੇ ਉਦਘਾਟਨੀ ਸੈਸ਼ਨ ਵਿਚ ਉੱਘੇ ਅਰਥਸ਼ਾਸਤਰੀ ਅਤੇ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਾਈਸ-ਚਾਂਸਲਰ ਪ੍ਰੋ. ਗੁਰਮੇਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮਿਲਣੀ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਕੀਤੀ ਅਤੇ ਸਵਾਗਤ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਵਲੋਂ ਕੀਤਾ ਗਿਆ।ਡਾ. ਯਾਦਵਿੰਦਰ ਸਿੰਘ, ਇੰਚਾਰਜ ਵਣ ਵਿਗਿਆਨ ਵਿਭਾਗ ਦੀ ਯੋਗ ਅਗਵਾਈ ਹੇਠ ਇਹ ਮਿਲਣੀ ਉਲੀਕੀ ਗਈ। ਮੁੱਖ ਭਾਸ਼ਣ ਵਿੱਚ ਪ੍ਰੋ. ਗੁਰਮੇਲ ਸਿੰਘ ਨੇ ਇੰਟਰਡਸਿਪਲਨਰੀ ਰਿਸਰਚ ਬਾਰੇ ਵੱਖੋ ਵੱਖਰੇ ਹਵਾਲਿਆਂ ਅਤੇ ਮਿਸਾਲਾਂ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਅਰਥਸ਼ਾਸਤਰੀ ਖੋਜ ਦੇ ਤਜਰਬੇ ਵਜੋਂ ਦੱਸਿਆ ਕਿ ਜ਼ਮੀਨੀ ਪੱਧਰ ਤੇ ਸਭ ਕੁਝ ਅੰਤਰਅਨੁਸ਼ਾਸਨੀ ਹੈ, ਕੋਈ ਵੀ ਫ਼ੈਸਲਾ ਇੱਕੋ ਅਨੁਸ਼ਾਸਨ ਵਿੱਚ ਰਹਿ ਕੇ ਨਹੀਂ ਕੀਤਾ ਜਾ ਸਕਦਾ।

ਇਹ ਦੋ-ਰੋਜ਼ਾ ਖੋਜਾਰਥੀ ਮਿਲਣੀ ਚਾਰ ਇਕਾਈਆਂ ਵਿੱਚ ਵੰਡੀ ਗਈ ਸੀ ਜਿਨ੍ਹਾਂ ਦੇ ਪ੍ਰਬੰਧਕੀ ਸਕੱਤਰ ਡਾ. ਸਿਕੰਦਰ ਸਿੰਘ, ਇੰਚਾਰਜ ਪੰਜਾਬੀ ਵਿਭਾਗ, ਡਾ. ਸੁਮਿਤ ਕੁਮਾਰ, ਇੰਚਾਰਜ ਅਰਥ ਸਾਸ਼ਤਰ ਵਿਭਾਗ, ਡਾ. ਰਾਹੁਲ ਬਦਰੂ, ਸਹਾਇਕ ਪ੍ਰੋਫੈਸਰ, ਰਸਾਇਣ ਵਿਗਿਆਨ ਵਿਭਾਗ ਅਤੇ ਡਾ. ਪੰਕਜਪ੍ਰੀਤ ਸਿੰਘ, ਇੰਚਾਰਜ ਫਿਜ਼ਿਓਥੈਰੇਪੀ ਵਿਭਾਗ ਸਨ।ਇਸ ਦੋ-ਰੋਜ਼ਾ ਖੋਜਾਰਥੀ ਮਿਲਣੀ ਵਿਚ 7 ਰਾਜਾਂ ਦੀਆਂ 27 ਸੰਸਥਾਵਾਂ ਤੋਂ 255 ਵਿਦਵਾਨਾਂ ਅਤੇ ਖੋਜਾਰਥੀਆਂ ਨੇ ਆਪਣੇ ਪਰਚੇ ਪੇਸ਼ ਕੀਤੇ। ਹਰੇਕ ਇਕਾਈ ਦੇ ਤਿੰਨ ਅੱਵਲ ਖੋਜਾਰਥੀਆਂ ਨੂੰ ਮਾਇਕ ਰੂਪ ਵਿੱਚ ਇਨਾਮ ਦਿੱਤੇ ਗਏ।

ਇਸ ਖੋਜਾਰਥੀ ਮਿਲਣੀ ਦੇ ਵਿਦਾਇਗੀ ਸੈਸ਼ਨ ਵਿੱਚ ਪ੍ਰੋ. ਸ.ਸ. ਮਰਵਾਹਾ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਮਹਿਮਾਨ ਵਜੋਂ ਅਤੇ ਇੰਡੀਅਨ ਸਾਇੰਸ ਕਾਂਗਰਸ ਦੇ ਪਟਿਆਲਾ ਚੈਪਟਰ ਦੇ ਕਨਵੀਨਰ ਪ੍ਰੋ. ਪਰਮਵੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵੱਖੋ ਵੱਖਰੇ ਸੈਸ਼ਨਾਂ ਦੇ ਵਿਸ਼ਾ ਮਾਹਿਰਾਂ ਵਜੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਪ੍ਰੋ. ਹਰਪਾਲ ਸਿੰਘ ਪੰਨੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰੋ. ਗੁਰਮੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਜੇ ਆਈ ਐਸ ਖੱਟੜ, ਪ੍ਰੋ ਕੁਲਵਿੰਦਰ ਸਿੰਘ, ਪ੍ਰੋ. ਰਾਜਿੰਦਰ ਕੌਰ ਅਤੇ ਪ੍ਰੋ. ਮਨਜੀਤ ਸਿੰਘ, ਥਾਪਰ ਯੂਨੀਵਰਸਿਟੀ ਪਟਿਆਲਾ ਪ੍ਰੋ. ਸੁਸ਼ੀਲ ਮਿੱਤਲ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਵਿਜੈ ਨਾਗਪਾਲ ਸ਼ਾਮਲ ਹੋਏ, ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਗੁਰਜਿੰਦਰ ਸਿੰਘ, ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਪ੍ਰੋਫੈਸਰ ਸਾਹਿਬਾਨ ਵੀ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version