ਲੁਧਿਆਣਾ (11 ਜਨਵਰੀ, 2012): ਬਰਨਾਲਾ ਦੇ ਥਾਣਾ ਕੋਤਵਾਲੀ ਵਿਚ ਨਿਹੰਗ ਕੁਲਵੰਤ ਸਿੰਘ ਦੇ ਨਾਬਾਲਗ ਪੁੱਤਰ ਵੀਰ ਸਿੰਘ ਨੂੰ ਪੁਛਗਿਛ ਦੇ ਬਹਾਨੇ ਸੱਦਕੇ ਪਹਿਲਾਂ ਜਿੱਥੇ ਉਸ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ, ਉਥੇ ਥਾਣਾ ਮੁਖੀ ਵਲੋਂ ਪਰਿਵਾਰ ਨੂੰ ਧੋਖਾ ਦੇ ਕੇ ਕੀਤੇ ਕਤਲ ਨੂੰ ਛੁਪਾਉਣ ਦੀ ਖਾਤਰ ਝੂਠੀਆਂ ਦਲੀਲਾਂ ਵੀ ਘੜੀਆਂ ਜਾ ਰਹੀਆਂ ਹਨ। ਅਜਿਹਾ ਕਤਲ ਮਨੁੱਖਤਾ ਦੇ ਮੱਥੇ ਉਤੇ ਵੱਡਾ ਧੱਬਾ ਹੈ ਤੇ ਹਰ ਇਨਸਾਫ ਪਸੰਦ ਨੂੰ ਇਸਦੀ ਜਿੰਨੀ ਹੋ ਸਕੇ ਨਿੰਦਾ ਕਰਨੀ ਚਾਹੀਦੀ ਹੈ। ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਥਾਣਾ ਮੁਖੀ ਵਲੋਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਦਾਲ ਵਿਚ ਜ਼ਰੂਰ ਕੁਝ ਕਾਲਾ ਹੈ।ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਪਿਛਲੇ ਸਮੇਂ ਦੌਰਾਨ ਮੌਤਾਂ ਦੀ ਦਰ ਵਿਚ ਵਾਧਾ ਹੋਇਆ ਹੈ, ਜੋ ਕਿ ਇਕ ਗੰਭੀਰ ਮਸਲਾ ਹੈ।
ਉਨ੍ਹਾਂ ਕਿਹਾ ਕਿ ਵੀਰ ਸਿੰਘ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਸਬੰਧੀ ਪੂਰਾ ਸਪੱਸ਼ਟ ਉਸਦੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ ਅਤੇ ਉਸ ਮੁਤਾਬਕ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।