– ਵਰਿੰਦਰ ਵਾਲੀਆ
ਮੋੜ੍ਹੀ ਪੁੱਟਣ ਨਾਲ ਸਾਰੇ ਪਿੰਡ ਦੀ ਮਿੱਟੀ ਲਹੂ-ਲੁਹਾਣ ਹੋ ਜਾਂਦੀ ਹੈ। ਲਹੂ ਭਿੱਜੀ ਮਿੱਟੀ ਵਿੱਚ ਸਾਂਝੀਵਾਲਤਾ ਦੇ ਬੀਜ ਸਦਾ ਲਈ ਗ਼ਰਕ ਹੋ ਜਾਂਦੇ ਹਨ। ਚੁੱਲ੍ਹਿਆਂ ‘ਤੇ ਘਾਹ ਉੱਗ ਪੈਂਦਾ ਹੈ ਜਿਹੜਾ ਛਾਂ ਵੰਡਣ ਜੋਗਾ ਨਹੀਂ ਹੁੰਦਾ।
ਹਰ ਪਿੰਡ ਦਾ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ। ਕੋਈ ਦਾਨਾ ਮੋੜ੍ਹੀ ਗੱਡਦਾ ਹੈ। ਹਲ ਵਗਣਾ ਸ਼ੁਰੂ ਹੋ ਜਾਵੇ ਤਾਂ ਪਗਡੰਡੀਆਂ ਹੋਂਦ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਗਡੰਡੀਆਂ ਤੋਂ ਪਹੇ ਤੇ ਫਿਰ ਪੱਕੇ ਰਾਹ ਬਣਦੇ ਹਨ। ਮੋੜ੍ਹੀ ਪੁੱਟ ਦਿਓ ਤਾਂ ਖ਼ੂਹ ਪੁੱਠੇ ਗਿੜਨੇ ਸ਼ੁਰੂ ਹੋ ਜਾਂਦੇ ਹਨ। ਪੁੱਠੀਆਂ ਟਿੰਡਾਂ ਗਿੱਲੀਆਂ ਜ਼ਰੂਰ ਹੁੰਦੀਆਂ ਹਨ, ਪਰ ਪਾਣੀ ਨਹੀਂ ਕੱਢਦੀਆਂ। ਖੂਹ ਸੁੱਕ ਜਾਣ, ਹਲ ਰੁਕ ਜਾਣ ਤਾਂ ਘਾਹ, ਪਗਡੰਡੀਆਂ ਤੇ ਰਾਹਾਂ ਨੂੰ ਆਪਣੀਆਂ ਪੱਤੀਆਂ ਹੇਠ ਢਕ ਕੇ ਉਨ੍ਹਾਂ ਦੀ ਹੋਂਦ ਖ਼ਤਮ ਕਰ ਦਿੰਦਾ ਹੈ।
ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਹੋਂਦ ਚਿੱਲੜ ਪਿੰਡ ਵਿਚ ਸਤਾਈ ਸਾਲ ਪਹਿਲਾਂ ਮੌਤ ਦਾ ਤਾਂਡਵ ਘੁੱਗ ਵਸਦੇ ਘਰਾਂ ਨੂੰ ਖੰਡਰਾਤ ਬਣਾ ਗਿਆ। ਹੋਂਦ ਪਿੰਡ ਦੀ ਹੋਂਣ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਜਮਹੂਰੀਅਤ ਦੇ ਸਾਰੇ ਥੰਮ੍ਹਾਂ ਨੂੰ ਪਈ ਦੰਦਲ ਖੁੱਲਣ ਲਈ 27 ਸਾਲ ਲੱਗ ਗਏ। ਬੱਚੇ ਅਤੇ ਔਰਤਾਂ ਸਮੇਤ 32 ਮਜ਼ਲੂਮਾਂ ਦੇ ਖ਼ੂਨ ਨਾਲ ਹੋਲੀ ਖੇਡੀ ਗਈ। ਪੀੜਤਾਂ ਦੇ ਆਪਣੇ ਭਾਈਚਾਰੇ ਨੇ ਵੀ ਮੌਨ ਧਾਰੀ ਰੱਖਿਆ। ਥਾਣੇ ਵਿੱਚ ਪਿੰਡ ਦੇ ਸਰਪੰਚ ਵੱਲੋਂ ਦਰਜ ਕਰਵਾਈ ਗਈ ਮੁੱਢਲੀ ਰਿਪੋਰਟ ਦੀ ਇੰਨੇ ਸਾਲ ਪਹਿਲਾਂ ਹਰਿਆਣਾ ਵਿਧਾਨ ਸਭਾ ਵਿੱਚ ਉੱਠਣ ਦੇ ਬਾਵਜੂਦ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ। ਦੇਸ਼ ਦੀ ਵੰਡ ਵੇਲੇ ਨਵੇਂ ਬਣੇ ਪਾਕਿਸਤਾਨ ਤੋਂ ਉੱਜੜ ਕੇ ਆਏ ਪੀੜਤਾਂ ਨੇ ਪਿੰਡ ਹੋਂਦ ਚਿੱਲੜ ਦੀ ਮਿੱਟੀ ਨੂੰ ਆਪਣੇ ਵਤਨ ਦੀ ਮਿੱਟੀ ਸਮਝ ਕੇ ਜੜ੍ਹਾਂ ਲਾ ਲਈਆਂ ਸਨ। ਹੋਂਦ-ਚਿੱਲੜ ਅਗਲੀ ਪੀੜ੍ਹੀ ਦੀ ਜਨਮ ਭੋਇੰ ਬਣ ਗਿਆ। ਮਿੱਟੀ ਦਾ ਮੋਹ, ਖ਼ੂਨ ਦੀ ਸਾਂਝਾ ਦੇ ਤੁੱਲ ਹੁੰਦਾ ਹੈ। ਖ਼ੂਨ ਤੇ ਆਪਣੀ ਮਿੱਟੀ ਹਜ਼ਾਰਾਂ ਮੀਲਾਂ ਦੀ ਦੂਰੀ ਦੇ ਬਾਵਜੂਦ ਖਿੱਚ ਪਾਉਂਦੀ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਤੀ ਉਮਰਾ ਦੇ ਵਸਨੀਕਾਂ ਨੇ ਜਦੋਂ ਆਪਣੇ ਗਰਾਈਂ, ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨੂੰ ਪੁੱਛਿਆ ਸੀ ਕਿ ਉਹ ਹਿੰਦੁਸਤਾਨ ਤੋਂ ਕਿਹੜੀ ਸੌਗਾਤ ਲੈ ਕੇ ਆਉਣ ਤਾਂ ਉਨ੍ਹਾਂ ਬਸ ਤਿੰਨ ਸ਼ਬਦ ਬੋਲੇ ਸਨ, ‘ਪਿੰਡ ਦੀ ਮਿੱਟੀ।‘ ਹੋਂਦ-ਚਿੱਲੜ ਤੋਂ ਉੱਜੜੇ ਲੋਕ ਆਪਣੇ ਪਿੰਡ ਦੀ ਮਿੱਟੀ ਤੋਂ ਭੈਅ ਖਾ ਰਹੇ ਹਨ। ਆਪਣਿਆਂ ਦੇ ਖ਼ੂਨ ਨਾਲ ਲਥ-ਪਥ ਹੋਈ ਮਿੱਟੀ ਦੀ ਖ਼ੁਸ਼ਬੂ ਸਦਾ ਲਈ ਮਰ ਮੁੱਕ ਜਾਂਦੀ ਹੈ। ਨਿਹੱਥਿਆਂ ਦੇ ਖ਼ੂਨ ਨਾਲ ਲਿਬੜੇ ਹੱਥਾਂ ‘ਤੇ ਹੱਥਕੜੀ ਨਾ ਲੱਗੇ ਤਾਂ ਜਮਹੂਰੀਅਤ ਲਈ ਇਸ ਤੋਂ ਵੱਡਾ ਮਿਹਣਾ ਹੋਰ ਕੀ ਹੋਵੇਗਾ? ਜਿੱਥੇ ਕਿੱਕਲੀਆਂ ਪਾ ਰਹੀਆਂ ਤੇ ਪੀਂਘਾਂ ਝੂਟ ਰਹੀਆਂ ਮੁਟਿਆਰਾਂ ਦਾ ਕਤਲ ਹੋਇਆ ਹੋਵੇ ਤੇ ਬੁੱਢੀਆਂ ਛਾਵਾਂ ਲਹੂ-ਲੁਹਾਣ ਹੋਈਆਂ ਹੋਣ, ਉੱਥੋਂ ਦੀ ਮਿੱਟੀ ਨੂੰ ਮੱਥੇ ਨਾਲ ਕੌਣ ਲਾਵੇਗਾ? ਦਾਗ਼ਿਸਤਾਨ ਦੇ ਲੋਕ ਕਵੀ ਰਸੂਲ ਹਮਜ਼ਾਤੋਵ ਦੀ ਮਾਂ, ਜਿਹੜੀ ਮਿੱਟੀ ਦੀ ਗੱਲ ਕਰਦੀ ਸੀ, ਉਹ ਹੋਰ ਤਰ੍ਹਾਂ ਦੀ ਹੁੰਦੀ ਹੈ। ਉਹ ਲਿਖਦਾ ਹੈ, ‘ਮੇਰੀ ਮਾਂ ਜਦੋਂ ਕਦੇ ਬੱਲਗਰ ਜਾਤੀ ਦੇ ਲੋਕਾਂ ਨੂੰ ਘੜੇ ਤੇ ਮਿੱਟੀ ਦੇ ਬਰਤਨ ਵੇਚਦਿਆਂ ਵੇਖਦੀ ਤਾਂ ਖਿਝ ਜਾਂਦੀ।‘ ਉਹ ਕਹਿੰਦੀ, ‘ਇੰਨੀ ਮਿੱਟੀ ਬਰਬਾਦ ਕਰਦਿਆਂ ਹੋਇਆਂ ਇਨ੍ਹਾਂ ਨੂੰ ਦੁੱਖ ਨਹੀਂ ਹੁੰਦਾ? ਮਿੱਟੀ ਵੇਚਣ ਵਾਲੇ ਤਾਂ ਮੈਨੂੰ ਜਮਾ ਨ੍ਹੀ ਚੰਗੇ ਲੱਗਦੇ।
ਹਰਿਆਣਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਵੰਬਰ 1984 ਵਿੱਚ ਮਾਰੇ ਗਏ 32 ਸਿੱਖਾਂ ਦੇ ਵਾਰਸਾਂ ਨੂੰ 7-7 ਲੱਖ ਰੁਪਏ ਦੇ ਦਿੱਤੇ ਗਏ ਸਨ। ਇਹ ਰਕਮ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਗਈ ਸੀ। ਇਉਂ ਕੁੱਲ 2.24 ਕਰੋੜ ਰੁਪਏ ਦੇਣ ਦਾ ਦਾਅਵਾ ਕੀਤਾ ਗਿਆ ਹੈ। ਹਰਿਆਣਾ ਸਰਕਾਰ ਦੇ ਤਰਜਮਾਨ ਮੁਤਾਬਕ ਸੰਨ 2006 ਵਿੱਚ ਜਾਇਦਾਦ ਦੇ ਨੁਕਸਾਨ ਦੀ ਭਰਪਾਈ ਵਜੋਂ ਇੱਕ ਇੱਕ ਲੱਖ ਰੁਪਏ ਦਿੱਤੇ ਗਏ ਸਨ। ਸਰਕਾਰੀ ਅੰਕੜੇ ਮ੍ਰਿਤਕਾਂ ਦੀ ਰੂਹ ਨੂੰ ਸ਼ਾਂਤੀ ਨਹੀਂ ਦੇ ਸਕਦੇ। ਹਰਿਆਣਾ ਰੋਡਵੇਜ਼ ਦੀ ਬੱਸ ਸਣੇ ਕਈ ਵਾਹਨਾਂ ਵਿੱਚ ਆਏ ਗ਼ੈਰ-ਸਮਾਜੀ ਅਨਸਰ ਪਿੰਡ ਹੋਂਦ ਦੀ ਹੋਂਦ ਮਿਟਾ ਕੇ ਚਲੇ ਗਏ ਪਰ ਦਿਨ-ਦਿਹਾੜੇ ਹੋਈ ਵਾਰਦਾਤ ਵਿੱਚ ਸ਼ਾਮਲ ਇੱਕ ਵੀ ਕਰੂਰ ਚਿਹਰਾ ਨਾ ਪਛਾਣਿਆ ਜਾਵੇ ਤਾਂ ਉਸ ਦੇ ਕੀ ਅਰਥ ਕੱਢੇ ਜਾਣ? ਦੇਸ਼ ਦੀ ਵੰਡ ਤੋਂ ਬਾਅਦ ਉੱਥੇ ਵਸੇ ਲੋਕਾਂ ਨੂੰ ਉਜਾੜਾ ਦਰ ਉਜਾੜਾ-ਕਿਉਂ-ਭੋਗਣਾ ਪਿਆ? ਪਹਿਲਾਂ ਉਨ੍ਹਾਂ ਦਾ ਜੱਦੀ ਪਿੰਡ ਮੀਆਂਵਾਲੀ ਰਾਤੋ-ਰਾਤ ਦੁਸ਼ਮਣ ਦੇਸ਼ ਦਾ ਹਿੱਸਾ ਬਣ ਗਿਆ ਸੀ। ਹੁਣ ਉਨ੍ਹਾਂ ਦੇ ਆਪਣੇ ਵਤਨ ਵਾਲੇ ਪਿੰਡ ਦੀ ਭੋਇੰ ਦਿਨ-ਦੀਵੀਂ ਬਿਗਾਨੀ ਹੋ ਗਈ। ਨੋਇਡਾ ਵਿੱਚ ਨਾਬਾਲਗ ਬੱਚੀ ਦੇ ਕਤਲ ਪਿੱਛੋਂ ਮੀਡੀਆ ਸਨਸਨੀਖੇਜ਼ ਖ਼ਬਰਾਂ ਕੱਢਦਾ ਰਿਹਾ ਪਰ ਹੋਂਦ ਚਿੱਲੜ ਦੇ ਮਾਮਲੇ ਵਿੱਚ ਇਸ ਦੀ ਦੰਦਲ ਪੂਰੇ 27 ਸਾਲਾਂ ਬਾਅਦ ਟੁੱਟੀ ਹੈ। ਲੰਮਾ ਸਮਾਂ ਹਾਸ਼ੀਏ ਤੋਂ ਥੱਲੇ ਧੱਕੇ ਪੀੜਤ ਸੁਰਖੀਆਂ ਨਾ ਬਣ ਸਕੇ। ਪੀੜਤਾਂ ਦੇ ਖੰਡਰ ਬਣੇ ਘਰ, ਗੁਰਦੁਆਰੇ ਦੀ ਇਮਾਰਤ ਦਾ ਬਚਿਆ ਕੁਝ ਹਿੱਸਾ ਅਤੇ ਖੂਹ, ਜਿਸ ਵਿੱਚ ਬੇਕਸੂਰ ਵਿਅਕਤੀਆਂ ਦੀਆਂ ਅੱਧ ਸੜੀਆਂ ਲਾਸ਼ਾਂ ਸੁੱਟੀਆਂ ਗਈਆਂ ਸਨ, ਅਣ-ਮਨੁੱਖੀ ਹੌਲਨਾਕ ਘਟਨਾ ਦੇ ਮੂਕ ਗਵਾਹ ਵਜੋਂ ਮੌਜੂਦ ਹਨ। ਖੰਡਰਾਤ ਨੇ ਪਿਛਲੇ 27 ਸਾਲ ਕਬਰਾਂ ਵਰਗੀ ਚੁੱਪ ਹੰਢਾਈ ਹੈ। ਨਵੰਬਰ 1984 ਦੀ ਕੁਲੱਛਣੀ ਸਵੇਰ ਪਿੰਡ ਹੋਂਦ-ਚਿੱਲੜ ਦੇ ਵਸਨੀਕਾਂ ਲਈ ਕਹਿਰ ਦੀ ਘੜੀ ਸੀ। ਬਹੁਤੇ ਮਰਦ ਆਪੋ-ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਪਿੰਡੋਂ ਬਾਹਰ ਗਏ ਹੋਣ ਕਰਕੇ ਬਚ ਗਏ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਬੱਚੇ, ਬੁੱਢੇ ਅਤੇ ਬਜ਼ੁਰਗ ਔਰਤਾਂ, ਦੰਗਾਕਾਰੀਆਂ ਦਾ ਸ਼ਿਕਾਰ ਬਣ ਗਏ। ਕਾਇਰ ਹਮਲਾਵਰ ਆਪਣੇ ਲਾਚਾਰ ਸ਼ਿਕਾਰ ਦੀਆਂ ਅੱਖਾਂ ਵਿੱਚ ਫ਼ੈਲਿਆ ਖ਼ੌਫ਼ ਵੇਖ ਕੇ ਪਸੀਜਣ ਦੀ ਬਜਾਏ ਬਾਘੀਆਂ ਪਾਉਣ ਲੱਗ ਪਏ। ਪ੍ਰਾਚੀਨ ਸਮਿਆਂ ਵਿੱਚ ਯੁੱਧ ਦੀ ਵੀ ਕੋਈ ਮਰਿਆਦਾ ਹੁੰਦੀ ਸੀ। ਜੁਝਾਰੂ ਲੋਕ ਨਿਹੱਥਿਆਂ ‘ਤੇ ਹਮਲਾ ਨਹੀਂ ਸਨ ਕਰਦੇ। ਦੁਸ਼ਮਣ ਨੂੰ ਡਿੱਗੇ ਹੋਏ ਹਥਿਆਰ ਦੁਬਾਰਾ ਚੁੱਕਣ ਦਾ ਮੌਕਾ ਦਿੱਤਾ ਜਾਂਦਾ ਸੀ।
ਕਿਸਮਤ ਦੇ ਮਾਰੇ ਇਹ ਲੋਕ ਜਦੋਂ 27 ਸਾਲਾਂ ਬਾਅਦ ਹੋਂਦ-ਚਿੱਲੜ ਪਹੁੰਚੇ ਤਾਂ ਖੰਡਰਾਂ ਨੂੰ ਵੇਖ ਕੇ ਭਾਵੁਕ ਹੋ ਗਏ। ਬਾਕੀ ਘਰਾਂ ਦੇ ਨਾਮੋ-ਨਿਸ਼ਾਨ ਮਿਟ ਗਿਆ। ਕਈ ਪੀੜਤ ਪਰਿਵਾਰਾਂ ਨੂੰ ਮ੍ਰਿਤਕਾਂ ਦੇ ਦਾਹ-ਸਸਕਾਰ ਦਾ ਮੌਕਾ ਵੀ ਨਾ ਮਿਲਿਆ। ਫੁੱਲ ਚੁਗਣੇ ਤੇ ਜਲ-ਪ੍ਰਵਾਹ ਕਰਨੇ ਤਾਂ ਦੂਰ ਦੀ ਗੱਲ ਸੀ। ਵਾਰਦਾਤ ਵਾਲੇ ਦਿਨ ਨੂੰ ਯਾਦ ਕਰਕੇ ਉਹ ਅੱਜ ਵੀ ਤ੍ਰਭਕ ਜਾਂਦੇ ਹਨ। ਹੁਣ 32 ਵਿਅਕਤੀਆਂ ਦੀਆਂ ਅਸਥੀਆਂ ਦੇ ਰੂਪ ਵਿੱਚ ਉੱਥੋਂ ਦੀ ਮਿੱਟੀ ਅਤੇ ਹੋਰ ਬਚੇ-ਖੁਚੇ ਸਾਮਾਨ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਜਿਹੀ ਅਣਹੋਣੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਪਿੰਡ ਦੀ ਮਿੱਟੀ ਦੇ ਜਲ ਪ੍ਰਵਾਹ ਹੋਣ ਤੋਂ ਬਾਅਦ ਪਿੰਡ ਹੋਂਦ ਦੀ ਹੋਂਦ ਸਦਾ ਲਈ ਖ਼ਤਮ ਹੋ ਜਾਵੇਗੀ। ਮੋੜ੍ਹੀ ਗੱਡਣ ਵਾਲੇ ਸਵਰਗਵਾਸੀ ਬਜ਼ੁਰਗ ਦੀ ਆਤਮਾ ਉਸ ਦਿਨ ਕੁਰਲਾ ਉੱਠੇਗੀ। ਉਹ ਸੋਚੇਗਾ ਕਿ ਉਸ ਦੇ ਤਾਂ ਫੁਲ ਪਾਏ ਗਏ ਸਨ, ਅੱਜ ਉਸ ਦੇ ਵਰੋਸਾਏ ਪਿੰਡ ਦੀ ਮਿੱਟੀ ਕਿਉਂ ਜਲ-ਪ੍ਰਵਾਹ ਕੀਤੀ ਗਈ ਹੈ!
ਸਮੇਂ ਦੀਆਂ ਸਰਕਾਰਾਂ ਵੱਲੋਂ ਮਾਮਲੇ ਨੂੰ ਅੱਖੋਂ-ਪਰੋਖੇ ਕਰਨ ਵਾਲੇ ਵਤੀਰੇ ਨੂੰ ਵੇਖਦਿਆਂ ਪੀੜਤ ਪਰਿਵਾਰਾਂ ਨੇ ਲੰਮੀ ਚੁੱਪੀ ਧਾਰ ਲਈ ਸੀ। ਇਹ ਘਟਨਾ ਲੋਕਤੰਤਰ ਦੇ ਖੋਖਲੇਪਣ ਦੀ ਅਜੀਬ ਤੇ ਦਰਦੀਲੀ ਦਾਸਤਾਨ ਹੈ। ਲੋਕਤੰਤਰ ਦੀ ਪਰਿਭਾਸ਼ਾ ਭਾਵੇਂ ‘ਲੋਕਾਂ ਦਾ, ਲੋਕਾਂ ਲਈ ਤੇ ਲੋਕਾਂ ਦੁਆਰਾ‘ ਹੈ ਪਰ ਇਹ ਹਾਸ਼ੀਏ ਤੋਂ ਥੱਲੇ ਧੱਕੇ ਗਏ ਲੋਕਾਂ ‘ਤੇ ਨਹੀਂ ਢੁੱਕਦੀ। ਇਨ੍ਹਾਂ ਲੋਕਾਂ ਦੀਆਂ ਚੀਕਾਂ-ਕੁਰਲਾਹਟਾਂ ਕੋਈ ਨਹੀਂ ਸੁਣਦਾ। ਲੋਹਾ ਜਿੰਨਾ ਮਰਜ਼ੀ ਉੱਬਲ ਜਾਵੇ, ਉਸ ‘ਚੋਂ ਭਾਫ਼ ਨਹੀਂ ਨਿਕਲਦੀ। ਇਹ ਗੱਲ ਵੱਖਰੀ ਹੈ ਕਿ ਸਿਆਸੀ ਲੋਕ ਢਲੇ ਹੋਏ ਲੋਹੇ ਨੂੰ ਆਪਣੇ ਸਾਂਚਿਆਂ ਵਿੱਚ ਢਾਹ ਲੈਂਦੇ ਹਨ।
(ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਾਹਿਤ)