ਅੰਮ੍ਰਿਤਸਰ:ਪੰਜਾਬ ਸਰਕਾਰ ਦੇ ਵਜ਼ੀਰ ਨਵਜੋਤ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਮ ਸੌਪੇ ਇੱਕ ਪੱਤਰ ਵਿੱਚ ਮੰਗ ਕੀਤੀ ਹੈ ਸਿਰਸਾ ਡੇਰੇ ਦੇ ਦਲਾਲਾਂ ਨੂੰ ਪੰਥ ‘ਚੋਂ ਛੇਕਿਆ ਜਾਵੇ। ਅੱਜ ਇਥੇ ਕਾਹਲੀ ਨਾਲ ਪੁਜੇ ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧੀ ਇੱਕ ਚਾਰ ਸਫਿਆਂ ਦਾ ਮੰਗ ਪੱਤਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਭੁਪਿੰਦਰ ਸਿੰਘ ਸਰਪੰਚ ਨੂੰ ਸੌਪਿਆ।
ਬਾਦਲਾਂ ਦ ਰਾਜ ਭਾਗ ਦੌਰਾਨ ਸੂਬੇ ਵਿੱਚ ਸਾਲ 2015 ਤੋਂ ਸ਼ੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਕਾਂਗਰਸੀ ਮੰਤਰੀ ਨੇ ਕਿਹਾ ਹੈ ਕਿ ਇਸਦੀ ਅਸਲੀਅਤ ਲੱਭਣ ਲਈ ਸਾਲ 2007 ਵਿੱਚ ਸ਼ੁਰੂ ਹੋਏ ਬਾਦਲ ਦਲ-ਡੇਰਾ ਸਿਰਸਾ ਗਠਜੋੜ ਦੀ ਤਹਿ ਤੀਕ ਜਾਣਾ ਜਰੂਰੀ ਹੈ।ਉਨ੍ਹਾਂ ਲਿਿਖਆ ਹੈ ਕਿ ਸਾਲ 2007 ਵਿੱਚ ਜਦੋਂ ਡੇਰਾ ਸਿਰਸਾ ਮੁਖੀ ਨੇ ਸਿੱਖ ਪੰਥ ਵਿਰੋਧ ਕਾਰਵਾਈਆਂ ਨਾਲ ਹਿਰਦੇ ਵਲੂੰਧਰੇ ਤਾਂ ਉਸ ਵੇਲੇ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜਿਸਨੇ ਡੇਰਾ ਮੁਖੀ ਦੀ ਇਸ ਘਿਨਾਉਣੀ ਹਰਕਤ ਤੇ ਡੇਰਾ ਪ੍ਰੇਮੀਆਂ ਦੀਆਂ ਆਪ ਹੁਦਰੀਆਂ ਖਿਲਾਫ ਪੁਲਿਸ ਕੇਸ ਵੀ ਦਰਜ ਕਰਨਾ ਜਰੂਰੀ ਨਹੀ ਸਮਝਿਆ।
ਸਿੱਧੂ ਨੇ ਲਿਿਖਆ ਹੈ ਕਿ ਸਿੱਖ ਪੰਥ ਵਲੋਂ ਡੇਰਾ ਪ੍ਰਤੀ ਪ੍ਰਗਟਾਏ ਰੋਸ ਤੇ ਰੋਹ ਅੱਗੇ ਝੁਕਦਿਆਂ ਬਾਦਲਾਂ ਨੇ ਡੇਰੇ ਖਿਲਾਫ ਕੇਸ ਤਾਂ ਦਰਜ ਕਰ ਲਿਆ ਪ੍ਰੰਤੂ ਕਾਰਵਾਈ ਕੋਈ ਨਹੀ ਪਾਈ ਹਾਲਾਂਕਿ ਇਸ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਜਥੇਦਾਰ ਸਾਹਿਬਾਨ ਨੇ ਬਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਸੀ।ਪੰਜਾਬ ਸਰਕਾਰ ਦੇ ਵਜ਼ੀਰ ਲਿਖਦੇ ਹਨ ਕਿ ਸਾਲ 2009 ਦੀ ਲੋਕ ਸਭਾ ਚੋਣਾਂ ਮੌਕੇ ਬਾਦਲ ਪਰਿਵਾਰ ਦੀ ਨੂੰਹ ਨੂੰ ਬਠਿੰਡੇ ਤੋਂ ਜਿਤਾਉਣ ਲਈ ਜਦੋਂ ਡੇਰਾ ਸਿਰਸਾ ਨਾਲ ਸਮਝੋਤਾ ਹੋ ਗਿਆਂ ਤਾਂ ਡੇਰਾ ਮਾਮਲਾ ਠੰਡੇ ਬਸਤੇ ਪਾ ਦਿੱਤਾ ਗਿਆ।ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ ਡੇਰੇ ਖਿਲਾਫ ਦਰਜ ਪੁਲਿਸ ਕੇਸ ਰੱਦ ਕਰਨ ਦੀ ਸ਼ਿਫਾਰਸ਼ ਕਰ ਦਿੱਤੀ ।ਸਾਲ 2014 ਦੀ ਲੋਕ ਸਭਾ ਚੋਣ ਫਿਰ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਡੇਰੇ ਖਿਲਾਫ ਚਲਦੇ ਅਦਾਲਤੀ ਕੇਸਾਂ ਵਿੱਚ ਚਾਰਜਸ਼ੀਟ ਹੀ ਨਹੀ ਦਾਖਲ ਕੀਤੀ ਗਈ।ਸਾਲ 2015 ਵਿੱਚ ਜਦੋਂ ਡੇਰਾ ਮੁਖੀ ਦੀ ਫਿਲਮ ਦਾ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਤਾਂ ਬਾਦਲਾਂ ਨੇ ਉਸ ਨਾਲ ਸੌਦਾ ਕਰਕੇ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾ ਦਿੱਤੀ ।ਡੇਰੇ ਨੂੰ ਫਿਲਮ ਦੀ ਰਲੀਜ ਤੋਂ ਇੱਕ ਹਫਤੇ ਦੌਰਾਨ 104 ਕਰੋੜ ਰੁਪਏ ਦੀ ਆਮਦਨ ਹੋਈ।
ਡੇਰਾ ਮੁਖੀ ਨੂੰ ਦਿੱਤੀ ਮੁਆਫੀ ਦਾ ਜਦੋਂ ਸਿੱਖ ਸੰਗਤ ਨੇ ਵਿਰੋਧ ਜਿਤਾਇਆ ਤਾਂ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਘਟਨਾ ਅੰਜ਼ਾਮ ਦਿਵਾ ਦਿੱਤੀ ਗਈ ।ਇਨਸਾਫ ਮੰਗ ਰਹੇ ਸਿੱਖਾਂ ਉਪਰ ਗੋਲੀ ਚਲਵਾਈ ਗਈ ।ਨਵਜੋਤ ਸਿੰਘ ਸਿੱਧੂ ਨੇ ਗਿਆਨੀ ਗੁਰਬਚਨ ਸਿੰਘ ਨੂੰ ਲਿਿਖਆ ਹੈ ਕਿ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਨਾਲ ਸਾਂਝ ਪਾਕੇ ਤੇ ਫਿਲਮ ਦਾ ਸੌਦਾ ਕਰਕੇ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕੀਤਾ ਹੈ ।ਪਿਉ ਪੁੱਤਰਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ।ਇਨ੍ਹਾਂ ਨੂੰ ਸਿੱਖ ਪੰਥ ‘ਚੋਂ ਖਾਰਜ ਕੀਤਾ ਜਾਏ ਕਿਉਂਕਿ ਇਹ ਸਿਆਸਤਦਾਨ ਨਹੀ ਸੌਦਾਗਰ ਨੇ ਬਹਿਬਲ ਕਲਾਂ ਵਿੱਚ ਹੋਈਆਂ ਮੌਤਾਂ ਲਈ ਜਿੰਮੇਵਾਰ ਨੇ।ਜਿਕਰਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਨਾਮ ਮੰਗ ਪੱਤਰ ਦੇਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਵੀ ਕੀਤੀ।